ਬਲਵਿੰਦਰ ਸਿੰਘ ਭੁੱਲਰ
ਹਰ ਦੇਸ਼ ਧਰਮ ਜਾਤ ਵਿੱਚ ਵੱਡੇ ਵੱਡੇ ਸਾਹਿਤਕਾਰ ਹੋਏ ਹਨ, ਜਿਹਨਾਂ ਵੱਖ ਵੱਖ ਵਿਸ਼ਿਆਂ ਤੇ ਪੁਸਤਕਾਂ ਦੇ ਢੇਰ ਅਤੇ ਮਹਾਨ ਗ੍ਰੰਥ ਲਿਖੇ ਹਨ। ਪਰ ਦੁਨੀਆਂ ਵਿੱਚ ਬਹੁਤ ਸਾਰੇ ਸੂਫ਼ੀ ਸਾਹਿਤਕਾਰ ਵੀ ਹੋਏ ਹਨ, ਜਿਹਨਾਂ ਦਾ ਕੋਈ ਦੇਸ਼ ਧਰਮ ਜਾਤ ਗੋਤ ਨਹੀਂ ਹੁੰਦਾ। ਉਹ ਰੱਬ ਨੂੰ ਆਪਣੇ ਰੂਬਰੂ ਸਮਝ ਕੇ ਸਰਵ ਸਾਂਝਾ ਸਾਹਿਤ ਰਚਦੇ ਹਨ। ਬਾਬਾ ਫਰੀਦ, ਚੇਤਨ ਮਹਾਂ ਪ੍ਰਭੂ, ਭਗਤ ਕਬੀਰ, ਬੁਲ੍ਹੇ ਸ਼ਾਹ, ਵਾਰਿਸ ਸ਼ਾਹ, ਸਾਹ ਹੁਸੈਨ, ਦਮੋਦਰ, ਸੁਲਤਾਨ ਬਾਹੂ ਆਦਿ ਸੂਫ਼ੀ ਸਾਹਿਤਕਾਰ ਬਹੁਤ ਪ੍ਰਸਿੱਧ ਹਨ, ਪਰ ਦੱਖਣੀ ਭਾਰਤ ਵਿੱਚ ਜਨਮਿਆਂ ਵਲੀ ਮੁਹੰਮਦ ਵਲੀ ਵੀ ਇਸ ਕਤਾਰ ਵਿੱਚ ਸ਼ਾਮਲ ਹੈ। ਇਸ ਸਾਹਿਤਕਾਰ ਨੂੰ ਵਲੀ ਔਰੰਗਾਬਾਦੀ, ਵਲੀ ਦੱਕਨੀ ਜਾਂ ਵਲੀ ਗੁਜਰਾਤੀ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਸੰਨ 1667 ਵਿੱਚ ਔਰੰਗਾਬਾਦ ਵਿੱਚ ਜਨਮੇ ਵਲੀ ਮੁਹੰਮਦ ਬਚਪਨ ਚੋਂ ਨਿਕਲਦਿਆਂ ਹੀ ਉਸ ਸਮੇਂ ਦੇ ਵਿੱਦਿਅਕ ਖੇਤਰ ’ਚ ਪ੍ਰਸਿੱਧ ਸੂਬੇ ਗੁਜਰਾਤ ਵਿੱਚ ਪੜ੍ਹਾਈ ਕਰਨ ਲਈ ਪਹੁੰਚਿਆ ਤੇ ਉਸਨੇ ਇੱਥੇ ਹਜਰਤ ਸ਼ਾਹ ਵਜੀਹਾ ਉ¤ਦੀਨ ਦੀ ਖਾਨਗਾਹ ਦੇ ਮਦਰੱਸੇ ਵਿੱਚ ਦਾਖਲਾ ਲੈ ਲਿਆ। ਇੱਥੇ ਰਹਿੰਦਿਆਂ ਇਸ ਇਲਾਕੇ ਨਾਲ ਉਸਦਾ ਅਜਿਹਾ ਮੋਹ ਪਿਆਰ ਬਣ ਗਿਆ ਕਿ ਉਹ ਇੱਥੋਂ ਦਾ ਹੀ ਬਣ ਕੇ ਰਹਿ ਗਿਆ। ਉਸ ਸਮੇਂ ਭਾਰਤ ਵਿੱਚ ਮੁਗਲਾਂ ਦਾ ਸਾਸ਼ਨ ਚਲਦਾ ਸੀ, ਜਿਹਨਾਂ ਦੀ ਮੁੱਖ ਭਾਸ਼ਾ ਉਰਦੂ ਸੀ। ਵਲੀ ਮੁਹੰਮਦ ਵਲੀ ਨੇ ਵੀ ਉਰਦੂ ਵਿੱਚ ਲਿਖਣਾ ਸੁਰੂ ਕੀਤਾ, ਉਸਨੇ ਸੈਂਕੜੇ ਗਜਲਾਂ, ਹਜਾਰਾਂ ਰੁਬਾਈਆਂ ਤੇ ਕਵਿਤਾਵਾਂ ਲਿਖੀਆਂ। ਵਲੀ ਮੁਹੰਮਦ ਨੇ ਸਾਹਿਤ ਰਚਦਿਆਂ ਲੋਕਾਂ ਦੇ ਦੁੱਖ ਦਰਦਾਂ, ਵਾਤਾਵਰਣ, ਹੱਕ ਸੱਚ ਨਿਆਂ, ਇਲਾਕੇ ਦੇ ਮਹੌਲ ਦੀ ਗੱਲ ਕਰਦਿਆਂ ਰੱਬ ਨਾਲ ਇਸ਼ਕ ਕੀਤਾ ਅਤੇ ਉਲਾਂਭੇ ਵੀ ਦਿੱਤੇ। ਉਹ ਲਿਖਦੇ ਹਨ ‘‘ਜਿਸਕੇ ਇਸ਼ਕ ਦਾ ਤੀਰ ਕਾਰੀ ਲਗੇ, ਉਸੇ ਜਿੰਦਗੀ ਕਯੂੰ ਨ ਭਾਰੀ ਲਗੇ’’ ਰੱਬ ਨੂੰ ਯਾਦ ਰੱਖਣ ਦੀ ਨਸੀਅਤ ਦਿੰਦੇ ਉਹ ਲਿਖਦੇ ਹਨ, ‘‘ਯਾਦ ਕਰਨਾ ਹਰ ਘੜੀ ਉਸ ਯਾਰ ਕਾ, ਹੋ ਵਜ਼ੀਫਾ ਮੁਝੇ ਦਿਲ ਏ ਬੀਮਾਰ ਕਾ’’। ਇੱਕ ਹੋਰ ਗਜਲ ਵਿੱਚ ਕਹਿੰਦੇ ਹਨ ‘‘ਮਸਨਦ-ਏ-ਗੁਲ ਮੰਜ਼ਿਲ-ਏ-ਸ਼ਬਨਮ ਹੂਈ, ਦੇਖ ਰੁਤਬਾ ਦ-ਏ-ਬੇਦਾਰਕਾ। ਐ ਵਲੀ ਹੋਨਾ ਸਿਰੀਜਨ ਪਰ ਨਿਸਾਰ, ਮੁੱਦਾ ਹੈ ਚਸ਼ਮ-ਏ-ਗੌਹਰ ਬਾਰ ਕਾ।’’
ਗੁਜਰਾਤ ਪ੍ਰਤੀ ਦਿਲ ਦਾ ਦਰਦ ਪ੍ਰਗਟ ਕਰਦੇ ਹੋਏ ਲਿਖਦੇ ਹਨ ‘‘ਗੁਜਰਾਤ ਕੇ ਫਿਰਾਕ ਸੇ ਖ਼ਾਰ ਖ਼ਾਰ ਹੈ ਦਿਲ, ਬੇਤਾਬ ਹੈ ਸੀਨਾ ਮੇਰਾ ਆਤਿਸ਼ ਬਹਾਰ ਦਿਲ। ਮਰਹਮ ਨਹੀਂ ਹੈ ਇਸਕੇ ਜਖ਼ਮ ਕਾ ਜਹਾਨ ਮੇਂ, ਸ਼ਮਸ਼ੀਰ ਏ ਹਿਜ਼ਰ ਸੇ ਹੂਆ ਹੈ ਫਿਗਾਰ ਦਿਲ।’’ ਹਿੰਦੂਆਂ ਮੁਸਲਮਾਨਾਂ ਸਿੱਖਾਂ ਈਸਾਈਆਂ ਦਾ ਇਹ ਸਾਂਝਾ ਫ਼ਕੀਰ ਤੇ ਸੂਫ਼ੀ ਸਾਹਿਤਕਾਰ ਚਾਲੀ ਸਾਲ ਦੀ ਉਮਰ ਭੋਗ ਕੇ ਸੰਨ 1707 ਵਿੱਚ ਸਦਾ ਲਈ ਰੁਖ਼ਸਤ ਹੋ ਗਿਆ। ਗੁਜਰਾਤ ਦੇ ਲੋਕਾਂ ਨੇ ਪੂਰੇ ਸਤਿਕਾਰ ਨਾਲ ਗੁਜਰਾਤ ਦੇ ਪ੍ਰਸਿੱਧ ਸ਼ਹਿਰ ਅਹਿਮਦਾਬਾਦ ਵਿੱਚ ਹੀ ਉਸ ਸਥਾਨ ਤੇ ਸਪੁਰਦ ਏ ਖ਼ਾਕ ਕਰ ਦਿੱਤਾ, ਜਿੱਥੇ ਉਹ ਦਰਗਾਹ ਬਣਾ ਕੇ ਰਹਿੰਦੇ ਸਨ, ਜਿਸਨੂੰ ਯਾਦਗਾਰੀ ਮਕਬਰਾ ਸ਼ਾਹੀਬਾਗ ਅਹਿਮਦਾਬਾਦ ਕਿਹਾ ਜਾਂਦਾ ਸੀ। ਕਰੀਬ ਤਿੰਨ ਸਦੀਆਂ ਹਰ ਧਰਮ ਕੌਮ ਜਾਤ ਗੋਤ ਦੇ ਲੋਕ ਇਸ ਸੂਫ਼ੀ ਸਾਹਿਤਕਾਰ ਦੇ ਮਕਬਰੇ ਤੇ ਜਾ ਕੇ ਸਿਜਦਾ ਕਰਦੇ ਰਹੇ। ਤਿੰਨ ਸੌ ਸਾਲਾਂ ਤੋਂ ਬਾਅਦ ਇੱਕ ਧਰਮ ਦੇ ਜਨੂੰਨੀ ਟੋਲੇ ਨੇ 8 ਮਾਰਚ 2002 ਨੂੰ ਫਿਰਕਾਪ੍ਰਸਤੀ ਦੇ ਅਧਾਰ ਤੇ ਮਕਬਰੇ ਤੇ ਹਮਲਾ ਕਰਦਿਆਂ ਅੱਗ ਲਾ ਕੇ ਉਸਨੂੰ ਨੇਸ ਤੋਂ ਨਾਬੂਦ ਕਰ ਦਿੱਤਾ। ਸ਼ਹਿਰ ਦੇ ਪੁਲਿਸ ਹੈ¤ਡਕੁਆਟਰ ਦੇ ਬਿਲਕੁਲ ਨਜਦੀਕ ਹੋਣ ਦੇ ਬਾਵਜੂਦ ਦਰਗਾਹ ਨੂੰ ਢਾਹੁਣ ਫੂਕਣ ਵਾਲਿਆਂ ਨੂੰ ਰੋਕਣ ਲਈ ਪੁਲਿਸ ਨੇ ਵੀ ਕੋਈ ਯਤਨ ਨਾ ਕੀਤਾ। ਦਰਗਾਹ ਨੂੰ ਬਚਾਉਣ ਦੇ ਉਲਟ ਇਸ ਘਟਨਾ ਤੋਂ ਦੂਜੇ ਦਿਨ ਉੱਥੋਂ ਦੀ ਨਗਰ ਨਿਗਮ ਦੇ ਬੁਲਡੋਜਰਾਂ ਨੇ ਰਹਿੰਦੀ ਦਰਗਾਹ ਢਾਹ ਕੇ ਉਸਦਾ ਸਾਰਾ ਮਲਬਾ ਵੀ ਚੁੱਕ ਕੇ ਲੈ ਗਏ। ਕੁਝ ਹੀ ਦਿਨਾਂ ਵਿੱਚ ਦਰਗਾਹ ਵਾਲੀ ਥਾਂ ਤੇ ਸੜਕ ਬਣਾ ਕੇ ਉਸਦਾ ਨਾਮੋ ਨਿਸਾਨ ਮਿਟਾ ਦਿੱਤਾ। ਫਿਰਕੂ ਜੰਨੂਨੀਆਂ ਨੇ ਭਾਵੇਂ ਦਰਗਾਹ ਨੂੰ ਨੇਸ ਤੋਂ ਨਾਬੂਦ ਕਰ ਦਿੱਤਾ ਹੈ, ਪਰ ਉ¤ਥੋਂ ਦੇ ਲੋਕਾਂ ਦੇ ਦਿਲਾਂ ਚੋਂ ਵਲੀ ਗੁਜਰਾਤੀ ਨੂੰ ਮਿਟਾਇਆ ਨਹੀਂ ਜਾ ਸਕਿਆ, ਅੱਜ ਵੀ ਉਹ ਉ¤ਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ। ਜਦ ਲੋਕ ਉਸ ਸੜਕ ਰਾਹੀਂ ਵਹੀਕਲ ਲੈ ਕੇ ¦ਘਦੇ ਹਨ ਤਾਂ ਦਰਗਾਹ ਵਾਲੀ ਜਗਾਹ ਤੇ ਉਹ ਆਪਣੇ ਜਿਹਨ ਚੋਂ ਸਿਜਦਾ ਕਰਦੇ ਹਨ ਅਤੇ ਵਹੀਕਲ ਨੂੰ ਉਸ ਜਗਾਹ ਤੋਂ ਪਾਸੇ ਦੀ ¦ਘਾਉਣ ਦਾ ਯਤਨ ਕਰਦੇ ਹਨ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913