‘ਵਿਕਰਮ’ ਨੇ ਚੱਕਰ ‘ਚ ਪਾਇਆ , ‘ਹਰ 10-10 ਮਿੰਟ ਬਾਅਦ ਵਿਕਰਮ ਆਤੇ ਹੈਂ

3827

ਸੁਖਨੈਬ ਸਿੰਘ ਸਿੱਧੂ

ਮਾਨਸਿਕ ਤੌਰ ‘ਤੇ ਥੋੜਾ ਪ੍ਰੇਸ਼ਾਨ ਸੀ । ਘਰੋਂ ਨਿਕਲਿਆ,ਬੈਗ ‘ਚ ਕੱਪੜੇ ਪਾਏ, ਰੇਡੀਓ ਤੋਂ ਦੋ ਦਿਨ ਦੀ ਛੁੱਟੀ ਕੀਤੀ ਅਤੇ ਬਿਨਾ ਸੋਚੇ ਸਮਝੇ ਨਿਕਲ ਪਿਆ । ਜਾਣਾ ਰਿਸ਼ੀਕੇਸ਼ ਸੀ ਪਰ ਦੂਰ ਲੱਗਿਆ । ਫਿਰ ਹਿਮਾਚਲ ਜਾਣ ਦੀ ਸੋਚੀ ਕੱਲੇ ਦਾ ਜਾਣ ਨੂੰ ਦਿਲ ਨਾ ਕੀਤਾ , ਪਰ ਮੈਂ ਆਪਣੀ ਯਾਤਰਾ ਕੱਲਾ ਹੀ ਕਰਨੀ ਚਾਹੁੰਦਾ ਸੀ । ਦੇਹਰਾਦੂਨ ਦੇ ‘ਓਸ਼ੋ ਆਸ਼ਰਮ’ ਜਾਣ ਦਾ ਮਨ ਬਣਿਆ ਕਿ ਦੋ ਦਿਨ ਅਣਜਾਣ ਲੋਕਾਂ ਨਾਲ ਰਹਾਂਗਾ । ਮੈਨੂੰ ਇਕਾਂਤ ਦੀ ਲੋੜ ਸੀ । ਰਾਜਪੁਰੇ ਸਟੇਸ਼ਨ ਤੇ ਕਾਰ ਪਾਰਕ ਕੀਤੀ । ਟਿਕਟ ਲੈ ਕੇ ਅੰਬਾਲਾ ਗਿਆ । ਉੱਥੋ ਸਰਕਾਰੀ ਬੱਸ ਦੇ ਸਾਥ ਨਾਲ ਦੇਹਰਾਦੂਨ ਲਈ ਰਵਾਨਾ ਹੋ ਗਿਆ ।
ਦੇਹਰਾਦੂਨ ਦੇ ਕਲੇਮਿੰਗ ਟਾਊਨ ਇਲਾਕੇ ‘ਚ ਜਾਣਾ ਸੀ । ਬੱਸ ਸਟੈਂਡ ਤੇ ਉਤਰ ਕੇ ਕੁਝ ਖਾ ਪੀ ਕੇ ਢਾਬੇ ਤੋਂ ‘ਕਲੇਮਿੰਗ ਟਾਊਨ’ ਦਾ ਪਤਾ ਪੁੱਛਿਆ । ਢਾਬੇ ਵਾਲੇ ਕਹਿੰਦੇ ਅਗਲੀਆਂ ਲਾਈਟਾਂ ਤੋਂ ਵਿਕਰਮ ਮਿਲ ਜਾਊ ।
ਮੈਂ ਜਿ਼ਆਦਾ ਤਾਂ ਸਮਝ ਨਾ ਆਇਆ । ਮੈਂ ਲਾਈਟਾਂ ਵੱਲ ਨੂੰ ਹੋ ਤੁਰਿਆ । ਆਸਾ-ਪਾਸਾ ਦੇਖਿਆ ਫਿਰ ਉੱਥੇ ਖੜੇ ਇੱਕ ਪੁਲੀਸ ਵਾਲੇ ਨੂੰ ਪਤਾ ਪੁੱਛਿਆ , ਉਹ ਕਹਿੰਦਾ , ‘ਸਾਹਮਣੇ ਰੁੱਕ ਜਾਓ ਵਿਕਰਮ ਆਨੇ ਵਾਲਾ ਹੈ।’
ਮੈਂ ਹੋਰ ਹਿੱਲ ਗਿਆ । ਕਿ ਵਿਕਰਮ ਕੌਣ ? ਨਾ ਹੀ ਮੈਂ ਐਨਾ ਮਸ਼ਹੂਰ ਕਿ ਜਿੱਥੇ ਮੈਂ ਜਾਣਾ ਹੋਵੇ ,ਲੋਕਾਂ ਨੂੰ ਪਹਿਲਾਂ ਪਤਾ ਹੋਵੇ । ਫਿਰ ਸੋਚਿਆ ਆਸ਼ਰਮ ਵਾਲਿਆਂ ਦਾ ਕੋਈ ਬੰਦਾ ਹੋਵੇਗਾ ਜਿਹੜਾ ਸਵਾਰੀਆਂ ਨੂੰ ਲੈ ਕੇ ਜਾਂਦਾ ।
10 ਕੁ ਮਿੰਟ ਖੜ੍ਹਿਆ ਸੀ । ਫਿਰ ਪੁਲੀਸ ਵਾਲੇ ਦੀ ਨਜ਼ਰ ਮੇਰੇ ‘ਤੇ ਪਈ ,‘ਆਪ ਗਏ ਨਹੀ ,’
ਮੈਂ ਕਿਹਾ , ‘ਮੈਨੂੰ ਵਿਕਰਮ ਨਈਂ ਦਿਸਿਆ ’
ਪੁਲੀਸ ਵਾਲਾ ਕਹਿੰਦਾ , ‘ ਭਾਈ ਸਾਹਿਬ , ਹਰ 10-10 ਮਿੰਟ ਬਾਅਦ ਵਿਕਰਮ ਆਤੇ ਹੈਂ ।’
‘ਵਿਕਰਮ ਆਤੇ ਹੈਂ’ ਵਾਲੀ ਗੱਲ ਤੋਂ ਮੈਂ ਸਮਝਿਆ ਕਿ ਕੋਈ ਹੋਰ ਸ਼ੈਅ ਹੋਣੀ , ਬੰਦਾ ਤਾਂ ਨਈਂ ਹੋ ਸਕਦਾ । ਜਿਹੜਾ 10-10 ਮਿੰਟ ਬਾਅਦ ਗੇੜਾ ਕੱਢੀ ਜਾਵੇ , ਮੋਦੀ ਵਾਂਗੂੰ ।
ਮੈਂ ਪੁਲੀਸ ਵਾਲੇ ਨੂੰ ਫਿਰ ਪੁੱਛਿਆ , ‘ ਇਹ ਵਿਕਰਮ ਕੀ ਆਈਟਮ ?
ਉਹ ਕਹਿੰਦਾ , ‘ ਆਪਕੋ ਨਈਂ ਪਤਾ ਵਿਕਰਮ ਕਿਆ ਹੋਤਾ, ਕਭੀ ਆਟੋ ਮੈਂ ਨਹੀਂ ਚੜੇ ।’
ਕੱਲਾ ਹੀ ਹੱਸੀ ਜਾਵਾ , ਕਿ ਕਲੋਲ ਹੀ ਹੋਗੀ ।
ਮੈਂ ਕਿਹਾ ਵਿਕਰਮ ਦਾ ਨਈਂ ਪਤਾ , ਆਟੋ ਤਾਂ ਕੀ , ਅਸੀਂ ਮਿੰਨੀਆਂ ਤਾਂ ਪਿੱਛੇ ਵੀ ਬਥੇਰਾ ਝੂਟਦੇ ਰਹੇ , ਰੋਡਵੇਜ ਵਾਲਿਆਂ ਨਾਲ ਟਿਕਟਾਂ ਪਿੱਛੇ ਲੜਦੇ ਰਹੇ , ਭੂੰਡ ਦੀ ਸਵਾਰੀ ਵੀ ਕੀਤੀ , ਘੜੁੱਕੇ ‘ਤੇ ਚੜਕੇ ਨਾਨਕਿਆਂ ਤੋਂ ਵਿਸਾਖੀ ਦੇਖਣ ਜਾਂਦੇ ਹੁੰਦੇ ਸੀ ।
ਪੁਲੀਸ ਵਾਲਾ ਫਿਰ ਗੱਲਾਂ ਮਾਰਨ ਲੱਗਾ ਐਨੇ ਨੂੰ ‘ਵਿਕਰਮ’ ਆ ਗਿਆ ।
ਮੈਂ ਆਉਂਦੇ ਹੋਏ ਨੇ ਕਿਹਾ , ‘ਰਹਿਣੇ ਵਾਲੇ ਸ਼ਹਿਰ ਕੇ ਹੋ ਫਿਰ ਵੀ ਸਮਝਦਾਰ ਲੱਗਤੇ ਹੋ ।

Real Estate