ਜੋਤੀ ਅਤੇ ਨਿਹੰਗ ਜਗਦੀਸ਼ ਵਿਰੁਧ ਬਿੰਜਲ ਦੇ ਸਾਬਕਾ ਦੀ ਮੌਤ ਦੇ ਮਾਮਲੇ ‘ਚ ਕੇਸ ਦਰਜ

908

ਜੋਤੀ ਅਤੇ ਨਿਹੰਗ ਦੇ ਪਿਛੋਕੜ ਬਾਰੇ ਰਹੱਸ ਬਰਕਰਾਰ

ਸੰਤੋਖ ਗਿੱਲ -ਰਾਏਕੋਟ – ਕਿਸੇ ਅਗਿਆਤ ਸਥਾਨ ਤੋਂ ਪਿੰਡ ਬਿੰਜਲ ਵਿੱਚ ਪਿਛਲੇ ਦਹਾਕੇ ਦੌਰਾਨ ਆਣ ਵਸੇ ਨਿਹੰਗ ਜਗਦੀਸ਼ ਸਿੰਘ ਅਤੇ ਜੋਤੀ ਨਾਮਕ ਔਰਤ ਨੂੰ ਰਾਏਕੋਟ ਪੁਲਿਸ ਵੱਲੋਂ ਮੁੱਢਲੀ ਜਾਂਚ ਉਪਰੰਤ ਪਿੰਡ ਦੇ ਸਾਬਕਾ ਸਰਪੰਚ ਗੁਮੀਤ ਸਿੰਘ ਦੀ ਮੌਤ ਲਈ ਜਿੰਮੇਵਾਰ ਦੱਸਦਿਆਂ ਮੁੱਕਦਮਾਂ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ। ਗੁਰਮੀਤ ਸਿੰਘ ਦੀ ਮੌਤ ਤੋਂ ਬਾਅਦ ਗੁੱਸੇ ਨਾਲ ਭਰੇ ਪੀਤੇ ਪਿੰਡ ਵਾਸੀਆਂ ਦੇ ਰੋਹ ਨੂੰ ਦੇਖਦੇ ਹੋਏ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਉਕਤ ਕਥਿਤ ਦੋਸ਼ੀ ਔਰਤ ਜੋਤੀ ਅਤੇ ਉਸਦੇ ਪਤੀ ਜਗਦੀਸ਼ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 304 ਤਹਿਤ ਮੁਕੱਦਮਾਂ ਦਰਜ ਕਰਕੇ ਮਾਮਲੇ ‘ਚ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦੇ ਪਾਦਰੀ ਕੋਲੋਂ ਵੱਡੀ ਰਕਮ ਦੀ ਪ੍ਰਾਪਤੀ ਵਿੱਚ ਖੰਨਾ ਪੁਲਿਸ ਦੇ ਦੋ ਮੁਖਬਰਾਂ ਦੀ ਭੁਮਿਕਾ ਤੋਂ ਬਾਅਦ ਪੁਲਿਸ ਤੰਤਰ ਦੀ ਕਾਰਜ਼ ਪ੍ਰਣਾਲੀ ‘ਤੇ ਵੱਡੇ ਪ੍ਰਸ਼ਨ ਉਠੇ ਸਨ। ਇਸੇ ਤਰਜ ‘ਤੇ ਜੋਤੀ ਨਾਮਕ ਔਰਤ ਅਤੇ ਉਸ ਦੇ ਨਿਹੰਗ ਪਤੀ ਜਗਦੀਸ਼ ਸਿੰਘ ਦੀ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਬੋਲਦੀ “ਤੂਤੀ” ਦੀ ਚਰਚਾ ਵੀ ਅੱਜ ਦਿਨ ਭਰ ਚਲਦੀ ਰਹੀ ਅਤੇ ਆਖਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਨੂੰ ਉਨ੍ਹਾਂ ਵਿਰੁਧ ਮੁਕੱਦਮਾਂ ਦਰਜ ਕਰਨਾ ਪਿਆ। ਸਥਾਨਕ ਪੁਲਿਸ ਅਤੇ ਇਥੋਂ ਦੇ ਖੁਫੀਆ ਤੰਤਰ ਨੂੰ ਲੱਖ ਯਤਨਾਂ ਦੇ ਬਾਵਜੂਦ ਜੋਤੀ ਅਤੇ ਉਸ ਦੇ ਨਿਹੰਗ ਪਤੀ ਜਗਦੀਸ਼ ਸਿੰਘ ਦੇ ਪਿਛੋਕੜ ਬਾਰੇ ਭਾਵੇਂ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ, ਪਰ ਪੰਜਾਬ ਪੁਲਿਸ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਤੱਕ ਉਸ ਦੀ “ਸਿੱਧੀ ਪਹੁੰਚ” ਕਾਰਨ ਵੱਡੇ ਵੱਡੇ ਪੁਲਿਸ ਅਫਸਰ ਉਸ ਦਾ ਪਾਣੀ ਭਰਦੇ ਸਨ। ਉਹ ਜਦੋਂ ਵੀ ਚਾਹੁੰਦੀ ਸੀ ਤਾਂ ਕਿਸੇ ਵਿਰੁਧ ਵੀ ਪੁਲਿਸ ਤੁਰੰਤ ਕਾਰਵਾਈ ਕਰਦੀ ਸੀ, ਜਿਸ ਕਾਰਨ ਇਲਾਕੇ ਵਿੱਚ ਉਸ ਦੀ ਪੂਰੀ ਦਹਿਸ਼ਤ ਸੀ, ਜਿਸ ਦਾ ਪ੍ਰਗਟਾਵਾ ਅੱਜ ਪਿੰਡ ਵਿੱਚ ਦਿਖਾਈ ਦੇ ਰਿਹਾ ਸੀ। ਪੰਜਾਬ ਪੁਲਿਸ ਦੇ ਇੱਕ ਚਰਚਿੱਤ ਪੁਲਿਸ ਕਮਿਸ਼ਨਰ ਨੂੰ ਉਹ ਆਪਣਾ ‘ਭਰਾ’ ਦੱਸਦੀ ਸੀ, ਜਿਸ ਕਾਰਨ ਪੁਲਿਸ ਦੇ ਹੇਠਲੇ ਪੱਧਰ ਦੇ ਅਧਿਕਾਰੀ ਉਸ ਦਾ ਪਾਣੀ ਭਰਨ ਲਈ ਮਜਬੂਰ ਸਨ।
ਮ੍ਰਿਤਕ ਗੁਰਮੀਤ ਸਿੰਘ ਦੇ ਭਰਾ ਏ।ਐਸ।ਆਈ ਗੁਰਸੇਵਲ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿੱਚ ਦੋਸ਼ ਲਾਇਆ ਸੀ ਕਿ ਉਕਤ ਜੋਤੀ ਨਾਮਕ ਔਰਤ ਸਾਡੇ ਪਿੰਡ ਬਿੰਜ਼ਲ ‘ਚ ਪਿਛਲੇ ਲਗਪਗ 7-8 ਸਾਲਾਂ ਤੋਂ ਰਹਿ ਰਹੀ ਹੈ ਅਤੇ ਪਿੰਡ ਦੇ ਕਈ ਨੌਜਵਾਨਾਂ ਨੂੰ ਆਪਣੇ ਮਾਇਆ ਜਾਲ ਵਿੱਚ ਫਸਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਚੁੱਕੀ ਹੈ। ਗੁਰਸੇਵਲ ਸਿੰਘ ਅਨੁਸਾਰ 2016 ਮ੍ਰਿਤਕ ਗੁਰਮੀਤ ਸਿੰਘ ਦੇ ਪੁੱਤਰ ਵਰਿੰਦਰਪਾਲ ਸਿੰਘ ਅਤੇ ਪਿੰਡ ਦੇ ਇਕ ਹੋਰ ਨੌਜਵਾਨ ਜਜਸਦੀਪ ਉਰਫ ਰਵੀ ਵੀ ਇਸ ਦਾ ਸ਼ਿਕਾਰ ਬਣ ਚੁੱਕੇ ਹਨ ਅਤੇ ਜੋਤੀ ਨੇ ਇਨ੍ਹਾਂ ਵਿਰੁੱਧ ਝੂਠਾ ਮੁਕੱਦਮਾ ਦਰਜ ਕਰਵਾਇਆ ਸੀ, ਪੁਲਿਸ ਨੇ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਸੀ।
ਉਦੋਂ ਤੋਂ ਹੀ ਸਾਬਕਾ ਸਰਪੰਚ ਗੁਰਮੀਤ ਸਿੰਘ ਉਸ ਦੇ ਨਿਸ਼ਾਨੇ ‘ਤੇ ਆ ਗਿਆ ਸੀ। 9 ਅਪ੍ਰੈਲ ਤੋਂ 12 ਅਪ੍ਰੈਲ ਜੋਤੀ ਨੇ ਅਸ਼ਲੀਲ ਇਸ਼ਾਰੇ ਕਰਦਿਆਂ ਕਈ ਵਾਰ ਮ੍ਰਿਤਕ ਗੁਰਮੀਤ ਸਿੰਘ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਦੇਣ ਦੀਆਂ ਕਈ ਵਾਰ ਧਮਕੀਆਂ ਦਿੱਤੀਆਂ ਸਨ ਜਿਸ ਦੇ ਨਤੀਜੇ ਵਜੋਂ ਉਸ ਦੇ ਸੀਨੇ ਵਿੱਚ ਐਸਾ ਦਰਦ ਹੋਇਆ ਕਿ ਉਹ ਹਸਪਤਾਲ ਪਹੁੰਚ ਗਿਆ। ਕਰੀਬ ਇੱਕ ਹਫਤਾ ਜਿੰਦਗੀ ਦੀ ਜੰਗ ਲੜਦਿਆਂ 20 ਅਪ੍ਰੈਲ ਨੂੰ ਦੁਪਿਹਰ ਸਮੇਂ ਮੌਤ ਸਾਹਮਣੇ ਹਾਰ ਗਿਆ।
ਇਸ ਮਾਮਲੇ ਦੇ ਸਬੰਧ ‘ਚ ਅੱਜ ਪਿੰਡ ਦੇ ਇਕ ਧਾਰਮਿਕ ਅਸਥਾਨ ‘ਤੇ ਇਕੱਠੇ ਹੋਏ ਵੱਡੀ ਗਿਣਤੀ ਪਿੰਡ ਵਾਸੀਆਂ ਦੀ ਮੌਜ਼ੂਦਗੀ ‘ਚ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਕਤ ਕਥਿਤ ਦੋਸ਼ੀ ਔਰਤ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖ ਦੇ ਹੋਏ ਥਾਣਾ ਸਦਰ ਦੇ ਇੰਚਾਰਜ ਗੁਇਕਬਾਲ ਸਿੰਘ ਸਿਕੰਦ ਮੌਕੇ ‘ਤੇ ਪੁੱਜੇ ਅਤੇ ਪਰਿਵਾਰ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਵਾਇਆ। ਇਸ ਤੋਂ ਬਾਅਦ ਉਨ੍ਹਾਂ ਪਿੰਡ ਦੇ ਕਰੀਬ 90 ਲੋਕਾਂ ਦੇ ਬਿਆਨ ਕਲਮਬੰਦ ਕੀਤੇ ਅਤੇ ਸਭ ਨੇ ਦੋਸ਼ਾਂ ਦੀ ਪੁਸ਼ਟੀ ਕੀਤੀ। ਇਸੇ ਦੌਰਾਨ ਮ੍ਰਿਤਕ ਪਰਿਵਾਰ ਦੇ ਘਰ ਪਹੁੰਚੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਇਸ ਜੋੜੀ ਦਾ ਸ਼ਿਕਾਰ ਹੋਏ ਹੋਰ ਲੋਕਾਂ ਦੇ ਮਾਮਲਿਆਂ ਦੀ ਜਾਂਚ ਵੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਮ੍ਰਿਤਕ ਸਾਬਕਾ ਸਰਪੰਚ ਦੇ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ। ਉਨ੍ਹਾਂ ਇਸ ਜੋੜੀ ਦੇ ਪਿਛੋਕੜ ਬਾਰੇ ਵੀ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ ਅਤੇ ਉਨ੍ਹਾਂ ਤੁਰੰਤ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਹੈ।

Real Estate