ਬਾਹਰਲੇ ਮੁੱਲਕ ਚ ਮੇਰੀ ਪਹਿਲੀ ਜੋਬ

1378

ਜਗਰੂਪ ਬਾਠ

1993 ਦੀ ਸਰਪੰਚੀ ਦੀ ਇਲੈਕਸ਼ਨ ਹਾਰਨ ਤੇ ਬਾਪੂ ਦਾ ਸਖ਼ਤ ਮਿਹਨਤ ਨਾਲ ਕਮਾਇਆ ਤਿੰਨ ਚਾਰ ਲੱਖ ਰੁਪਈਆ ਗੁਆਉਣ ਤੋ ਬਾਅਦ ਮੈ ਸੋਚਿਆਂ ਕੇ ਮਨਾਂ ਇਹ ਮੁੱਲਕ ਚੋ ਨਿਕਲ ਜਾ ਛੇਤੀ,ਏਸੇ ਵਿੱਚ ਤੇਰਾ ਭਲਾ ਹੈ-ਮੈ ਸੋਚ ਲਿਆ ਸੀ ਕੇ ਸਿਆਸਤ ਇੱਕ ਚਿੱਕੜ ਹੈ,ਜਿਹੜਾ ਇਸ ਵਿੱਚ ਇੱਕ ਵਾਰ ਵੜ ਗਿਆ,ਫੇਰ ਛੇਤੀ ਕੀਤੇ ਬਾਹਰ ਨਹੀ ਨਿਕਲ ਸਕਦਾ
ਜਦੋ ਮੈ ਟਰੰਟੋ ਦੇ ਹਵਾਈ ਅੱਡੇ ਤੇ ਉਤਰਿਆ ਤਾਂ ਮੇਰਾ ਢਿੱਡ ਚੰਗੇ ਵੱਡੇ ਮਤੀਰੇ ਜਿੱਡਾ ਸੀ-ਕੁਝ ਦਿਨ ਰਿਸ਼ਤੇਦਾਰਾਂ ਦੇ ਘਰੇ ਰਹਿਣ ਤੋ ਬਾਅਦ ਮੈਨੂੰ ਦਰਸ਼ਨ ਚੰਡੀਗੜ੍ਹ ਵਾਲੇ ਕੋਲ ਮਾਲਟਨ ਚ ਮੋਰਨਿੰਗ ਸਟਾਰ ਰੋਡ ਦੀ ਬੈਸਮਿੰਟ ਵਿੱਚ ਛੱਡ ਦਿੱਤਾ-ਸੜੀਆਂ ਜਿਹੀਆ ਜੁੱਲੀਆਂ ਚ ਮੈ ਸਾਰੀ ਰਾਤ ਇਕੱਲਾ ਰੋਈ ਗਿਆ-ਜਦੋ ਸੁਭਾ ਉੱਠਿਆ ਤੇ ਘਰੇ ਕੋਈ ਵੀ ਨਾ,ਸਾਰੇ ਮੁੰਡੇ ਕੰਮਾਂ ਤੇ ਗਏ ਸੀ-ਮਾੜੀ ਮੋਟੀ ਰੋਟੀ ਆਪ ਹੀ ਪਕਾ ਕੇ ਖਾਦੀ-ਰੋਟੀ ਨੀ ਕਹਿ ਸਕਦੇ ਉਸਨੂੰ ‘ਮੰਨ’ ਕਹਿ ਸਕਦੇ
ਸਭ ਤੋ ਵੱਡਾ ਕੰਮ ਸੀ ਕੰਮ ਲੱਭਣਾ-ਕਈ ਸਿਫ਼ਾਰਸ਼ਾਂ ਤੋ ਬਾਅਦ ਪੰਮਾਂ ‘ਚੁੱਪਕੀਤੀ’ ਦਾ ਲੱਭਾ,
ਜੋ ਘਰਾਂ ਚ ਫਲਾਇਰ (flyer delivers) ਪਾਉਣ ਦਾ ਕੰਮ ਕਰਦਾ-ਜਿਸਦੇ ਕਈ ਬੰਦੇ ਕੰਮ ਤੇ ਰੱਖੇ ਸੀ-ਚਲੋ ਉਸਨਾਲ ਮੈ ਕੰਮ ਸ਼ੁਰੂ ਕਰ ਦਿੱਤਾ-ਸੁਭਾ ਹੀ ਉਸਨੇ ਸਾਡੇ ਮੋਢਿਆ ਤੇ ਵੀਹ ਕਿੱਲੋ ਦਾ ਝੋਲਾ ਭਰ ਦੇਣਾ ਤੇ ਕਹਿਣਾ ਇਕੱਲੇ ਇਕੱਲੇ ਘਰ ਚ ਪਾਉਣੇ-ਇੱਕ ਝੋਲੇ ਨਾਲ ਪੰਜਾਹ ਘਰ ਨਿਕਲ ਜਾਣੇ-ਉਸਨੂੰ ਪਤਾ ਹੁੰਦਾ ਸੀ ਕੇ ਇਸ ਬੰਦੇ ਕੋਲ ਏਥੇ ਕੇ ਆਕੇ ਪੇਪਰ ਮੁੱਕ ਜਾਣੇ,ਪਤੰਦਰ ਉਸਤੋ ਪਹਿਲਾ ਹੀ ਆਕੇ ਫੇਰ ਸਾਡਾ ਝੋਲਾ ਭਰ ਜਾਦਾ-ਸ਼ਾਮ ਤੱਕ ਲੱਤਾਂ ਜੁਆਬ ਦੇ ਜਾਣੀਆਂ -ਮੇਰਾ ਵੱਡਾ ਸਾਰਾ ਢਿੱਡ,ਜੀਬ ਬਾਹਰ ਨਿਕਲੀ, ਸਾਹੋ ਸਾਹ ਹੋਇਆ ਨੂੰ ਮਸਾਂ ਦਿਨ ਛਿਪਣਾ
ਮੇਰੀ ਦੱਸ ਕੁ ਦਿਨਾਂ ਬਾਅਦ ਸ਼ਕਾਇਤ ਆਗੀ ਯਾਰ ਜਿਹੜਾ ਬੰਦਾ ਤੁਸੀ ਸਾਡੇ ਲਵਾਇਆ ਸੀ ਦੋਲਤਪੁਰੀਆ ,ਉਹ ਤਾ ਯਾਰ ਤੁਰਦਾ ਹੀ ਬੜਾ ਘੱਟ-ਸ਼ਾਮ ਨੂੰ ਸਾਰੇ ਮੈਨੂੰ ਸਮਝਾਉਣ ਲੱਗਗੇ ਭਰਾਵਾ ਏਥੇ ਜੋਬ ਮਸਾਂ ਮਿਲਦੀ,ਥੋਹੜਾ ਤੇਜ਼ ਤੁਰਿਆ ਕਰ-ਮੈ ਅਗਲੇ ਇੱਕ ਦੋ ਦਿਨ ਬੜਾ ਤੇਜ਼ ਤੁਰਿਆ-ਪਰ ਉਹ (ਪੰਮਾਂ)ਕਹਿੰਦਾ ਨਹੀ ਇਹ ਬਾਈ ਤਾ ਬਹੁਤ ਘੱਟ ਤੁਰਦਾ-ਮੈਨੂੰ ਤਾਂ ਘਾਟਾ ਪਈ ਜਾਦਾ -ਮੈ ਉਸਨੂੰ ਬਥੇਰਾ ਕਿਹਾ ਯਾਰ ਆਪਾ ਇਕੱਠੇ ਡੀ ਐਮ ਕਾਲਜ ਪੜਦੇ ਰਹੇ,ਸਾਡੇ ਪਿੰਡ ਤੇਰੀ ਰਿਸ਼ਤੇਦਾਰੀ ਸੀ-ਆਪਾ ਇਕੱਠੇ ਰੋੜਵੇਜ ਦੀ ਬੱਸ ਤੇ ਜਾਦੇ ਹੁੰਦੇ ਸੀ
ਮੈਨੂੰ ਪਹਿਲੀ ਵਾਰ ਹੈਰਾਨੀ ਹੋਈ ,ਮੇਰੀਆ ਗੱਲਾਂ ਦਾ ਉਸਤੇ ਭੋਰਾ ਅਸਰ ਨਾ ਹੋਇਆ-ਮੈਨੂੰ ਕਹਿੰਦਾ ਬਾਈ ਜੀ ਇੰਡੀਆ ਨੂੰ ਛੱਡੋ ਇਹ ਕਨੇਡਾ ਹੈ -ਅਖੀਰ ਮੈ ਪੰਦਰਾਂ ਦਿਨਾਂ ਚ ਪਹਿਲੀ ਜੋਬ ਤੋ ਹੱਥ ਧੌਣੇ ਪਏ-ਹੁਣ ਮੈਨੂੰ ਇਹ ਨਾ ਸਮਝ ਆਵੇ ਕੇ ਮੈ ਆਪਦੇ ਢਿੱਡ ਨੂੰ ਗਾਹਲਾਂ ਕੱਢਾਂ ਜਾਂ ਲੱਤਾਂ ਨੂੰ ਜਿਸਨੇ ਪਹਿਲੀ ਵਾਰ ਜ਼ਿੰਦਗੀ ਚ ਬੇਸ਼ਰਮੀ ਦਵਾਈ ਸੀ।

Real Estate