ਰਾਫ਼ਾਲ ਮਾਮਲੇ ਤੋਂ ਬਾਅਦ ਟੈਕਸ ਮੁਆਫ਼ੀ ਕਾਂਡ !

1089

ਅਨਿਲ ਅੰਬਾਨੀ ਦੀ ਰਿਲਾਇੰਸ ਕਮਿਊਨਿਕੇਸ਼ਨਸ ਦੀ ਫਰਾਂਸ ’ਚ ਕੰਪਨੀ ਰਿਲਾਇੰਸ ਫਲੈਗ ਅਟਲਾਂਟਿਕ ਦਾ 2015 ’ਚ 14.3 ਕਰੋੜ ਯੂਰੋ ਦਾ ਟੈਕਸ ਮੁਆਫ਼ ਹੋਇਆ ਸੀ। ਫਰਾਂਸੀਸੀ ਅਖ਼ਬਾਰ ‘ਲੀ ਮੋਂਡੇ’ ਦੀ ਰਿਪੋਰਟ ਮੁਤਾਬਕ ਕੰਪਨੀ ਨੂੰ ਇਹ ਰਾਹਤ ਭਾਰਤ ਵੱਲੋਂ 36 ਰਾਫ਼ਾਲ ਜੈੱਟ ਖ਼ਰੀਦੇ ਜਾਣ ਦੇ ਐਲਾਨ ਦੇ ਕੁਝ ਮਹੀਨਿਆਂ ਮਗਰੋਂ ਮਿਲੀ। ਆਪਣੇ ਪ੍ਰਤੀਕਰਮ ’ਚ ਰਿਲਾਇੰਸ ਕਮਿਊਨਿਕੇਸ਼ਨਜ਼ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਟੈਕਸ ਵਿਵਾਦ ਕਾਨੂੰਨੀ ਢਾਂਚੇ ਤਹਿਤ ਹੱਲ ਕਰ ਲਿਆ ਗਿਆ ਸੀ ਜਿਸ ਦਾ ਲਾਹਾ ਫਰਾਂਸ ’ਚ ਕੰਮ ਕਰ ਰਹੀਆਂ ਸਾਰੀਆਂ ਕੰਪਨੀਆਂ ਨੂੰ ਮਿਲਦਾ ਹੈ।
ਫਰਾਂਸੀਸੀ ਅਖ਼ਬਾਰ ਨੇ ਕਿਹਾ ਕਿ ਫਰਾਂਸ ਦੇ ਟੈਕਸ ਅਧਿਕਾਰੀਆਂ ਨੇ ਰਿਲਾਇੰਸ ਫਲੈਗ ਐਟਲਾਂਟਿਕ ਤੋਂ 15।1 ਕਰੋੜ ਯੂਰੋ ਦੀ ਬਜਾਏ 73 ਲੱਖ ਯੂਰੋ ਸਵੀਕਾਰ ਕੀਤੇ ਸਨ। ਰਿਲਾਇੰਸ ਫਲੈਗ ਫਰਾਂਸ ’ਚ ਕੇਬਲ ਨੈੱਟਵਰਕ ਅਤੇ ਹੋਰ ਟੈਲੀਕਾਮ ਇੰਫਰਾਸਟਰਕਚਰ ਦਾ ਕੰਮ ਦੇਖਦੀ ਹੈ। ਅਖ਼ਬਾਰ ਮੁਤਾਬਕ ਫਰਾਂਸੀਸੀ ਟੈਕਸ ਅਧਿਕਾਰੀਆਂ ਵੱਲੋਂ ਕੰਪਨੀ ਦੀ ਜਾਂਚ ਕੀਤੇ ਜਾਣ ’ਤੇ ਪਾਇਆ ਗਿਆ ਕਿ ਉਸ ਨੇ 2007 ਤੋਂ 2010 ਦਾ 6 ਕਰੋੜ ਯੂਰੋ ਦਾ ਟੈਕਸ ਤਾਰਨਾ ਹੈ। ਉਂਜ ਰਿਲਾਇੰਸ ਨੇ 76 ਲੱਖ ਯੂਰੋ ਦੇਣ ਦੀ ਪੇਸ਼ਕਸ਼ ਕੀਤੀ ਪਰ ਫਰਾਂਸ ਦੇ ਟੈਕਸ ਅਧਿਕਾਰੀਆਂ ਨੇ ਇਹ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਵੱਲੋਂ 2010 ਤੋਂ 2012 ਦੀ ਇਕ ਹੋਰ ਜਾਂਚ ਕੀਤੀ ਗਈ ਅਤੇ ਕੰਪਨੀ ਨੂੰ ਕਿਹਾ ਗਿਆ ਕਿ ਉਹ 9।1 ਕਰੋੜ ਯੂਰੋ ਦਾ ਵਾਧੂ ਟੈਕਸ ਅਦਾ ਕਰੇ। ਰਿਪੋਰਟ ’ਚ ਕਿਹਾ ਗਿਆ ਕਿ ਰਿਲਾਇੰਸ ਨੇ ਅਪਰੈਲ 2015 ਤਕ ਟੈਕਸ ਵਜੋਂ ਕੁੱਲ ਰਕਮ 15।1 ਕਰੋੜ ਯੂਰੋ ਤਾਰਨੀ ਸੀ। ਸ੍ਰੀ ਮੋਦੀ ਵੱਲੋਂ ਪੈਰਿਸ ’ਚ ਰਾਫ਼ਾਲ ਸੌਦੇ ਦਾ ਐਲਾਨ ਕੀਤੇ ਜਾਣ ਦੇ ਛੇ ਮਹੀਨਿਆਂ ਮਗਰੋਂ ਅਕਤੂਬਰ ’ਚ ਫਰਾਂਸ ਦੇ ਅਧਿਕਾਰੀਆਂ ਨੇ ਰਿਲਾਇੰਸ ਤੋਂ 73 ਲੱਖ ਯੂਰੋ ਸਵੀਕਾਰ ਕਰ ਲਏ। ਰਿਲਾਇੰਸ ਕਮਿਊਨਿਕੇਸ਼ਨਸ ਦੇ ਤਰਜਮਾਨ ਨੇ ਕਿਹਾ ਕਿ ਟੈਕਸ ਪੂਰੀ ਤਰ੍ਹਾਂ ਨਾਲ ‘ਗ਼ੈਰਕਾਨੂੰਨੀ’ ਸੀ ਅਤੇ ਕੰਪਨੀ ਨੇ ਨਿਪਟਾਰੇ ਦੇ ਰੂਪ ’ਚ ਕੋਈ ਲਾਹਾ ਨਹੀਂ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਫਲੈਗ ਫਰਾਂਸ ਨੂੰ 2008-2012 ਦੌਰਾਨ 20 ਕਰੋੜ ਰੁਪਏ ਦਾ ਘਾਟਾ ਪਿਆ ਸੀ ਅਤੇ ਫਰਾਂਸ ਦੇ ਟੈਕਸ ਅਧਿਕਾਰੀਆਂ ਨੇ ਇਸੇ ਵਕਫ਼ੇ ਲਈ 1100 ਕਰੋੜ ਰੁਪਏ ਤੋਂ ਵਧ ਦੇ ਟੈਕਸ ਦੀ ਮੰਗ ਕੀਤੀ ਸੀ। ਬਾਅਦ ’ਚ ਆਪਸੀ ਸਮਝੌਤੇ ਤਹਿਤ ਕੰਪਨੀ ਨੇ 56 ਕਰੋੜ ਰੁਪਏ ਅਦਾ ਕੀਤੇ।
ਫਰਾਂਸ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਟੈਕਸ ਅਧਿਕਾਰੀਆਂ ਅਤੇ ਰਿਲਾਇੰਸ ਦੀ ਕੰਪਨੀ ਵਿਚਕਾਰ ਆਲਮੀ ਪੱਧਰ ’ਤੇ ਨਿਪਟਾਰਾ ਹੋਇਆ ਸੀ ਅਤੇ ਇਸ ’ਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਹੋਈ ਸੀ। ਫਰਾਂਸੀਸੀ ਸਫ਼ਾਰਤਖਾਨੇ ਨੇ ਬਿਆਨ ’ਚ ਕਿਹਾ ਕਿ ਟੈਕਸ ਨਿਪਟਾਰਾ ਪੂਰੇ ਕਾਨੂੰਨੀ ਅਤੇ ਤੈਅਸ਼ੁਦਾ ਮਾਪਦੰਡਾਂ ਮੁਤਾਬਕ ਹੀ ਕੀਤਾ ਗਿਆ ਹੈ।
ਕਾਂਗਰਸ ਨੇ ਸ਼ਨਿਚਰਵਾਰ ਨੂੰ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਰਾਫ਼ਾਲ ਮਾਮਲੇ ’ਤੇ ਨਰਿੰਦਰ ਮੋਦੀ ਸਰਕਾਰ ਨੂੰ ਮੁੜ ਘੇਰਦਿਆਂ ਦੋਸ਼ ਲਾਇਆ ਕਿ ‘ਮੋਦੀ ਦੀ ਮਿਹਰਬਾਨੀ’ ਨਾਲ ਫਰਾਂਸ ਸਰਕਾਰ ਨੇ ਅਨਿਲ ਅੰਬਾਨੀ ਦੀ ਕੰਪਨੀ ਦੇ ਅਰਬਾਂ ਰੁਪਏ ਦਾ ਟੈਕਸ ਮੁਆਫ਼ ਕੀਤਾ।

Real Estate