ਚੋਣ ਚੁਸਕੀਆਂ : ਤੂੰਬੀ ਨਹੀ ਸਦੀਕ ਖੜਕਿਆ

1482

ਫਰੀਦਕੋਟ 19 ਅਪ੍ਰੈਲ ( ਗੁਰਭੇਜ ਸਿੰਘ ਚੌਹਾਨ ) ਪੰਜਾਬ ਵਿਚ ਚੋਣਾਂ ਦਾ ਮਾਹੋਲ ਹੌਲੀ-ਹੌਲੀ ਗਰਮਾ ਰਿਹਾ ਹੈ ਅਤੇ ਉਮੀਦਵਾਰ ਆਪਣੇ ਪ੍ਰਚਾਰ ਲਈ ਆਪੋ ਆਪਣੇ ਹਲਕਿਆਂ ਚ ਜਾ ਰਹੇ ਹਨ। ਬੀਤੇ ਦਿਨ ਲੋਕ ਸਭਾ ਹਲਕਾ ਫਰੀਦਕੋਟ ਚ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਵਾਲੇ ਉਮੀਦਵਾਰ ਸ਼੍ਰੀ ਮੁਹੰਮਦ ਸਦੀਕ ਆਏ ਤਾਂ ਉਨ੍ਹਾਂ ਦਾ ਸਾਹਮਣਾ ਪੱਤਰਕਾਰਾਂ ਨਾਲ ਹੋ ਗਿਆ। ਸ਼੍ਰੀ ਸਦੀਕ ਨੂੰ ਪੱਤਰਕਾਰਾਂ ਨੇ ਕਾਂਗਰਸ ਸਰਕਾਰ ਵਲੋਂ ਨਸ਼ਾਬੰਦੀ ਅਤੇ ਕਿਸਾਨੀ ਕਰਜ਼ਿਆਂ ਸਬੰਧੀ ਕੀਤੇ ਵਾਅਦਿਆਂ ਪ੍ਰਤੀ ਕਈ ਤਿੱਖੇ ਸਵਾਲ ਕੀਤੇ। ਜਿਸ ਤੇ ਸਦੀਕ ਸਾਹਿਬ ਆਪੇ ਤੋ ਬਾਹਰ ਹੋ ਗਏ ਅਤੇ ਸੁੱਚਾ ਸੂਰਮਾਂ ਗਾਉਣ ਤੋ ਪਹਿਲਾਂ ਉਸਦੀ ਭੂਮਿਕਾ ਬੰਨ੍ਹਣ ਵਾਲੀ ਮੁਦਰਾ ਚ ਆਕੇ ਗੁੱਸੇ ਵਿਚ ਅੱਖਾਂ ਲਾਲ ਕਰਕੇ ਕਹਿਣ ਲੱਗੇ, ‘ਕੀ ਕੈਪਟਨ ਸਾਹਬ ਗਲੀ ਗਲੀ ਫਿਰਕੇ ਨਸ਼ਾ ਵਿਕਦਾ ਰੋਕਣ। ਇਹ ਲੋਕਾਂ ਦਾ ਕੰਮ ਐੋ। ਕਿਸਾਨਾਂ ਨੇ ਕਰਜ਼ਾ ਸਾਡੀ ਸਰਕਾਰ ਤੋ ਪਹਿਲਾਂ ਦਾ ਲਿਆ ਹੋਇਆ। ਮੇਰੇ ਤੋਂ ਗੈਰ ਜਰੂਰੀ ਸਵਾਲ ਨਾ ਪੁੱਛ ਆਦਿ ਆਦਿ। ਸਦੀਕ ਦੇ ਪੱਤਰਕਾਰਾਂ ਨਾਲ ਕੀਤੇ ਇਸ ਤਰਾਂ ਦੇ ਵਰਤਾਓ ਦੀ ਵਾਇਰਲ ਹੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਨੂੰ ਵੇਖਣ ਵਾਲੇ ਲੋਕ ਕਟਾਖਸ਼ ਕਰਕੇ ਕਹਿ ਰਹੇ ਹਨ ਕਿ ਸਦੀਕ ਨੇ ਵੋਟਾਂ ਲੈਣ ਲਈ ਤੂੰਬੀ ਤਾਂ ਅਜੇ ਨਹੀ ਖੜਕਾਈ ਪਰ ਆਪ ਹੀ ਖੜਕ ਪਿਆ ਹੈ।

Real Estate