ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਹਾਲ ਕਰਵਾਉਣ ਲਈ ਮੁੱਖ ਚੋਣ ਕਮਿਸ਼ਨ ਨੂੰ ਮਿਲੀਆਂ ਸਿੱਖ ਜਥੇਬੰਦੀਆਂ

992

ਯੂਨਾਈਟਿਡ ਅਕਾਲੀ ਦਲ ਦੇ ਬੈਨਰ ਹੇਠ ਪੰਥਕ ਆਗੂਆਂ ਨੇ ਰਾਜਧਾਨੀ ਨਵੀਂ ਦਿੱਲੀ ਸਥਿਤ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਯਾਦ–ਪੱਤਰ ਸੌਂਪਿਆ। ਇਸ ਮੈਮੋਰੈਂਡਮ ਵਿੱਚ ਬੇਨਤੀ ਕੀਤੀ ਗਈ ਕਿ ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨਾ ਕੀਤੀ ਜਾਵੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਬੀਤੇ ਦਿਨੀਂ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਕਰ ਦਿੱਤੀ ਗਈ ਸੀ ਕਿਉਂਕਿ ਦੋਸ਼ ਸੀ ਕਿ ਉਨ੍ਹਾਂ ਨੇ ਚੋਣ–ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਵੱਡੀ ਗਿਣਤੀ ਵਿੱਚ ਪੰਥਕ ਆਗੂ ਖ਼ਾਸ ਤੌਰ ਉੱਤੇ ਦਿੱਲੀ ਪੁੱਜੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਧਿਆਨ ਸਿੰਘ ਮੰਡ ਨੇ ਉਨ੍ਹਾਂ ਨੂੰ ਰਵਾਨਾ ਕੀਤਾ। ਫਿਰ ਭਾਈ ਮੋਹਕਮ ਸਿੰਘ ਦੀ ਅਗਵਾਈ ਹੇਠ ਪੰਥਕ ਆਗੂਆਂ ਦਾ ਵਫ਼ਦ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਲਈ ਰਵਾਨਾ ਹੋਇਆ।ਪੰਥਕ ਆਗੂਆਂ ਵੱਲੋਂ ਚੋਣ ਕਮਿਸ਼ਨ ਨੂੰ ਪੇਸ਼ ਕੀਤੇ ਗਏ ਯਾਦ–ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਦੁੱਖੀ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਅਕਤੂਬਰ 2015 ਦੌਰਾਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਪੁਲਿਸ ਗੋਲੀਬਾਰੀ ਦੌਰਾਨ ਮਾਰੇ ਗਏ ਸਨ। ਤਦ ਉੱਥੇ ਹਜ਼ਾਰਾਂ ਰੋਸ ਮੁਜ਼ਾਹਰਾਕਾਰੀ ਬਿਲਕੁਲ ਸ਼ਾਂਤ ਬੈਠੇ ਸਨ। ਮੈਮੋਰੈਂਡਮ ਵਿੱਚ ਕਿਹਾ ਗਿਆ ਹੈ ਕਿ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ–ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਗੋਲੀਕਾਂਡ ਦੀ ਜਾਂਚ ਹੀ ਨਹੀਂ ਕੀਤੀ ਤੇ ਇਨਸਾਫ਼ ਨਹੀਂ ਦਿੱਤਾ। ਪੰਥਕ ਆਗੂਆਂ ਦਾ ਕਹਿਣਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮਾਮਲੇ ਦੀ ਜਾਂਚ ਬਹੁਤ ਈਮਾਨਦਾਰੀ ਨਾਲ ਕਰ ਰਹੇ ਸਨ। ਮੈਮੋਰੈਂਡਮ ਮੁਤਾਬਕ ਸਿਟ ਦੀ ਚੋਣ ਪ੍ਰਕਿਰਿਆ ਵਿੱਚ ਕੋਈ ਭੂਮਿਕਾ ਨਹੀਂ ਹੈ ਇਸ ਲਈ ਇਸ ਅਧਿਕਾਰੀ ਨੂੰ ਬਹਾਲ ਕੀਤਾ ਜਾਵੇ।’

Real Estate