ਰਾਹੁਲ ਗਾਂਧੀ ਭਾਰਤੀ ਨਾਗਰਿਕ ਹਨ ਜਾਂ ਨਹੀਂ,ਕੀ ਉਹ ਕਦੀ ਬਰਤਾਨਵੀ ਨਾਗਰਿਕ ਬਣੇ ਸੀ ? ਸ਼ਿਕਾਇਤ ਦਰਜ਼

1135

ਰਾਹੁਲ ਗਾਂਧੀ ਭਾਰਤੀ ਨਾਗਰਿਕ ਹਨ ਜਾਂ ਨਹੀਂ,ਕੀ ਉਹ ਕਦੀ ਬਰਤਾਨਵੀ ਨਾਗਰਿਕ ਬਣੇ ਸੀ ? ਰਾਹੁਲ ਗਾਂਧੀ ਖ਼ਿਲਾਫ਼ ਦਾਇਰ ਇੱਕ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਭਾਜਪਾ ਨੇ ਅੱਜ ਕਾਂਗਰਸ ਪ੍ਰਧਾਨ ਦੀ ਨਾਗਰਿਕਤਾ ਤੇ ਵਿੱਦਿਅਕ ਯੋਗਤਾ ’ਤੇ ਸਵਾਲ ਚੁੱਕੇ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਸਫਾਈ ਦੇਣ ਲਈ ਕਿਹਾ। ਅਮੇਠੀ ਤੋਂ ਰਾਹੁਲ ਗਾਂਧੀ ਵੱਲੋਂ ਕਾਗਜ਼ ਭਰਨ ਖ਼ਿਲਾਫ਼ ਚੋਣ ਅਧਿਕਾਰੀ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਭਾਜਪਾ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸ਼ਿਕਾਇਤ ’ਚ ਉਨ੍ਹਾਂ ਦੀ ਨਾਗਰਿਕਤਾ ਤੇ ਯੋਗਤਾ ਨੂੰ ਲੈ ਕੇ ਇਤਰਾਜ਼ ਲਗਾਏ ਗਏ ਹਨ। ਚੋਣ ਅਧਿਕਾਰੀ ਨੇ ਇਸ ਮਾਮਲੇ ’ਚ ਸੁਣਵਾਈ ਦੀ ਅਗਲੀ ਤਾਰੀਕ ਸੋਮਵਾਰ ਤੈਅ ਕੀਤੀ ਹੈ। ਭਾਜਪਾ ਦੇ ਬੁਲਾਰੇ ਜੀਵੀਐੱਲ ਨਰਸਿਮਹਾ ਰਾਓ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗਾਂਧੀ ਦੇ ਵਕੀਲ ਨੇ ਇਨ੍ਹਾਂ ਇਤਰਾਜ਼ਾਂ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ, ‘ਇਹ ਗੰਭੀਰ ਦੋਸ਼ ਹਨ। ਰਾਹੁਲ ਗਾਂਧੀ ਭਾਰਤੀ ਨਾਗਰਿਕ ਹਨ ਜਾਂ ਨਹੀਂ, ਕੀ ਉਹ ਕਦੀ ਬਰਤਾਨਵੀ ਨਾਗਰਿਕ ਬਣੇ ਸੀ? ਉਨ੍ਹਾਂ ਨੂੰ ਅਸਲ ਕਹਾਣੀ ਨਾਲ ਸਾਹਮਣੇ ਆਉਣਾ ਚਾਹੀਦਾ ਹੈ।’ ਕਾਂਗਰਸ ਵੱਲੋਂ ਇਸ ਬਾਰੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਚੋਣ ਅਧਿਕਾਰੀ ਹੀ ਆਖਰੀ ਅਥਾਰਿਟੀ ਹੈ, ਪਰ ਉਹ ਚੋਣ ਹਲਫਨਾਮੇ ’ਚ ਜੋ ਲਿਖਿਆ ਹੈ, ਉਸ ਦੀ ਪ੍ਰਮਾਣਕਤਾ ਦੀ ਜਾਂਚ ਨਹੀਂ ਕਰ ਸਕਦਾ। ਅਮੇਠੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਧਰੁਵਲਾਲ ਦੇ ਵਕੀਲ ਰਵੀ ਪ੍ਰਕਾਸ਼ ਨੇ ਚੋਣ ਅਧਿਕਾਰੀ ਕੋਲ ਪਹੁੰਚ ਕਰਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਨੂੰ ਲੈ ਕੇ ਸਵਾਲ ਕੀਤਾ ਹੈ। ਉਨ੍ਹਾਂ ਚੋਣ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਹੈ ਕਿ ਰਾਹੁਲ ਗਾਂਧੀ ਨੇ ਬਰਤਾਨਵੀ ਨਾਗਰਿਕਤਾ ਲਈ ਸੀ ਇਸ ਲਈ ਉਸ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ। ਰਵੀ ਪ੍ਰਕਾਸ਼ ਨੇ ਬਰਤਾਨੀਆ ’ਚ ਰਜਿਸਟਰਡ ਕੰਪਨੀ ਦੇ ਕਾਗਜ਼ਾਤ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਹੈ। ਰਾਹੁਲ ਗਾਂਧੀ ਦੇ ਵਕੀਲ ਰਾਹੁਲ ਕੌਸ਼ਿਕ ਨੇ ਸ਼ਿਕਾਇਤ ’ਚ ਦਰਜ ਇਤਰਾਜ਼ਾਂ ’ਤੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ। ਚੋਣ ਅਧਿਕਾਰੀ ਨੇ ਮਾਮਲੇ ’ਤੇ ਸੁਣਵਾਈ ਲਈ 22 ਅਪਰੈਲ ਦਾ ਸਮਾਂ ਦਿੱਤਾ ਹੈ।

Real Estate