ਗੁਰਮੀਤ ਰਾਮ ਰਹੀਮ ਖਿਲਾਫ਼ ਜੂਝਣ ਵਾਲੇ ਚਾਰ ਬਹਾਦਰਾਂ ਦਾ ਸਨਮਾਨ

1083

ਬਰਨਾਲਾ – ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿੱਚ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਰਾਮ ਰਹੀਮ ਖਿਲਾਫ਼ ਸੰਘਰਸ਼ ਕਰਨ ਵਾਲੇ ਅਤੇ ਉਸ ਖਿਲਾਫ਼ ਸਬੰਧਤ ਕੇਸਾਂ ਵਿੱਚ ਮਹੱਤਵਪੂਰਨ ਗਵਾਹ ਰਹੇ ਅੰਸ਼ੁਲ ਛਤਰਪਤੀ, ਰਾਜਾ ਰਾਮ ਹੰਡਿਆਇਆ, ਮਾਸਟਰ ਬਲਵੰਤ ਸਿੰਘ ਅਤੇ ਸੁਦੇਸ਼ ਕੁਮਾਰੀ ਐਡਵੋਕੈਟ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤਰਕਸ਼ੀਲ ਲਹਿਰ ਦੇ ਮੋਢੀ ਆਗੂ ਮੇਘ ਰਾਜ ਮਿੱਤਰ ਨੇ ਇਸ ਸੰਘਰਸ਼ ਅਤੇ ਸੰਘਰਸ਼ ਲਈ ਜੂਝਣ ਵਾਲੇ ਉਪਰੋਕਤ ਵਿਅਕਤੀਆਂ ਦੇ ਜੀਵਨ ਉੱਤੇ ਪੰਛੀ ਝਾਤ ਪਾਈ। ਉਹਨਾਂ ਇਸ ਪੂਰੇ ਬਿਰਤਾਂਤ ਬਾਰੇ ਲਿਖੀ ਆਪਣੀ ਲਿਖੀ ਪੁਸਤਕ ‘ਰਾਮ ਰਹੀਮ ਅਰਸ਼ ਤੋ ਫ਼ਰਸ਼ ਤੱਕ’ ਦਾ ਜ਼ਿਕਰ ਵੀ ਕੀਤਾ। ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਜਦੋਂ ਡੇਰਾ ਮੁਖੀ ਵੱਲੋਂ ਉਸ ਦੇ ਪਿਤਾ ਦਾ ਕਤਲ ਕਰਵਾ ਦਿੱਤਾ ਗਿਆ ਤਾਂ ਕਿਸ ਤਰ੍ਹਾਂ ਰਾਜਸੀ ਅਤੇ ਸਮਾਜਿਕ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਡਰਾਵੇ ਦਿੱਤੇ ਗਏ। ਪਰ ਹਾਈ ਕੋਰਟ ਨੂੰ ਲਾਈ ਗੁਹਾਰ ਕਾਰਣ ਅਤੇ ਸੀਬੀਆਈ ਦੇ ਕਈ ਇਮਾਨਦਾਰ ਅਫ਼ਸਰਾਂ ਵੱਲੋਂ ਕੀਤੀ ਮੇਹਨਤ ਸਦਕਾ ਅਸੀਂ ਸਾਧ
ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿੱਚ ਕਾਮਯਾਬ ਹੋ ਸਕੇ। ਤਰਕਸ਼ੀਲ ਸੁਸਾਇਟੀ ਦੇ ਕੌਮੀ ਪ੍ਰਧਾਨ ਰਾਜਾ ਰਾਮ ਹੰਡਿਆਇਆ ਨੇ ਦੱਸਿਆ ਕਿ ਬਲਾਤਕਾਰ ਦੀ ਪੀੜਤ ਲੜਕੀ ਦੀ ਗੁਪਤ ਚਿੱਠੀ ਮਿਲਣ ਤੋਂ ਬਾਅਦ ਕਿੰਝ ਡੇਰਾ ਸ਼ਰਧਾਲੂਆਂ ਵੱਲੋਂ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ। ਪਰ ਉਹ ਬਹੁਤ ਕੁੱਝ ਵਾਪਰਨ ਤੋਂ ਬਾਅਦ ਵੀ ਅਡੋਲ ਰਹੇ ਅਤੇ ਸੀਬੀਆਈ ਦੇ ਮਹੱਤਵਪੂਰਨ ਗਵਾਹ ਵੱਜੋਂ ਇਮਾਨਦਾਰੀ ਨਾਲ ਅਦਾਲਤ ਵਿੱਚ ਆਪਣਾ ਪੱਖ ਰੱਖਿਆ।
ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਆਗੂ ਮਾਸਟਰ ਬਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਗੁਪਤ ਚਿੱਠੀ, ਉਸ ਦੇ ਪਿੰਡ ਦੇ ਵਸਨੀਕ ਸਾਬਕਾ ਡੇਰਾ ਪੈਰੋਕਾਰ ਰਣਜੀਤ ਦੇ ਕਤਲ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਵਾਪਰੀਆਂ ਮੁੱਖ ਘਟਨਾਵਾਂ ਬਾਰੇ ਚਾਨਣਾਂ ਪਾਇਆ। ਉਹਨਾਂ ਦੱਸਿਆ ਕਿ ਕਿੰਝ ਦੋ ਵਾਰ ਡੇਰੇ ਦੇ ਭਾੜੇ ਦੇ ਕਾਤਲਾਂ ਵੱਲੋਂ ਆਪਣੇ ਮੁਖੀ ਦੀਆਂ ਹਦਾਇਤਾਂ ਉ¤ਤੇ ਉਸ ਨੂੰ ਕਤਲ ਕਰਨ ਦੇ ਯਤਨ ਕੀਤੇ। ਇਸ ਪੂਰੇ ਸੰਘਰਸ਼ ਬਾਰੇ ਉਹਨਾਂ ਹੋਰ ਵੀ ਕਈ ਰੌਚਿਕ ਤੱਥ ਸਰੋਤਿਆਂ ਦੇ ਸਨਮੁੱਖ ਰੱਖੇ। ਜਨਸੰਘਰਸ਼ ਮੰਚ ਦੀ ਆਗੂ ਐਡਵੋਕੈਟ ਸੁਦੇਸ਼ ਕੁਮਾਰੀ ਨੇ ਆਪਣੇ ਸੰਬੋਧਨ ਵਿੱਚ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਉੱਪਰ ਬਣਾਏ ਝੂਠੇ ਕੇਸਾਂ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ ਰਾਮ ਰਹੀਮ ਨੂੰ ਮਿਲੀ ਸਿਆਸੀ ਸਰਪ੍ਰਸਤੀ ਕਾਰਣ ਹੀ ਉਹ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਕਈ ਸਾਲ ਅਜ਼ਾਦ ਘੁੰਮਦਾ ਰਿਹਾ। ਉਪਰੋਕਤ ਚਾਰੇ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨ ਕਿ ਭਾਜਪਾ ਵੋਟਾਂ ਲਈ ਮੁੜ ਰਾਮ ਰਹੀਮ ਦੇ ਪੈਰੋਕਾਰਾਂ ਦੇ ਕੋਲ ਜਾਵੇਗੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਰਾਜਸੀ ਨੇਤਾਵਾਂ ਦੀਆਂ ਅਜਿਹੀਆਂ ਹਰਕਤਾਂ ਹੀ ਡੇਰਾਵਾਦ ਦੇ ਵਧਣ ਫੁੱਲਣ ਲਈ ਜਿੰਮੇਵਾਰ ਹਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵੱਲੋਂ ਜਿੱਥੇ ਤਰਕਸ਼ੀਲ ਸੁਸਾਇਟੀ ਦੀ ਇਸ ਪ੍ਰੋਗਰਾਮ ਨੂੰ ਉਲੀਕਣ ਕਾਰਨ ਸ਼ਲਾਘਾ ਕੀਤੀ ਨਾਲ ਹੀ ਸਨਮਾਨਿਤ ਵਿਅਕਤੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

Real Estate