ਦੁਨੀਆਂ ਦੇ ਅਮੀਰ ਸਿੱਖ ਪਰਿਵਾਰ ਦਾ ਸਧਾਰਨ ਪਰਿਵਾਰਾਂ ਨਾਲ ਮੁਕਾਬਲਾ

1245

ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਿਰੋਜਪੁਰ ਤੋਂ ਸੁਖਬੀਰ ਬਾਦਲ ਤੇ ਸੇਰ ਸਿੰਘ ਘੁਬਾਇਆ ਦਾ ਮੁਕਾਬਲਾ

ਬਠਿੰਡਾ/ ਬਲਵਿੰਦਰ ਸਿੰਘ ਭੁੱਲਰ
ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ ਸਿੰਘ ਬਾਦਲ ਵੱਲੋਂ ਰਹਿੰਦੇ ਦੋ ਹਲਕਿਆਂ ਦੇ ਉਮੀਦਵਾਰ ਐਲਾਨਣ ਨਾਲ ਜਿੱਥੇ ਦਲ ਦੇ ਪ੍ਰਧਾਨ ਫਿਰੋਜਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੇਰ ਸਿੰਘ ਘੁਬਾਇਆ ਖਿਲਾਫ ਚੋਣ ਲੜਣਗੇ, ਉਥੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਸਧਾਰਨ ਘਰ ਦੇ ਜੰਮਪਲ ਇੱਕ ਅਜਿਹੇ ਨੌਜਵਾਨ ਨਾਲ ਹੋਵੇਗਾ, ਜਿਸਨੂੰ ਬਚਪਨ ਵਿੱਚ ਹੀ ਅਨਾਥ ਹੋਣਾ ਪੈ ਗਿਆ ਸੀ। ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਬਾਦਲ ਨੇ ਦੱਸਿਆ ਕਿ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਤੇ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਅਕਾਲੀ ਦਲ ਦੇ ਕਰਮਵਾਰ ਫਿਰੋਜਪੁਰ ਅਤੇ ਬਠਿੰਡਾ ਤੋਂ ਚੋਣ ਲੜਾਉਣ ਦਾ ਫੈਸਲਾ ਲੈ ਲਿਆ ਹੈ। ਇੱਥੇ ਇਹ ਜਿਕਰਯੋਗ ਹੈ ਕਿ ਵੱਖਰੀਆਂ ਪ੍ਰਸਥਿਤੀਆਂ ਦਰਪੇਸ ਹੋਣ ਦੀ ਵਜਾਹ ਕਾਰਨ ਉਸ ਖੇਤਰੀ ਪਾਰਟੀ ਨੂੰ ਆਪਣੇ ਮੁਖੀ ਦੇ ਪਰਿਵਾਰਕ ਮੈਂਬਰਾਂ ਨੂੰ ਕਿਹੜੇ ਕਿਹੜੇ ਹਲਕੇ ਅਲਾਟ ਕੀਤੇ ਜਾਣ, ਇਹ ਫੈਸਲਾ ਲੈਣ ਵਿੱਚ ਕਾਫੀ ਹਿਚਕਚਾਹਟ ਦਾ ਸਾਹਮਣਾ ਕਰਨਾ ਪਿਆ, ਜਿਹੜਾ ਕਿ ਕਈ ਕਈ ਮਹੀਨੇ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੰਦਾ ਸੀ। ਦੂਜੇ ਪਾਸੇ ਆਪਣੀਆਂ ਪਿਛਲੀਆਂ ਰਵਾਇਤਾਂ ਨੂੰ ਉਲੰਘਦਿਆਂ ਕਾਂਗਰਸ ਪਾਰਟੀ ਅਕਾਲੀ ਦਲ ਤੋਂ ਪਹਿਲ ਲੈ ਗਈ। ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ ਜਿੱਥੇ ਸਥਾਨਕ ਕਿਲਾ ਮੁਬਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਨਾਲ ਕੀਤਾ, ਉੱਥੇ ਰਾਜਾ ਵੜਿੰਗ ਹਜ਼ਾਰਾਂ ਦੇ ਵੱਡੇ ਕਾਫ਼ਲੇ ਨਾਲ ਇੱਕ ਰੋਡ ਸੋਅ ਦੇ ਮਾਧਿਅਮ ਰਾਹੀਂ ਉਸ ਮੈਰਿਜ ਪੈਲੇਸ ਵਿਖੇ ਪੁੱਜਾ ਜਿੱਥੇ ਪਹਿਲਾਂ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਤਰ ਹੋਏ ਕਾਂਗਰਸੀ ਵਰਕਰ ਉਸਦੀ ਉਡੀਕ ਕਰ ਰਹੇ ਸਨ। ਵੱਡੀ ਰੈਲੀ ਦਾ ਰੂਪ ਅਖ਼ਤਿਆਰ ਕਰਨ ਵਾਲੀ ਇਸ ਮੀਟਿੰਗ ਦਾ ਪ੍ਰਬੰਧ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੀ ਟੀਮ ਨੇ ਕੀਤਾ ਸੀ।
ਰੈਲੀ ਦਾ ਵਿਲੱਖਣ ਪਹਿਲੂ ਇਹ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਅਣਗੌਲੇ ਮਹਿਸੂਸ ਕਰਨ ਵਾਲੇ ਕਾਂਗਰਸ ਪਾਰਟੀ ਦੇ ਉਹ ਸੈਂਕੜੇ ਕਾਰਕੁੰਨ ਪੂਰੇ ਜੋਸ਼ੋ ਖਰੋਸ ਨਾਲ ਪੁੱਜੇ, ਉੱਥੇ ਸੀਨੀਅਰ ਟਕਸਾਲੀ ਆਗੂਆਂ ਨੂੰ ਨਾ ਸਿਰਫ ਸਤਿਕਾਰ ਨਾਲ ਮੰਚ ਤੇ ਬਿਠਾਇਆ ਗਿਆ, ਬਲਕਿ ਉਹਨਾਂ ਨੂੰ ਬੋਲਣ ਦਾ ਵੀ ਸਮਾਂ ਦਿੱਤਾ। ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਭਾਸਣ ਕਰਦਿਆਂ ਰਾਜਾ ਵੜਿੰਗ ਨੇ ਇਸ ਚੋਣ ਦੰਗਲ ਨੂੰ ਪੰਜਾਬ ਦੇ ਇਤਿਹਾਸ ਦਾ ਇੱਕ ਦਿਲਚਸਪ ਮੁਕਾਬਲਾ ਕਰਾਰ ਦਿੱਤਾ,ਜਿਸ ਵਿੱਚ ਇੱਕ ਉਮੀਦਵਾਰ ਭਾਵ ਬੀਬੀ ਹਰਸਿਮਰਤ ਕੌਰ ਬਾਦਲ ਉਸ ਪਰਿਵਾਰ ਦੀ ਮੈਂਬਰ ਹੈ, ਜੋ ਦੁਨੀਆਂ ਦੇ ਸਭ ਤੋਂ ਅਮੀਰ ਸਿੱਖਾਂ ਚੋਂ ਇੱਕ ਹੈ ਤੇ ਦੂਜੇ ਪਾਸੇ ਉਸਨੇ ਖ਼ੁਦ ਨੂੰ ਇੱਕ ਅਜਿਹੇ ਸਧਾਰਣ ਪਰਿਵਾਰ ਦਾ ਅਨਾਥ ਬੱਚਾ ਦਰਸਾਇਆ, ਜਿਸ ਵਿੱਚ ਮਾਂ ਦੀ ਮੌਤ ਉਦੋਂ ਹੋ ਗਈ ਜਦ ਉਹ ਛੇ ਵਰ੍ਹਿਆਂ ਦਾ ਸੀ ਤੇ ਪਿਤਾ ਦਾ ਛਾਇਆ ਨੌਂ ਵਰ੍ਹਿਆਂ ਦੀ ਉਮਰ ਵਿੱਚ ਹਟ ਗਿਆ ਸੀ। ਅਮੀਰ ਤੇ ਗਰੀਬ ਦੀ ਟੱਕਰ ਤੋਂ ਇਲਾਵਾ ਰਾਜਾ ਵੜਿੰਗ ਨੇ ਪੰਥਕ ਪੱਤਾ ਇਸਤੇਮਾਲ ਕਰਦਿਆਂ ਕਿਹਾ ਕਿ ਬਾਕੀ ਪੰਜਾਬੀਆਂ ਵਾਂਗ ਉਸ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਅਹਿਮੀਅਤ ਪਿਤਾ ਦੇ ਸਤਿਕਾਰ ਨਾਲੋਂ ਵੀ ਵੱਧ ਹੈ, ਜਦ ਕਿ ਦੂਜਾ ਉਮੀਦਵਾਰ ਅਜਿਹੇ ਪਰਿਵਾਰ ਨਾਲ ਸਬੰਧਤ ਹੈ, ਜਿਸ ਉੱਪਰ ਵੋਟਾਂ ਦੀ ਖਾਤਰ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਇਲਜਾਮ ਲੱਗ ਰਹੇ ਹਨ। ਰਾਜਾ ਵੜਿੰਗ ਦੇ ਜਜਬਾਤੀ ਭਾਸ਼ਣ ਨੇ ਕਾਂਗਰਸੀ ਵਰਕਰਾਂ ਵਿੱਚ ਅਜਿਹੀ ਰੂਹ ਫੂਕ ਦਿੱਤੀ, ਕਿ ਉਹ ਲੰਬਾ ਸਮਾਂ ਜੋਰਦਾਰ ਨਾਅਰੇਬਾਜੀ ਕਰਦੇ ਰਹੇ।
ਰੈਲੀ ਨੂੰ ਸੰਬੋਧਨ ਹੁੰਦਿਆਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਰੋਧੀ ਉਮੀਦਵਾਰ ਦੀ ਹਾਰ ਦੀ ਪੇਸੀਨਗੋਈ ਕਰਦਿਆਂ ਕਿਹਾ ਕਿ ਅੱਜ ਉਹਨਾਂ ਨੂੰ ਪਟਵਾਰੀ ਤੋਂ ਲੈ ਕੇ ਚੀਫ਼ ਸਕੱਤਰ ਅਤੇ ਹੋਮਗਾਰਡ ਦੇ ਜਵਾਨ ਤੋਂ ਲੈ ਕੇ ਰਾਜ ਦੇ ਡੀ ਜੀ ਪੀ ਤੱਕ ਦੀ ਉਹ ਮੱਦਦ ਹਾਸਲ ਨਹੀਂ, ਜਿਸਦੇ ਜ਼ਰੀਏ ਉਹਨਾਂ ਨੇ 2009 ਅਤੇ 2014 ਦੇ ਲੋਕ ਸਭਾ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਜੀਤਮੱਲ, ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ, ਸੀਨੀਅਰ ਆਗੂ ਕੇ ਕੇ ਅਗਰਵਾਲ, ਐਡਵੋਕੇਟ ਰਾਜਨ ਗਰਗ, ਅਸੋਕ ਕੁਮਾਰ ਅਤੇ ਜੈਜੀਤ ਸਿੰਘ ਜੌਹਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਵ ਸ੍ਰੀ ਇੰਦਰ ਸਿੰਘ ਸਾਹਨੀ, ਦਰਸਨ ਸਿੰਘ ਜੀਦਾ ਤੇ ਸੱਤਪਾਲ ਭਟੇਜਾ ਆਦਿ ਵੀ ਮੌਜੂਦ ਸਨ।

ਮੋਬਾ: 09888275913

Real Estate