ਲਾਇਲਪੁਰ ’ਚ ਜਨਮਿਆਂ ਜਲੰਧਰ ਦੇ ਇੱਕ ਖੂਹ ਵਿੱਚ ਡਿੱਗ ਜਹਾਨ ਤੋਂ ਰੁਖ਼ਸਤ ਹੋ ਗਿਆ ਮਹਾਨ ਕਵੀ ਨੰਦ ਲਾਲ ਨੂਰਪੁਰੀ

2012

ਬਲਵਿੰਦਰ ਸਿੰਘ ਭੁੱਲਰ

ਜੋ ਇਨਸਾਨ ਆਪਣੇ ਜੀਵਨ ਵਿੱਚ ਵਾਪਰੇ ਦੇਸ਼ ਘਰ ਬਾਰ ਛੱਡਣ ਦੇ ਦੁਖਾਂਤ, ਜੇਲ੍ਹ ਕੱਟਣ ਤੇ ਮੰਦਹਾਲੀ ਦੇ ਦਿਹਾੜੇ ਕੱਟ ਕੇ ਆਪਣੀਆਂ ਪਰਿਵਾਰ ਜੁਮੇਵਾਰੀਆਂ ਨਿਭਾਉਂਦਿਆ ਕਦੇ ਨਾ ਡੋਲਿਆ ਹੋਵੇ ਤੇ ਸਾਰਾ ਜੀਵਨ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੱਭਿਆਚਾਰ ਦੇ ਲੇਖੇ ਲਾ ਦੇਵੇ, ਪਰ ਦੁਨੀਆਂ ਤੋਂ ਰੁਖ਼ਸਤ ਹੋਣ ਦੇ ਸਮੇਂ ਤੇ ਖੁਦਕਸ਼ੀ ਕਰਨ ਲਈ ਮਜਬੂਰ ਹੋ ਜਾਵੇ। ਉਸਦੇ ਅੰਦਰਲਾ ਦੁੱਖ ਤਾਂ ਕੇਵਲ ਉਹ ਹੀ ਜਾਣਦਾ ਹੁੰਦਾ ਹੈ, ਪਰ ਅਜਿਹੇ ਵਿਅਕਤੀ ਦੀ ਮੌਤ ਦਾ ਗਹਿਰਾ ਸਦਮਾ ਵੀ ਜਾਗਰੂਕ ਇਨਸਾਨ ਹੀ ਮਹਿਸੂਸ ਕਰਦਾ ਹੈ। ਅਜਿਹਾ ਮਹਾਨ ਕਵੀ ਲੇਖਕ ਸਾਹਿਤਕਾਰ ਸੀ ਨੰਦ ਲਾਲ ਨੂਰਪੁਰੀ ਜਿਸਨੇ ਲਾਇਲਪੁਰ ਹੁਣ ਪਾਕਿਸਤਾਨ ਵਿੱਚ ਜਨਮ ਲੈ ਕੇ ਦੁੱਖਾਂ ਭਰਿਆ ਜੀਵਨ ਬਤੀਤ ਕਰਦਿਆਂ ਜਲੰਧਰ ਦੀ ਧਰਤੀ ਤੋਂ ਆਪਣੇ ਸਾਹਿਤਕ ਪ੍ਰੇਮੀਆਂ ਤੋਂ ਸਦਾ ਲਈ ਅਲਵਿਦਾ ਲਈ। ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ, ਗੀਤ ਦੇ ਰਚੇਤੇ ਮਹਾਨ ਕਵੀ ਨੰਦ ਲਾਲ ਨੂਰਪੁਰੀ ਦਾ ਜਨਮ 13 ਜੁਲਾਈ 1906 ਈਸਵੀ ਵਿੱਚ ਸ੍ਰੀ ਬਿਸਨ ਸਿੰਘ ਦੇ ਘਰ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ। ਮੁਢਲੀ ਪੜ੍ਹਾਈ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਵਿੱਚ ਕਰਨ ਉਪਰੰਤ ਐ¤ਫ ਏ ਪਾਸ ਕਰਕੇ ਕੁਝ ਸਮਾਂ ਬਤੌਰ ਅਧਿਆਪਕ ਸਰਵਿਸ ਕੀਤੀ ਅਤੇ ਫਿਰ ਅਧਿਆਪਨ ਦਾ ਕਿੱਤਾ ਛ¤ਡ ਕੇ ਉਹ ਪੁਲਿਸ ਵਿੱਚ ਭਰਤੀ ਹੋ ਕੇ ਬੀਕਾਨੇਰ (ਰਾਜਸਥਾਨ) ਵਿਖੇ ਬਤੌਰ ਸਬ ਇੰਸਪੈਕਟਰ ਤਾਇਨਾਤ ਹੋ ਗਿਆ।
ਆਪਣੀ ਡਿਊਟੀ ਦੌਰਾਨ ਉਹ ਇੱਕ ਇਤਲਾਹ ਦੇ ਅਧਾਰ ਤੇ ਨਜਾਇਜ ਸ਼ਰਾਬ ਕੱਢਣ ਵਾਲੇ ਕਿਸੇ ਵਿਅਕਤੀ ਨੂੰ ਗਿਰਫਤਾਰ ਕਰਨ ਲਈ ਗਿਆ, ਪਰ ਉੱਥੇ ਅਚਾਨਕ ਬਣੇ ਮਾੜੇ ਹਾਲਾਤਾਂ ਸਦਕਾ ਉਸਤੋਂ ਇਹ ਗੈਰਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀ ਦਾ ਕਤਲ ਹੋ ਗਿਆ। ਨੂਰਪੁਰੀ ਮੁਲਾਜਮੀਂ ਕਰਦਾ ਹੋਇਆ ਜੇਲ੍ਹ ਵਿੱਚ ਪਹੰਚ ਗਿਆ, ਮੁਕੱਦਮੇ ਵਿੱਚੋ ਉਹ ਕੁਝ ਸਮੇਂ ਬਾਅਦ ਬਰੀ ਤਾਂ ਹੋ ਗਿਆ, ਪਰ ਪੁਲਿਸ ਦੀ ਨੌਕਰੀ ਤੋਂ ਉਸਦਾ ਮਨ ਖੱਟਾ ਪੈ ਗਿਆ ਅਤੇ ਉਸਨੇ ਮੁੜ ਇਹ ਨੌਕਰੀ ਕਰਨ ਤੋਂ ਜਵਾਬ ਦੇ ਦਿੱਤਾ। ਕਰੀਬ 24 ਸਾਲ ਦੀ ਉਮਰ ਵਿੱਚ ਸੰਨ 1930 ਵਿੱਚ ਨੂਰਪੁਰੀ ਨੇ ਕਵੀਆਂ ਦੀ ਦੁਨੀਆਂ ਵਿੱਚ ਸ਼ਾਮਲ ਹੁੰਦਿਆਂ ਆਪਣੀ ਪਲੇਠੀ ਕਵਿਤਾ ਵਤਨ ਦਾ ਸ਼ਹੀਦ ‘‘ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਨਾ ਭੁਲਾ ਦੇਣੀ, ਮੇਰੇ ਖੂਨ ਦੀ ਇੱਕ ਪਿਆਲੀ ਕਿਸੇ ਪਿਆਸੇ ਨੂੰ ਪਿਲਾ ਦੇਣੀ’’ ਲਿਖੀ। ਇਸਤੋਂ ਬਾਅਦ ਉਸਦਾ ਰੁਝਾਨ ਕਵਿਤਾਵਾਂ ਗੀਤਾਂ ਦੀ ਰਚਨਾ ਕਰਨ ਵੱਲ ਹੋ ਗਿਆ, ਉਸਨੇ ਅਨੇਕਾਂ ਭਾਵਪੂਰਨ ਤੇ ਦਿਲਾਂ ਨੂੰ ਟੁੰਬਨ ਵਾਲੀਆਂ ਰਚਨਾਵਾਂ ਰਚੀਆਂ। ਉਸਦੀ ਕਵਿਤਾ ਵੰਗਾਂ ਵੀ ਸ਼ਾਇਦ ਉਸਦੇ ਜਨਮ ਭੂਮੀ ਦੇ ਵਿਛੋੜੇ ਜੋ ਉਭਰਦੀ ਹੂਕ ਪ੍ਰਗਟ ਕਰਦੀ ਹੈ, ਜਿਸਦੇ ਬੋਲ ਹਨ, ‘‘ਵੰਗਾਂ ਵਿੱਚ ਦੂਰ ਦਿਆਂ ਵਾਸੀਆਂ ਦੀ ਯਾਦ ਆਈ, ਵੰਗਾਂ ਵਿੱਚ ਸਜਨਾਂ ਦੀ ਗੁੱਝੀ ਫਰਿਆਦ ਆਈ।’’ ਦੇਸ਼ ਭਗਤੀ ਵੀ ਉਸਦੇ ਜ਼ਿਹਨ ਵਿੱਚ ਭਰੀ ਹੋਣ ਦੀ ਸ਼ਾਹਦੀ ਭਰਦੀ ਹੈ ਉਸਦੀ ਕਵਿਤਾ, ‘‘ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ।’’ ਉਸ ਦੀ ਦੂਰ ਅੰਦੇਸ਼ੀ ਨੂੰ ਵੀ ਦਾਦ ਦੇਣੀ ਬਣਦੀ ਹੈ, ਜਿਸਦਾ ਭਾਰਤ ਦੇ ਆਉਣ ਵਾਲੇ ਹਾਲਾਤਾਂ ਬਾਰੇ ਕਈ ਦਹਾਕੇ ਪਹਿਲਾਂ ਲਿਖਿਆ ਗੀਤ ਅੱਜ ਪੂਰੀ ਤਰ੍ਹਾਂ ਢੁਕਦਾ ਹੈ, ਜਿਸਦੇ ਬੋਲ ਹਨ:
‘‘ਏਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ
ਏਥੇ ਘਰ ਘਰ ਫਾਹੀਆਂ ਗੱਡੀਆਂ ਵੇ ਤੂੰ ਛੁਰੀਆਂ ਹੇਠ ਨਾ ਆ
ਏਥੇ ਡਾਕੇ ਪੈਂਦੇ ਦੁਪਹਿਰ ਨੂੰ ਤੇਰੇ ਆਲ੍ਹਣੇ ਦੇਣਗੇ ਢਾ
ਏਥੇ ਜ਼ਹਿਰ ਭਰੇ ਵਿੱਚ ਦਾਣਿਆਂ ਤੇਰੀ ਦਿੱਤੀ ਚੋਗ ਖਿੰਡਾ
ਏਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜੁਲਫ਼ਾਂ ਪਾ
ਏਥੇ ਗਾਨੇ ਬੰਨ੍ਹ ਪਛਤਾਈਆਂ ਕੋਈ ਮਨੋਂ ਨਾ ਲੱਥੇ ਚਾ’’
ਇੱਕ ਵਾਰ ਉਸਨੂੰ ਫਿਲਮ ਬਣਾਉਣ ਦਾ ਸ਼ੌਕ ੳੱਠਿਆ ਤਾਂ ਉਸਨੇ ਫਿਲਮ ‘ਮੰਗਤੀ’ ਦੀ ਕਹਾਣੀ ਲਿਖੀ ਅਤੇ ਫਿਰ ਸੋਰੀ ਫਿਲਮਜ ਦੀ ਮੱਦਦ ਨਾਲ ਇਹ ਫਿਲਮ ਬਣਾਈ, ਜਿਸਦੇ ਗੀਤ ਵੀ ਸਾਲ 1940 ਵਿੱਚ ਉਸਨੇ ਖੁਦ ਲਿਖੇ। ਇਸੇ ਫਿਲਮ ਦਾ ਗੀਤ ਸੀ ‘ਉੱਡ ਦਾ ਭੋਲਿਆ ਪੰਛੀਆ’। ਭਰਾਵਾਂ ਨੂੰ ਵੱਖ ਵੱਖ ਕਰਨ ਵਾਲੇ ਤੇ ਪੰਜਾਬ ਦੀ ਧਰਤੀ ਤੇ ਸੱਭਿਆਚਾਰ ਨੂੰ ਵੰਡਣ ਵਾਲਾ ਅਭਾਗਾ ਦਿਨ ਆਇਆ ਤਾਂ ਉਸ ਨੂੰ ਮਜਬੂਰੀ ਵੱਸ ਪਾਕਿਸਤਾਨ ਛੱਡਣਾ ਪਿਆ ਅਤੇ ਉਹ ਪਟਿਆਲੇ ਆ ਗਿਆ, ਇੱਥੇ ਵੀ ਉਹ ਬਹੁਤਾ ਸਮਾਂ ਟਿਕ ਨਾ ਸਕਿਆ ਅਤੇ ਕਈ ਹੋਰ ਸ਼ਹਿਰਾਂ ਦੇ ਚੱਕਰ ਲਾ ਕੇ ਅਖ਼ੀਰ ਜਲੰਧਰ ਜਾ ਵਸਿਆ। ਹੁਣ ਉਹ ਭਾਵੇਂ ਭਾਰਤ ਵਿੱਚ ਰਹਿ ਰਿਹਾ ਸੀ, ਪਰ ਜਨਮ ਸਥਾਨ ਦੀ ਮਿੱਟੀ ਦਾ ਮੋਹ ਉਸਨੇ ਕਦੇ ਵੀ ਨਾ ਤਿਆਗਿਆ ਅਤੇ ਉਸਦੀ ਯਾਦ ਨੂੰ ਸਦੀਵੀ ਬਣਾਉਣ ਲਈ ਆਪਣੇ ਨਾਂ ਨਾਲ ਆਪਣਾ ਤਖੱਲਸ ਹੀ ਨੂਰਪੁਰੀ ਬਣਾ ਲਿਆ ਸੀ। ਨੂਰਪੁਰੀ ਦੇ ਬਹੁਤ ਪ੍ਰਸਿੱਧ ਹੋਏ ਧਾਰਮਿਕ ਗੀਤ ‘ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ’, ਮਨੋਰੰਜਕ ਗੀਤ ‘ਗੋਰੀ ਦੀਆਂ ਝਾਂਜਰਾਂ ਬੁਲਾਉਦੀਆਂ ਗਈਆਂ’, ਚੰਨ ਵੇ ਕਿ ਸ਼ੌਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲਦੀ ਆਉਂਦੀ ਕਿ ਸ਼ੌਕਣ ਮੇਲੇ ਦੀ’, ਪਿਆਰ ਦੀ ਝਲਕ ‘ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਨਾਂ ਲਿਆਂਦਾ ਨੀ ਮੈਂ ਚੁੰਮ ਚੁੰਮ ਰਖਦੀ ਫਿਰਾਂ’ ਪਰਿਵਾਰਕ ਰਿਸਤੇ ਦੀ ਖੁਸ਼ੀ ‘ਨੱਚ ਲੈਣ ਦੇ ਨੀ ਮੈਨੂੰ ਦਿਉਰ ਦੇ ਵਿਆਹ ਵਿੱਚ’ ਜਨਮ ਭੂਮੀ ਦੇ ਸਤਿਕਾਰ ਵਜੋਂ ਕਸੂਰ ਦੀ ਜੁੱਤੀ ਦੀ ਗੱਲ ਕਰਦਿਆਂ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’, ਪੰਜਾਬ ਦਾ ਵਿਕਾਸ ਹੋਇਆ ਤਾਂ ਬਿਜਲੀ ਦੀ ਆਮਦ ਤੇ ‘ਭਾਖੜੇ ਤੋ ਆਉਂਦੀ ਇੱਕ ਮੁਟਿਆਰ ਨੱਚਦੀ’ ਆਦਿ ਅਨੇਕਾ ਗੀਤ ਹਨ ਜੋ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਹਨ। ਨੂਰਪਰੀ ਨੇ ਪੁਸਤਕਾਂ ਸੁਗਾਤ, ਵੰਗਾਂ, ਨੂਰਪਰੀ ਦੇ ਗੀਤ, ਨੁਰੀ ਪਰੀਆਂ, ਚੰਗਿਆੜੇ ਆਦਿ ਸਾਹਿਤ ਦੀ ਝੋਲੀ ਪਾਈਆਂ। ਪੁਸਤਕ ਸੁਗਾਤ ਨੂੰ ਭਾਸ਼ਾ ਵਿਭਾਗ ਵੱਲੋ ਇਨਾਮ ਵੀ ਮਿਲਿਆ। ਨੂਰਪੁਰੀ ਇੱਕ ਫੱਕਰ ਸੁਭਾਅ ਦਾ ਮਾਲਕ ਤੇ ਇਮਾਨਦਾਰ ਇਨਸਾਨ ਸੀ, ਇਸੇ ਕਰਕੇ ਉਸਦਾ ਜੀਵਨ ਤੰਗੀਆਂ ਤਰੁਸ਼ੀਆਂ ਵਿੱਚ ਹੀ ਗੁਜਰਿਆ। ਜੀਵਨ ਦੇ ਆਖ਼ਰੀ ਸਮੇਂ ਉਸਨੂੰ ਭਾਸ਼ਾ ਵਿਭਾਗ ਵੱਲੋ 75 ਰੁਪਏ ਪ੍ਰਤੀ ਮਹੀਨਾ ਮਿਲਦੇ ਸਨ। ਵੱਡੀ ਉਮਰ ਕਾਰਨ ਨੂਰਪਰੀ ਖੁਦ ਬੀਮਾਰ ਰਹਿਣ ਲੱਗ ਪਿਆ, ਉਸਨੂੰ ਆਪਣੀ ਬੀਮਾਰੀ ਦਾ ਖ਼ਰਚਾ ਅਤੇ ਪਤਨੀ ਤੇ ਸੱਤ ਬੱਚਿਆਂ ਵਾਲੇ ਪਰਿਵਾਰ ਦਾ ਗੁਜਾਰਾ ਚਲਾਉਣਾ ਬਹੁਤ ਮੁਸਕਿਲ ਜਾਪਣ ਲੱਗਾ। ਵੱਡੇ ਪੁੱਤਰ ਸਤਨਾਮ ਨੂੰ ਛੋਟੀ ਜਿਹੀ ਨੌਕਰੀ ਮਿਲਣ ਤੇ ਉਸਨੂੰ ਕੁਝ ਰਾਹਤ ਮਹਿਸੂਸ ਹੋਈ। ਪਰ ਇਹ ਸੱਚਾਈ ਵੀ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਏਡੇ ਵੱਡੇ ਸਾਹਿਤਕਾਰ ਤੇ ਮਹਾਨ ਕਵੀ ਵੱਲੋਂ ਆਪਣਾ ਘਰ ਬਣਾਉਣਾ ਤਾਂ ਦੂਰ ਜੀਵਨ ਭਰ ਵਿੱਚ ਉਹ ਸਾਈਕਲ ਵੀ ਨਾ ਖਰੀਦ ਸਕਿਆ।
14 ਮਈ 1966 ਦੀ ਮਨਹੂਸ ਰਾਤ ਹੀ ਸਮਝੀ ਜਾ ਸਕਦੀ ਹੈ, ਕਿ ਜਲੰਧਰ ਵਿਚਲੀ ਉਸਦੀ ਰਿਹਾਇਸ ਦੇ ਨਜਦੀਕ ਇੱਕ ਖੂਹ ਵਿੱਚ ਕੁਝ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ, ਤਾਂ ਆਸ ਪਾਸ ਦੇ ਲੋਕ ਇਕੱਤਰ ਹੋ ਗਏ ਅਤੇ ਉਹਨਾਂ ਲਾਈਟ ਲਿਆ ਕੇ ਜਦ ਦੇਖਿਆ ਤਾਂ ਖੂਹ ਵਿੱਚ ਇੱਕ ਲਾਸ਼ ਤੈਰ ਰਹੀ ਸੀ। ਰੌਲਾ ਸੁਣ ਕੇ ਨੂਰਪੁਰੀ ਦਾ ਜਵਾਈ ਵੀ ਉੱਥੇ ਪੁੱਜ ਗਿਆ, ਜਿਸਨੇ ਇਸ ਮਹਾਨ ਕਵੀ ਦੀਆਂ ਚੱਪਲਾਂ ਤੇ ਸੋਟੀ ਪਛਾਣ ਲਈ, ਪਰ ਇਸ ਸਮੇਂ ਤੱਕ ਨੂਰਪੁਰੀ ਇਸ ਦੁਨੀਆਂ ਅਤੇ ਆਪਣੇ ਪਾਠਕਾਂ ਤੇ ਸਰੋਤਿਆਂ ਨੂੰ ਅਲਵਿਦਾ ਕਹਿ ਚੁੱਕਾ ਸੀ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ
ਦਾਸ ਨਗਰ,
ਬਠਿੰਡਾ
ਮੋਬਾ: 098882-75913

Real Estate