100 ਸਾਲ ਪਹਿਲਾਂ, 13 ਅਪ੍ਰੈਲ ਨੂੰ ਵਾਪਰੀ : ਜਲ੍ਹਿਆਂਵਾਲੇ ਬਾਗ਼ ਦੀ ਅਸਲੀ ਕਹਾਣੀ

1706

ਜੀ. ਐੱਸ. ਗੁਰਦਿੱਤ (94171-93193)

100 ਸਾਲ ਪਹਿਲਾਂ ਵਾਪਰੇ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਕਾਂਡ ਬਾਰੇ, ਬਹੁਤੇ ਹਿੰਦੁਸਤਾਨੀਆਂ ਦੀ ਜਾਣਕਾਰੀ ਬੱਸ ਏਨੀ ਹੀ ਹੈ ਕਿ ਪੰਜਾਬ ਦੇ ਕੁਝ ਲੋਕ, ਅੰਮ੍ਰਿਤਸਰ ਦੇ ਇੱਕ ਬਾਗ਼ ਵਿੱਚ ਕੋਈ ਜਲਸਾ ਕਰਨ ਲਈ ਇਕੱਠੇ ਹੋਏ ਸੀ। ਜਨਰਲ ਡਾਇਰ ਨਾਂ ਦੇ ਇੱਕ ਅੰਗਰੇਜ਼ ਅਫਸਰ ਨੇ ਉਹਨਾਂ ਨਿਹੱਥੇ ਲੋਕਾਂ ਉੱਤੇ ਗੋਲ਼ੀ ਚਲਾ ਦਿੱਤੀ ਸੀ। ਨਤੀਜੇ ਵਜੋਂ ਬਹੁਤ ਸਾਰੇ ਲੋਕ ਸ਼ਹੀਦ ਹੋ ਗਏ। ਬਹੁਤੇ ਹਿੰਦੁਸਤਾਨੀ ਤਾਂ ਇਸ ਭੁਲੇਖੇ ਦਾ ਵੀ ਸ਼ਿਕਾਰ ਹਨ ਕਿ ਬਾਅਦ ਵਿੱਚ ਸਰਦਾਰ ਊਧਮ ਸਿੰਘ ਨੇ ਉਸੇ ਹੀ ਅਫਸਰ ਨੂੰ ਲੰਡਨ ਜਾ ਕੇ ਗੋਲ਼ੀ ਮਾਰ ਦਿੱਤੀ ਸੀ। ਪਰ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰਿਆ ਸੀ, ਜਨਰਲ ਡਾਇਰ ਨੂੰ ਨਹੀਂ। ਫਿਰ ਜਨਰਲ ਡਾਇਰ ਦਾ ਕੀ ਬਣਿਆ ਹੋਏਗਾ ?

ਪਹਿਲੀ ਸੰਸਾਰ ਜੰਗ (1914-1918) ਵੇਲੇ ਜਦੋਂ ਬਹੁਤੀ ਭਾਰਤੀ ਫ਼ੌਜ, ਭਾਰਤ ਤੋਂ ਬਾਹਰ ਦੂਰ- ਦੁਰਾਡੇ ਮੋਰਚਿਆਂ ਉੱਤੇ ਲੜਨ ਗਈ ਹੋਈ ਸੀ ਤਾਂਅੰਗਰੇਜ਼ੀ ਸਰਕਾਰ ਨੇ ਬਗ਼ਾਵਤ ਦੇ ਖ਼ਤਰੇ ਤੋਂ ਬਚਣ ਲਈ ਦੋ ਜ਼ਰੂਰੀ ਪ੍ਰਬੰਧ ਕੀਤੇ ਹੋਏ ਸੀ। ਇੱਕ ਤਾਂ ਭਾਰਤੀਆਂ ਨੂੰ ਲਾਲਚ ਦਿੱਤਾ ਹੋਇਆ ਸੀ ਕਿ ਜੰਗ ਵਿੱਚ ਸਾਥ ਦੇਣ ਬਦਲੇ, ਜੰਗ ਖ਼ਤਮ ਹੋਣ ਤੇ ਉਹਨਾਂ ਨੂੰ ਕੁਝ ਖਾਸ ਰਿਆਇਤਾਂ ਦਿੱਤੀਆਂ ਜਾਣਗੀਆਂ। ਦੂਸਰਾ ਕੁਝ ਸਖਤ ਕਾਨੂੰਨ ਬਣਾਏ ਗਏ ਸੀ ਤਾਂ ਕਿ ਫ਼ੌਜ ਘੱਟ ਹੋਣ ਤੇ ਵੀ, ਪੁਲਿਸ ਦੀ ਮਦਦ ਨਾਲ ਹੀ ਧਰਨਿਆਂ ਮੁਜ਼ਾਹਰਿਆਂ ਅਤੇ ਹਿੰਸਕ ਘਟਨਾਵਾਂ ਉੱਤੇ ਕਾਬੂ ਪਾਇਆ ਜਾ ਸਕੇ। ਸਾਲ 1919 ਦੇ ਸ਼ੁਰੁਆਤੀ ਮਹੀਨਿਆਂ ਵਿਚ, ਜਦੋਂ ਜੰਗ ਖ਼ਤਮ ਵੀ ਹੋ ਚੁੱਕੀ ਸੀ, ਤਾਂ ਵੀ ਉਹਨਾਂ ਸਖਤ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਬਜਾਇ ਹੋਰ ਵੀ ਸਖਤ ਕੀਤਾ ਜਾਣ ਲੱਗਾ। ਰੌਲਟ ਐਕਟ ਨਾਮੀ ਕਾਲਾ ਕਾਨੂੰਨ ਲਾਗੂ ਕਰ ਦਿੱਤਾ ਗਿਆ ਜਿਸ ਮੁਤਾਬਕ ਬਿਨਾ ਮੁਕੱਦਮਾ ਚਲਾਏ ਕਿਸੇ ਵੀ ਭਾਰਤੀ ਨੂੰ ਕੈਦ ਕੀਤਾ ਜਾ ਸਕਦਾ ਸੀ। ਇਸ ਨਾਲ ਚਾਰੇ ਪਾਸੇ ਹਫੜਾ- ਦਫੜੀ ਫੈਲ ਗਈ। ਪੰਜਾਬ ਵਿੱਚ ਇੱਕ ਪਾਸੇ ਤਾਂ ਇਨਫਲੂਏਂਜਾ ਦੀ ਬਿਮਾਰੀ ਨੇ ਕਹਿਰ ਵਰਤਾਇਆ ਹੋਇਆ ਸੀ ਤੇ ਦੂਜੇ ਪਾਸੇ ਸਰਕਾਰ ਨੇ। ਸਭ ਤੋਂ ਵੱਧ ਗਰਮੀ ਦਾ ਮਾਹੌਲ ਅੰਮ੍ਰਿਤਸਰ ਸ਼ਹਿਰ ਵਿੱਚ ਬਣ ਚੁੱਕਾ ਸੀ। ਇਥੋਂ ਦੋ ਮੁੱਖ ਆਗੂਆਂ ਡਾ. ਸੱਤਪਾਲ ਤੇ ਡਾ. ਕਿਚਲੂ ਨੂੰ ਗ੍ਰਿਫ਼ਤਾਰ ਕਰ ਕੇ ਧਰਮਸ਼ਾਲਾ ਭੇਜ ਦਿੱਤਾ ਸੀ।

10 ਅਪ੍ਰੈਲ ਨੂੰ ਇਹਨਾਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਕੱਢੇ ਗਏ ਜਲੂਸ ਉੱਪਰ ਗੋਲ਼ੀ ਚਲਾ ਦਿੱਤੀ ਗਈ ਜਿਸ ਨਾਲ ਕੋਈ ਦਰਜਨ ਭਰ ਲੋਕ ਮਾਰੇ ਗਏ। ਇਸ ਦੇ ਵਿਰੋਧ ਵਿੱਚ ਸ਼ਹਿਰ ਵਿੱਚ ਦੰਗਾ ਫੈਲ ਗਿਆ। ਲੋਕਾਂ ਨੇ ਕਈ ਅੰਗਰੇਜ਼ ਅਫਸਰਾਂ ਤੇ ਕਰਮਚਾਰੀਆਂ ਨੂੰ ਮਾਰ ਦਿੱਤਾ। ਇੱਕ ਅੰਗਰੇਜ਼ ਇਸਤਰੀ ਮਿਸ ਸ਼ੇਰਵੁੱਡ ਜੋ ਕਿ ਇੱਕ ਸਕੂਲ ਦੀ ਪ੍ਰਿੰਸੀਪਲ ਸੀ, ਉੱਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਫ਼ੌਜ ਬੁਲਾ ਲਈ| ਜਨਰਲ ਡਾਇਰ ਇਸ ਫ਼ੌਜੀ ਟੁਕੜੀ ਦਾ ਮੁਖੀ ਸੀ। ਜਨਰਲ ਡਾਇਰ ਪੰਜਾਬ ਵਿੱਚ ਹੀ 1864 ਵਿੱਚ ਰਾਵਲਪਿੰਡੀ ਨੇੜੇ ‘ਮਰੀ’ ਸ਼ਹਿਰ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ ਬੀਅਰ ਦੀਆਂ ਫੈਕਟਰੀਆਂ ਦਾ ਮਾਲਕ ਸੀ। ਡਾਇਰ ਦਾ ਪੂਰਾ ਨਾਮ ਰੈਗੀਨਾਲਡ ਐਡਵਰਡ ਹੈਰੀ ਡਾਇਰ ਸੀ। ਉਸਨੇ ਸ਼ਿਮਲੇ ਤੋਂ ਪੜ੍ਹਾਈ ਕੀਤੀ ਸੀ| ਡਾਇਰ ਅਸਲ ਵਿੱਚ ‘ਜਨਰਲ’ ਨਹੀਂ ਬਲਕਿ ‘ਕਰਨਲ’ ਸੀ ਪਰ ਉਸਨੂੰ ਆਰਜ਼ੀ ਤੌਰ ਉੱਤੇ ਬ੍ਰਿਗੇਡੀਅਰ ਜਨਰਲ ਦਾ ਅਹੁਦਾ ਮਿਲਿਆ ਹੋਇਆ ਸੀ। ਉਹ ਬਰਮਾ ਤੇ ਫਰਾਂਸ ਆਦਿ ਦੇ ਮੋਰਚਿਆਂ ਉੱਤੇ ਲੜਿਆ ਹੋਇਆ ਸੀ।

13 ਅਪ੍ਰੈਲ ਦਾ ਦਿਨ ਆ ਗਿਆ। ਵਿਸਾਖੀ ਕਰਕੇ ਬਹੁਤ ਸਾਰੇ ਸ਼ਹਿਰੀ ਤੇ ਪੇਂਡੂ ਲੋਕ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਹੋਏ ਸਨ। ਦੁਪਹਿਰ ਵੇਲੇ ਉਹ ਸਾਰੇ, ਜਲ੍ਹਿਆਂਵਾਲੇ ਬਾਗ਼ ਵਿੱਚ ਆਰਾਮ ਕਰਨ ਚਲੇ ਗਏ। ਕਾਂਗਰਸੀ ਆਗੂਆਂ ਨੇ ਅੰਗਰੇਜ਼ੀ ਸਰਕਾਰ ਦੇ ਖਿਲਾਫ਼ ਪ੍ਰਚਾਰ ਕਰਨ ਲਈ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹਿਆ। ਪੇਂਡੂ ਲੋਕਾਂ ਨੂੰ ਧਰਨੇ ਮੁਜ਼ਾਹਰਿਆਂ ਉੱਤੇ ਡਾਇਰ ਦੀ ਲਗਾਈ ਹੋਈ ਪਾਬੰਦੀ ਦੀ ਕੋਈ ਖ਼ਬਰ ਨਹੀਂ ਸੀ ਕਿਉਂਕਿ ਉਦੋਂ ਸੰਚਾਰ ਦੇ ਸਾਧਨ ਅੱਜ ਵਰਗੇ ਨਹੀਂ ਸੀ ਹੁੰਦੇ। ਉਥੇ ਕੋਈ 15 ਤੋਂ 20 ਹਜ਼ਾਰ ਦਾ ਇਕੱਠ ਹੋ ਗਿਆ।

ਜਦੋਂ ਡਾਇਰ ਨੂੰ ਇੰਨੀ ਭਾਰੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੀ ਖ਼ਬਰ ਮਿਲੀ ਤਾਂ ਉਹ ਆਪਣੀ ਫ਼ੌਜੀ ਟੁਕੜੀ ਲੈ ਕੇ ਆ ਗਿਆ। ਉਸ ਦੇ ਨਾਲ ਲਗਭਗ ਸਾਰੇ ਹੀ ਫ਼ੌਜੀ ਭਾਰਤੀ ਸਨ ਜਿੰਨ੍ਹਾਂ ਵਿੱਚ ਗੋਰਖੇ, ਪਠਾਨ ਤੇ ਬਲੋਚ ਸਨ। ਬਾਗ਼ ਦਾ ਇੱਕੋ ਇੱਕ ਰਸਤਾ ਬੰਦ ਕਰਕੇ ਤੇ ਬਿਨਾ ਕੋਈ ਚਿਤਾਵਨੀ ਦਿੱਤਿਆਂ ਮਸ਼ੀਨ ਗੰਨਾਂ ਨੇ ਗੋਲ਼ੀ ਵਰਾਹੁਣੀ ਸ਼ੁਰੂ ਕਰ ਦਿੱਤੀ। ਗੋਲ਼ੀਆਂ ਚਲਾਉਣ ਵਾਲੇ ਤਕਰੀਬਨ ਸਾਰੇ ਹੀ ਫ਼ੌਜੀ ਭਾਰਤੀ ਸਨ ਪਰ ਸ਼ਾਇਦ ਉਹ ਡਾਇਰ ਦੇ ਸਾਹਮਣੇ ਮਜ਼ਬੂਰ ਹੋਣਗੇ। ਕੋਈ 1650 ਗੋਲੀਆਂ ਚਲਾਈਆਂ ਗਈਆਂ ਜਿਨਾ ਨਾਲ ਸਰਕਾਰੀ ਅੰਕੜਿਆਂ ਮੁਤਾਬਕ 379 ਆਦਮੀ ਸ਼ਹੀਦ ਹੋ ਗਏ। ਪਰ ਸ਼ਹਿਰ ਦੇ ਸਿਵਲ ਸਰਜਨ ਨੇ 1526 ਮੌਤਾਂ ਦਾ ਸੰਕੇਤ ਦਿੱਤਾ। ਕੋਈ 1200 ਲੋਕ ਜ਼ਖਮੀ ਹੋਏ ਅਤੇ 120 ਲਾਸ਼ਾਂ ਤਾਂ ਬਾਗ਼ ਵਾਲੇ ਖੂਹ ਵਿਚੋਂ ਹੀ ਮਿਲੀਆਂ ਦੱਸਦੇ ਹਨ। ਇਹਨਾਂ ਲੋਕਾਂ ਨੇ ਗੋਲ਼ੀਆਂ ਤੋਂ ਬਚਣ ਲਈ ਖੂਹ ਵਿੱਚ ਛਾਲ਼ਾਂ ਮਾਰ ਦਿੱਤੀਆਂ ਹੋਣਗੀਆਂ।

ਜਨਰਲ ਡਾਇਰ ਨੇ ਵਹਿਸ਼ਤ ਦਾ ਨਾਚ ਨੱਚਣਾ ਅਜੇ ਵੀ ਬੰਦ ਨਾ ਕੀਤਾ। 19 ਅਪ੍ਰੈਲ ਤੋਂ 25 ਅਪ੍ਰੈਲ ਤੱਕ ਸ਼ਹਿਰ ਵਾਸੀਆਂ ਤੇ ਰੱਜ ਕੇ ਕਹਿਰ ਢਾਹਿਆ ਗਿਆ। ਜਿਹੜੀ ਗਲੀ ਵਿੱਚ ਮਿਸ ਸ਼ੇਰਵੁੱਡ ਉੱਤੇ ਹਮਲਾ ਹੋਇਆ ਸੀ, ਉਸ ਗਲੀ ਵਿਚੋਂ ਲੰਘਣ ਵਾਲੇ ਹਰ ਭਾਰਤੀ ਨੂੰ 5 ਦਿਨਾਂ ਵਾਸਤੇ ਗੋਡਿਆਂ ਭਾਰ ਰੀਂਘ ਕੇ ਲੰਘਣ ਲਈ ਮਜਬੂਰ ਕੀਤਾ ਗਿਆ। ਭਾਵੇਂ ਕਿ ਬਾਅਦ ਵਿੱਚ ਹੰਟਰ ਕਮੇਟੀ ਨੇ ਡਾਇਰ ਨੂੰ ਪੂਰੀ ਤਰਾਂ ਦੋਸ਼ੀ ਮੰਨਿਆ ਤੇ ਉਸ ਦੀ ਬਰਖ਼ਾਸਤਗੀ ਦਾ ਸੁਝਾਅ ਦਿੱਤਾ ਪਰ ਡਾਇਰ ਨੇ ਕਦੇ ਵੀ ਆਪਣੀ ਕਰਤੂਤ ਦਾ ਅਫਸੋਸ ਨਹੀਂ ਕੀਤਾ। ਉਲਟਾ ਉਸ ਨੇ ਹਰਮੰਦਰ ਸਾਹਿਬ ਦੇ ਸਰਬਰਾਹ ਸੁੰਦਰ ਸਿੰਘ ਮਜੀਠੀਆ ਨੂੰ ਆਪਣਾ ਪ੍ਰਭਾਵ ਵਰਤ ਕੇ ਸਿੱਖਾਂ ਨੂੰ ਸ਼ਾਂਤ ਕਰਨ ਦੀ ਹਦਾਇਤ ਦਿੱਤੀ। ਹਰਮੰਦਰ ਸਾਹਿਬ ਦੇ ਹੈੱਡ ਗਰੰਥੀ ਅਰੂੜ ਸਿੰਘ ਨੇ ਉਸ ਨੂੰ ਸਿਰੋਪਾ ਦਿੱਤਾ ਕਿਉਂਕਿ ਇਹ ਸਾਰੇ ਹੀ ਅੰਗਰੇਜ਼ ਦੀਆਂ ਕਠਪੁਤਲੀਆਂ ਸਨ। ਇਹਨਾਂ ਨੇ ਡਾਇਰ ਨੂੰ ਸਿੱਖ ਸਜਾਉਣ ਦਾ ਨਾਟਕ ਵੀ ਕੀਤਾ। ਡਾਇਰ ਨੇ ਕਿਹਾ ਕਿ ਉਹ ਕੇਸ ਨਹੀਂ ਰੱਖ ਸਕਦਾ, ਪੁਜਾਰੀਆਂ ਨੇ ਕਿਹਾ ਕਿ ਭਾਵੇਂ ਨਾ ਰੱਖ , ਕੋਈ ਗੱਲ ਨਹੀਂ। ਡਾਇਰ ਨੇ ਕਿਹਾ ਕਿ ਉਹ ਸਿਗਰਟ ਪੀਣੀ ਵੀ ਨਹੀਂ ਛੱਡ ਸਕਦਾ, ਇਹਨਾਂ ਕਿਹਾ ਕਿ ਕਦੇ-ਕਦੇ ਪੀ ਲਿਆ ਕਰ। ਬਾਅਦ ਵਿੱਚ ਇਹਨਾਂ ਸਾਰੀਆਂ ਹੀ ਘਟਨਾਵਾਂ ਨੇ, ਗੁਰਦੁਆਰਿਆਂ ਨੂੰ ਸਰਕਾਰੀ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੀ ਲਹਿਰ ਵਿੱਚ ਹਿੱਸਾ ਪਾਇਆ।

1920 ਵਿੱਚ ਡਾਇਰ ਰਿਟਾਇਰ ਹੋ ਕੇ ਇੰਗਲੈਂਡ ਚਲਾ ਗਿਆ। ਭਾਵੇਂ ਕਿ ਵਿੰਸਟਨ ਚਰਚਲ ਵਰਗੇ ਵੱਡੇ ਲੋਕਾਂ ਨੇ ਡਾਇਰ ਦੀ ਸਖਤ ਆਲੋਚਨਾ ਕੀਤੀ ਪਰ ਅੰਗਰੇਜ਼ਾਂ ਵਿੱਚ ਉਸਦੇ ਪ੍ਰਸ਼ੰਸਕਾਂ ਦੀ ਵੀ ਕੋਈ ਕਮੀ ਨਹੀਂ ਸੀ। ‘ਮੋਰਨਿੰਗ ਪੋਸਟ’ ਨਾਂ ਦੇ ਬਰਤਾਨਵੀ ਅਖ਼ਬਾਰ ਨੇ ਉਸ ਲਈ ਫੰਡ ਇਕੱਠਾ ਕੀਤਾ ਜੋ ਕਿ 26000 ਪੌਂਡ ਤੱਕ ਹੋ ਗਿਆ ਜੋ ਕਿ ਬਹੁਤ ਹੀ ਵੱਡੀ ਰਕਮ ਸੀ। ਉਸਨੂੰ ਤਲਵਾਰ ਭੇਟ ਕੀਤੀ ਗਈ ਤੇ ਹੋਰ ਸਨਮਾਨ ਵੀ ਦਿੱਤੇ ਗਏ। ਆਪਣੇ ਆਖਰੀ ਦਿਨਾਂ ਵਿੱਚ ਉਸਨੂੰ ਬਰੇਨ ਹੈਮਰੇਜ ਨਾਲ ਅਧਰੰਗ ਹੋ ਗਿਆ ਤੇ ਬੋਲਣ ਦੀ ਸਮਰੱਥਾ ਖ਼ਤਮ ਹੋ ਗਈ। 1927 ਵਿੱਚ ਉਹ ਇਸੇ ਬਿਮਾਰੀ ਨਾਲ ਹੀ ਨਰਕ ਭੋਗ ਕੇ ਮਰ ਗਿਆ। ਪਰ ਆਪਣੇ ਆਖਰੀ ਦਿਨਾਂ ਤੱਕ ਉਸ ਹੈਂਕੜਬਾਜ ਨੇ ਕਦੇ ਵੀ ਆਪਣਾ ਗੁਨਾਹ ਕਬੂਲ ਨਾ ਕੀਤਾ ਤੇ ਇਹੀ ਕਹਿੰਦਾ ਰਿਹਾ ਕਿ ਜੇ ਉਹ ਗੋਲ਼ੀ ਨਾ ਚਲਾਉਂਦਾ ਤਾਂ ਹਾਲਾਤ ਬਹੁਤ ਵਿਗੜ ਸਕਦੇ ਸੀ ਤੇ ਅੰਗਰੇਜ਼ਾਂ ਦਾ ਤਖਤਾ ਪਲਟ ਹੋ ਸਕਦਾ ਸੀ। ਉਹ ਆਪਣੇ ਆਪ ਨੂੰਅੰਗਰੇਜ਼ੀ ਸਾਮਰਾਜ ਦਾ ਰਾਖਾ ਮੰਨਦਾ ਸੀ। ਭਾਰਤੀਆਂ ਨੂੰ ਉਹ ਵੱਡੇ ਸ਼ੈਤਾਨ ਸਮਝਦਾ ਸੀ। ਪਰ ਅਸਲ ਵਿੱਚ ਉਸ ਦਾ ਆਪਣਾ ਨਾਮ ਦੁਨੀਆ ਦੇ ਵੱਡੇ ਵਹਿਸ਼ੀਆਂ ਵਿੱਚ ਲਿਖਿਆ ਗਿਆ।

ਮਾਈਕਲ ਓਡਵਾਇਰ :

ਮਾਈਕਲ ਓਡਵਾਇਰ ਨੂੰ ਅਕਸਰ ਹੀ ਕੁਝ ਲੋਕ, ਗ਼ਲਤੀ ਨਾਲ ਜਨਰਲ ਡਾਇਰ ਸਮਝ ਲੈਂਦੇ ਹਨ। ਅਸਲ ਵਿੱਚ ਮਾਈਕਲ ਓਡਵਾਇਰ 1912 ਤੋਂ 1919 ਤੱਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ ਜਿਸਦੀ ਤਾਕਤ ਅੱਜ ਦੇ ਮੁੱਖ ਮੰਤਰੀ ਅਤੇ ਰਾਜਪਾਲ ਦੇ ਬਰਾਬਰ ਮੰਨ ਸਕਦੇ ਹਾਂ। ਉਸ ਨੇ ਜਨਰਲ ਡਾਇਰ ਦੇ ਕੰਮ ਦੀ ਤਾਰੀਫ਼ ਕਰਕੇ ਉਸ ਦਾ ਪੂਰਾ ਸਾਥ ਦਿੱਤਾ ਸੀ। ਪੰਜਾਬ ਵਿਚਲੇ ਸਾਰੇ ਹੀ ਅੱਤਿਆਚਾਰ ਉਸਦੀ ਸ਼ਹਿ ਨਾਲ ਹੀ ਹੋਏ ਸਨ। ਇਸ ਤਰ੍ਹਾਂ ਡਾਇਰ ਦੀ ਮੌਤ ਤੋਂ ਬਾਅਦ ਜਲ੍ਹਿਆਂਵਾਲੇ ਬਾਗ਼ ਦੇ ਮਾਸੂਮਾਂ ਦਾ ਵੱਡਾ ਕਾਤਲ ਉਹ ਹੀ ਬਚਿਆ ਸੀ। ਉਸ ਨੂੰ ਹੀ ਸਰਦਾਰ ਊਧਮ ਸਿੰਘ ਨੇ, ਜਲਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਤੋਂ, ਪੂਰੇ 20 ਸਾਲ 11 ਮਹੀਨੇ ਬਾਅਦ, 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਗੋਲ਼ੀ ਮਾਰ ਦਿੱਤੀ ਸੀ। ਫਿਰ 31 ਜੁਲਾਈ 1940 ਨੂੰ ਸਰਦਾਰ ਊਧਮ ਸਿੰਘ ਨੂੰ ਇੰਗਲੈਂਡ ਵਿੱਚ ਹੀ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।
ਲੇਖਕ : ਜੀ. ਐੱਸ. ਗੁਰਦਿੱਤ
ਪਿੰਡ ਤੇ ਡਾਕ: ਚੱਕ ਬੁੱਧੋ ਕੇ
ਜ਼ਿਲ੍ਹਾ ਫ਼ਾਜ਼ਿਲਕਾ

Real Estate