ਭਾਜਪਾ ਨੂੰ ਅਖਿਲੇਸ਼ ਨੇ ਕਿਹਾ ‘ਭਾਗਤੀ ਜਨਤਾ ਪਾਰਟੀ’

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਲੋਕਾਂ ਨੇ ਭਾਜਪਾ ਦਾ ਨਵਾਂ ਮਤਲਬ ‘ਭਾਗਤੀ ਜਨਤਾ ਪਾਰਟੀ’ ਕੱਢਿਆ ਹੈ। ਅਖਿਲੇਸ਼ ਨੇ ਟਵੀਟ ਕਰਕੇ ਕਿਹਾ,‘‘ਵਿਕਾਸ ਜਾਣਨਾ ਚਾਹੁੰਦਾ ਹੈ ਕਿ ਕੀ ਤੁਸੀਂ ਵੀ ਕੁਝ ਨਵਾਂ ਸੁਣਿਆ ਹੈ? ਸੁਣਿਆ ਹੈ ਕਿ ਲੋਕਾਂ ਨੇ ਭਾਜਪਾ ਦਾ ਨਵਾਂ ਮਤਲਬ ਕੱਢਿਆ ਹੈ ‘ਭਾਗਤੀ ਜਨਤਾ ਪਾਰਟੀ’।’’ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਨਵਾਂ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਪ੍ਰਧਾਨ ਜੀ ਪ੍ਰੈੱਸ ਕਾਨਫਰੰਸ ਤੋਂ ਭੱਜਦੇ ਹਨ, ਉਨ੍ਹਾਂ ਦੇ ਆਗੂ ਪੱਤਰਕਾਰਾਂ ਦੇ ਸਵਾਲਾਂ ਤੋਂ ਭੱਜਦੇ ਹਨ ਅਤੇ ਉਨ੍ਹਾਂ ਦੇ ਵਰਕਰ 15 ਲੱਖ ਰੁਪਏ ਅਤੇ ਰੁਜ਼ਗਾਰ ਮੰਗ ਰਹੀ ਜਨਤਾ ਨੂੰ ਦੇਖ ਕੇ ਭੱਜਦੇ ਹਨ। ਅਖਿਲੇਸ਼ ਨੇ ਇਕ ਹੋਰ ਟਵੀਟ ’ਚ ਨੋਟਬੰਦੀ ਦੌਰਾਨ ਜਨਮੇ ਬੱਚੇ ‘ਖ਼ਜ਼ਾਨਚੀ’ ਦੀ ਤਸਵੀਰ ਟੈਗ ਕਰਦਿਆਂ ਲਿਖਿਆ,‘‘ਪ੍ਰਧਾਨ ਜੀ, ਕੀ ਤੁਸੀਂ ਇਸ ਬੱਚੇ ਨੂੰ ਪਛਾਣਿਆ? ਇਹ ਉਹੋ ਖ਼ਜ਼ਾਨਚੀ ਹੈ, ਜੋ ਨੋਟਬੰਦੀ ਦੀ ਕਤਾਰ ’ਚ ਪੈਦਾ ਹੋਇਆ ਸੀ।’’ ਉਨ੍ਹਾਂ ਕਿਹਾ ਕਿ ਹੁਣ ਇਹ ਬੱਚਾ ਵੀ ਅੜੀ ਕਰ ਰਿਹਾ ਹੈ ਕਿ ਉਹ ਵੀ ਭਾਜਪਾ ਖ਼ਿਲਾਫ਼ ਵੋਟ ਪਾਏਗਾ ਪਰ ਅਸੀਂ ਉਸ ਨੂੰ ਸਮਝਾਇਆ ਹੈ ਕਿ ਉਹ ਬਹੁਤ ਛੋਟਾ ਹੈ ਅਤੇ ਕਿਸੇ ਨਾਲ ਬੁਰਾ ਸਲੂਕ ਕਰਨਾ ਚੰਗੀ ਗੱਲ ਨਹੀਂ ਹੈ।
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਤਰ੍ਹਾਂ ਨਾਲ ਆਜ਼ਾਦ ਅਤੇ ਬੇਪਰਵਾਹ ਘੁੰਮ ਰਹੇ ਹਨ। ਮਾਇਆਵਤੀ ਨੇ ਟਵੀਟ ਕਰਕੇ ਕਿਹਾ ਕਿ ਚੋਣ ਕਮਿਸ਼ਨ ਦੀ ਮਿਹਰਬਾਨੀ ਨਾਲ ਉਨ੍ਹਾਂ ਮਹਿਲਾ ਸਨਮਾਨ ਅਤੇ ਮਰਿਆਦਾ ਦੀਆਂ ਹੱਦਾਂ ਵੀ ਪਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਤਨਜ਼ ਕਸਦਿਆਂ ਕਿਹਾ,‘‘ਅਸਲੀਅਤ ’ਚ ਭਾਜਪਾ-ਆਰਐਸਐਸ ਨੇ ਲਾਜਵਾਬ ਆਗੂ ਪੰਜ ਸਾਲਾਂ ਤਕ ਦੇਸ਼ ’ਤੇ ਥੋਪਿਆ।’’

Real Estate