ਸ੍ਰੀਲੰਕਾ ਧਮਾਕਿਆਂ ਵਿੱਚ ਮੌਤਾਂ ਦੀ ਗਿਣਤੀ 215 ਹੋਈ

1739

ਸ੍ਰੀਲੰਕਾ ’ਚ ਕੱਲ੍ਹ ਹੋਏ ਇੱਕ ਤੋਂ ਬਾਅਦ ਇੱਕ ਅੱਠ ਬੰਬ ਧਮਾਕਿਆਂ ਨੇ ਮਰਨ ਵਾਲਿਆਂ ਦੀ ਗਿਣਤੀ 200 ਤੋਂ ਟੱਪ ਗਈ ਹੈ । ਸ੍ਰੀ ਲੰਕਾ ਪੁਲਿਸ ਦੇ ਬੁਲਾਰੇ ਰੁਵਾਨ ਗੁਣਾਸੇਕਰਾ ਨੇ ਦੱਸਿਆ ਹੈ ਕਿ ਮੌਤਾਂ ਦੀ ਗਿਣਤੀ 215 ਹੈ ਤੇ 500 ਤੋਂ ਵੱਧ ਜਖ਼ਮੀ ਹਨ । ਦਰਅਸਲ, ਕੱਲ੍ਹ ਮਸੀਹੀ ਭਾਈਚਾਰੇ ਦਾ ਈਸਟਰ ਦਾ ਤਿਉਹਾਰ ਸੀ ਤੇ ਸਾਰੇ ਚਰਚ ਭਰੇ ਹੋਏ ਸਨ। ਇੰਝ ਇਹ ਪੂਰੀ ਸੋਚੀ–ਸਮਝੀ ਸਾਜ਼ਿਸ਼ ਅਧੀਨ ਕੀਤਾ ਗਿਆ ਹਮਲਾ ਹੈ। ਪੁਲਿਸ ਨੇ ਸੱਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਸਥਿਤ ਵੱਡੇ ਹੋਟਲਾਂ ਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਹਾਲੇ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਕੀ ਇਨ੍ਹਾਂ ਬੰਬ ਧਮਾਕਿਆਂ ਪਿੱਛੇ ਆਤਮਘਾਤਾਂ ਬੰਬਾਰਾਂ ਦਾ ਹੱਥ ਸੀ ਜਾਂ ਇਹ ਬੰਬ ਕੋਈ ਰੱਖ ਕੇ ਚਲਾ ਗਿਆ ਸੀ। ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰੀ ਸੁਰੱਖਿਆ ਕੌਂਸਲ ਦੀ ਇੱਕ ਹੰਗਾਮੀ ਮੀਟਿੰਗ ਆਪਣੇ ਘਰ ਸੱਦੀ, ਉਨ੍ਹਾਂ ਆਮ ਜਨਤਾ ਨੂੰ ਦੁੱਖ ਦੀ ਇਸ ਘੜੀ ਵਿੱਚ ਇੱਕਜੁਟ ਤੇ ਮਜ਼ਬੂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੇਲੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ।
ਹਵਾਈ ਅੱਡੇ ਤੋਂ ਜਾਣ ਤੇ ਇੱਥੇ ਆਉਣ ਵਾਲੀਆਂ ਉਡਾਣਾਂ ਵੀ ਅਗਲੇ ਹੁਕਮਾਂ ਤੱਕ ਰੱਦ ਹਨ।

Real Estate