ਬਲਵਿੰਦਰ ਸਿੰਘ ਭੁੱਲਰ
ਭਾਰਤ ’ਚ ਉੱਠੀ ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਆਜ਼ਾਦੀ ਲਹਿਰ, ਕਮਿਊਨਿਸਟ ਲਹਿਰ, ਲਾਲ ਪਾਰਟੀ, ਕਿਸਾਨੀ ਸੰਘਰਸ, ਵਿੱਚ ਝੰਡੇ ਗੱਡਣ ਵਾਲੀ ਭੂਮਿਕਾ ਨਿਭਾਉਣ ਤੋਂ ਇਲਾਵਾ ਵਿਦੇਸ਼ੀ ਫੌਜ ਵਿੱਚ ਆਹਲਾ ਅਫ਼ਸਰ ਤੇ ਭਾਰਤੀ ਸੰਸਦ ਦਾ ਵਧੀਆ ਪਾਰਲੀਮੈਂਟਰੀਅਨ ਹੋਣਾ, ਕੀ ਸਭ ਕੁੱਝ ਇੱਕ ਵਿਅਕਤੀ ਦੇ ਹਿੱਸੇ ਆ ਸਕਦੈ? ਇਉਂ ਲਗਦੈ ਜਿਵੇਂ ਇਹ ਕੰਮ ਕਿਸੇ ਸੰਸਥਾ ਜਾਂ ਪਾਰਟੀ ਦੇ ਹੋਣ, ਪਰ ਅਸਲ ’ਚ ਇਹ ਇੱਕੋ ਵਿਅਕਤੀ ਸਮੁੰਦ ਸਿੰਘ ਤੋਂ ਬਣੇ ਉਘੇ ਕਮਿਊਨਿਸਟ ਸ੍ਰ: ਤੇਜਾ ਸਿੰਘ ਸੁਤੰਤਰ ਦੇ ਹਨ। ਇਸ ਮਹਾਨ ਕਮਿਊਨਿਸਟ ਤੇ ਲੋਕ ਨਾਇਕ ਕਾ: ਤੇਜਾ ਸਿੰਘ ਸੁਤੰਤਰ ਦਾ ਜਨਮ 16 ਜੁਲਾਈ 1901 ਨੂੰ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਅਲੂਣਾ ਵਿੱਚ ਸ੍ਰ: ਕਿਰਪਾਲ ਸਿੰਘ ਉਰਫ ਦੇਸਾ ਸਿੰਘ ਦੇ ਘਰ ਹੋਇਆ ਅਤੇ ਉਸਦਾ ਨਾਂ ਸਮੁੰਦ ਸਿੰਘ ਰੱਖਿਆ ਗਿਆ। ਕਿਰਪਾਲ ਸਿੰਘ ਫੌਜ ਦੀ ਨੌਕਰੀ ਕਰਦੇ ਸਨ, ਜਿੱਥੇ ਉਹਨਾਂ ਦਾ ਮੇਲਜੋਲ ਸ੍ਰ: ਸੇਵਾ ਸਿੰਘ ਠੀਕਰੀਵਾਲਾ ਅਤੇ ਗ਼ਦਰੀ ਬਾਬਿਆਂ ਨਾਲ ਹੋ ਗਿਆ, ਜਿਹਨਾਂ ਦੇ ਪ੍ਰਭਾਵ ਸਦਕਾ ਉਹਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਤਪਨ ਹੋ ਗਈ। ਫੌਜ ਵਿੱਚੋਂ ਸੇਵਾਮੁਕਤ ਹੋਣ ਉਪਰੰਤ ਉਹ ਗ਼ਦਰ ਪਾਰਟੀ ਦਾ ਪਾਬੰਦੀਸੁਦਾ ਲਿਟਰੇਚਰ ਵੰਡਣ ਦੀ ਸੇਵਾ ਕਰਦੇ ਰਹੇ। ਸਮੁੰਦ ਸਿੰਘ ਘਰ ਵਿੱਚ ਪਿਆ ਇਹ ਲਿਟਰੇਚਰ ਪੜ੍ਹਦਾ ਰਹਿੰਦਾ, ਜਿਸ ਸਦਕਾ ਉਸਨੂੰ ਵੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਚੇਟਕ ਲੱਗ ਗਈ। ਸਮੁੰਦ ਸਿੰਘ ਸਕੂਲੀ ਪੜ੍ਹਾਈ ਕਰਕੇ ਖਾਲਸਾ ਕਾਲਜ ਅਮ੍ਰਿਤਸਰ ਵਿੱਚ ਦਾਖਲ ਹੋ ਗਿਆ, ਉਸ ਸਮੇਂ ਅੰਗਰੇਜ ਹਕੂਮਤ ਨੇ ਜਲ੍ਹਿਆਂਵਾਲਾ ਬਾਗ ਦਾ ਖੂਨੀ ਕਾਂਡ ਕਰ ਦਿੱਤਾ। ਜਿਸਦਾ ਸਮੁੰਦ ਸਿੰਘ ਦੇ ਦਿਲ ਤੇ ਗਹਿਰਾ ਅਸਰ ਹੋਇਆ ਅਤੇ ਉਸਨੇ ਇਸ ਕਾਂਡ ਦਾ ਵਿਰੋਧ ਕਰਦਿਆਂ ਕਾਲਜ ਦੀ ਪੜ੍ਹਾਈ ਛੱਡ ਦਿੱਤੀ ਅਤੇ ਗੁਰਦਾਸਪੁਰ ਨੂੰ ਚੱਲ ਪਿਆ। ਗੁਰਦਾਸਪੁਰ ਵਿਖੇ ਉਸ ਦਿਨ ਨਨਕਾਣਾ ਸਾਹਿਬ ਕਤਲੇਆਮ ਵਿਰੁੱਧ ਇੱਕ ਜਲਸਾ ਕੀਤਾ ਜਾ ਰਿਹਾ ਸੀ ਅਤੇ ਸਮੁੰਦ ਸਿੰਘ ਦੇ ਪਿਤਾ ਸ੍ਰ: ਕਿਰਪਾਲ ਸਿੰਘ ਨੇ ਆਪਣੇ ਪਰਿਵਾਰ ਵੱਲੋਂ ਵਿਰੋਧ ਕਰ ਰਹੀ ਅਕਾਲੀ ਲਹਿਰ ਦਾ ਡਟ ਕੇ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਵੀ ਪੂਰੇ ਸਿਖ਼ਰਾਂ ਤੇ ਚੱਲ ਰਹੀ ਸੀ, ਪੜ੍ਹਾਈ ਤਿਆਗ ਕੇ ਵਿਹਲੇ ਹੋਏ ਸਮੁੰਦ ਸਿੰਘ ਨੇ ਆਪਣਾ ਘਰ ਬਾਰ ਛੱਡ ਕੇ ਜਿਲ੍ਹੇ ਵਿੱਚ ਅਕਾਲੀ ਜਥਾ ਭਰਤੀ ਕਰਨਾ ਸੁਰੂ ਕਰ ਦਿੱਤਾ। ਸੰਨ 1921 ਵਿੱਚ ਉਹਨਾਂ ਦੀ ਅਗਵਾਈ ਵਿੱਚ ਜਥੇ ਨੇ ਗੁਰਦੁਆਰਾ ਤੇਜਾ ਵਹੀਲਾ ਨੂੰ ਮਹੰਤਾਂ ਦੇ ਕਬਜੇ ਤੋਂ ਛੁਡਾ ਕੇ ਆਜ਼ਾਦ ਕਰਵਾ ਦਿੱਤਾ। ਇਸ ਕਾਰਵਾਈ ਤੋਂ ਖੁਸ਼ ਹੁੰਦਿਆਂ ਲੋਕਾਂ ਨੇ ਤੇਜਾ ਵਹੀਲਾ ਗੁਰਦੁਆਰਾ ਸੁਤੰਤਰ ਕਰਵਾਉਣ ਦੀ ਵਧਾਈ ਦਿੰਦਿਆਂ ਉਹਨਾਂ ਨੂੰ ਸਮੁੰਦ ਸਿੰਘ ਤੋਂ ਤੇਜਾ ਸਿੰਘ ਸੁਤੰਤਰ ਬਣਾ ਦਿੱਤਾ। ਸ੍ਰ: ਤੇਜਾ ਸਿੰਘ ਸੁਤੰਤਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਚੁਣੇ ਗਏ ਸਨ, ਜੋ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ। ਜਦ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਤਾਂ ਸ੍ਰ: ਸੁਤੰਤਰ ਵੀ ਜਥਾ ਲੈ ਕੇ ਮੋਰਚੇ ਵਿੱਚ ਸਾਮਲ ਹੋਏ। ਗੁਰਦੁਆਰਾ ਸਾਹਿਬ ਸਾਰੇ ਪਾਸਿਆਂ ਤੋਂ ਘੇਰਿਆ ਹੋਣ ਕਰਕੇ ਉਹਨਾਂ ਦਾ ਪੁਲਿਸ ਕਪਤਾਨ ਬੀ ਟੀ ਨਾਲ ਸਾਹਮਣਾ ਹੋ ਗਿਆ, ਪਰ ਸ੍ਰ: ਸੁਤੰਤਰ ਦੀ ਅਗਵਾਈ ਵਿੱਚ ਜਥਾ ਜੱਦੋਜਹਿਦ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਵਿੱਚ ਸਫ਼ਲ ਹੋ ਗਿਆ। ਉਹਨਾਂ ਦੀ ਕਾਬਲੀਅਤ ਨੂੰ ਮੁੱਖ ਰਖਦੇ ਹੋਏ ਧਰਮ ਪ੍ਰਚਾਰ ਲਈ ਉਹਨਾਂ ਨੂੰ ਕਾਬਲ ਭੇਜਿਆ ਗਿਆ, ਜਿੱਥੇ ਉਹ ਧਰਮ ਦਾ ਪ੍ਰਚਾਰ ਕਰਨ ਦੇ ਨਾਲ ਨਾਲ ਹਥਿਆਰ ਲਾਉਣ ਦੇ ਗੁਰ ਵੀ ਸਿਖਦੇ ਰਹੇ ਅਤੇ ਭਾਰਤੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਜਾਗਰੂਕ ਕਰਦੇ ਰਹੇ। 1924 ਵਿੱਚ ਉਹ ਆਜ਼ਾਦ ਬੇਗ ਦੇ ਨਾਂ ਹੇਠ ਤੁਰਕੀ ਚਲੇ ਗਏ ਅਤੇ ਉਥੋਂ ਦੇ ਨਾਗਰਿਕ ਬਣਕੇ ਫੌਜ ਵਿੱਚ ਭਰਤੀ ਹੋ ਗਏ ਅਤੇ ਅਫ਼ਸਰੀ ਕੀਤੀ। ਉੱਥੋਂ ਉਹ ਅਮਰੀਕਾ ਗਏ ਅਤੇ ਭਾਰਤੀ ਕ੍ਰਾਂਤੀਕਾਰੀਆਂ ਨਾਲ ਸੰਪਰਕ ਬਣਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਰਗਰਮ ਹੋ ਗਏ। 1932 ਵਿੱਚ ਉਹ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟਾਈਨਾ, ਉਰੂਗੋਏ, ਬਰਾਜੀਲ, ਰੂਸ ਆਦਿ ਦੇਸ਼ਾਂ ਦੇ ਦੌਰੇ ਤੇ ਗਏ ਅਤੇ ਇਸ ਸਮੇਂ ਦੌਰਾਨ ਉਹ ਸਹੀਦ ਭਗਤ ਸਿੰਘ ਦੇ ਚਾਚਾ ਸ੍ਰ: ਅਜੀਤ ਸਿੰਘ ਨੂੰ ਵੀ ਮਿਲੇ। ਇਸ ਉਪਰੰਤ ਅਮਰੀਕਾ ਸਥਿਤ ਕਿਰਤੀ ਕਿਸਾਨ ਸਭਾ ਦੇ ਹੈ¤ਡਕੁਆਟਰ ਨੇ ਸਭਾ ਦਾ ਕੰਮ ਪੰਜਾਬ ਵਿੱਚ ਤੇਜ ਕਰਨ ਲਈ ਸ੍ਰ: ਤੇਜਾ ਸਿੰਘ ਸੁਤੰਤਰ ਨੂੰ ਭਾਰਤ ਭੇਜਣ ਦਾ ਫੈਸਲਾ ਕੀਤਾ। 1936 ਵਿੱਚ ਹੋਈਆਂ ਪੰਜਾਬ ਅਸੰਬਲੀ ਚੋਣਾਂ ਸਮੇਂ ਉਹ ਜਿਲ੍ਹਾ ਲਹੌਰ ਦੀ ਤਹਿਸੀਲ ਚੂਨੀਆਂ ਹਲਕੇ ਤੋਂ ਬਿਨਾਂ ਮੁਕਾਬਲਾ ਚੁਣੇ ਗਏ। ਆਜ਼ਾਦੀ ਤੋਂ
ਬਾਅਦ ਉਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2 ਫਰਵਰੀ 1948 ਨੂੰ ਨਕੋਦਰ ਵਿਖੇ ਇੱਕ ਕਨਵੈਨਸਨ ਕੀਤੀ ਅਤੇ ਇਸ ਮੌਕੇ ਨਵੀ ਜਥੇਬੰਦੀ ‘ਲਾਲ ਪਾਰਟੀ’ ਦਾ ਗਠਨ ਕੀਤਾ। ਇਸ ਪਾਰਟੀ ਨੇ ਜਗੀਰਦਾਰਾਂ ਦੀਆਂ ਜਮੀਨਾਂ ਤੇ
ਵਾਹੀ ਕਰਕੇ ਮੌਰੂਸੀ ਤੇ ਗੈਰ ਮੌਰੂਸੀ ਕਿਰਤੀਆਂ ਨੂੰ ਜਮੀਨਾਂ ਦੇ ਮਾਲਕ ਬਣਾਉਣ ਦਾ ਬੀੜਾ ਚੁੱਕਿਆ ਅਤੇ ਉਹਨਾਂ ਆਪਣਾ ਕਾਰਜ ਖੇਤਰ ਜਿਲ੍ਹਾ ਬਠਿੰਡਾ ਤੇ ਸੰਗਰੂਰ ਨੂੰ ਬਣਾਇਆ। ਉਹਨਾਂ ਬਹੁਤ ਪਿੰਡ ਦੇ ਕਿਸਾਨਾਂ ਕਿਰਤੀਆਂ ਨੂੰ
ਜਮੀਨਾਂ ਦੇ ਮਾਲਕ ਬਣਾਇਆ। 1952 ਵਿੱਚ ਉਹਨਾਂ ਲਾਲ ਪਾਰਟੀ ਨੂੰ ਖਤਮ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। 1957 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬਣਾਇਆ, ਪਰ ਉਸ ਸਮੇਂ ਕਾਂਗਰਸ ਅਤੇ ਅਕਾਲੀ ਦਲ ਦਾ ਗੱਠਜੋੜ ਹੋਣ ਕਾਰਨ ਉਹਨਾਂ ਦੇ ਵਿਰੋਧੀ ਸ੍ਰ: ਹੁਕਮ ਸਿੰਘ ਕਾਂਗਰਸੀ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੋ ਗਏ। ਇਸ ਉਪਰੰਤ ਪਾਰਟੀ ਵੱਲੋਂ
1971 ਵਿੱਚ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਜਿੱਤ ਕੇ ਸੰਸਦ ਵਿੱਚ ਪਹੁੰਚੇ। ਲੋਕ ਸਭਾ ਵਿੱਚ ਦਿਖਾਈ ਕਾਰਗੁਜਾਰੀ ਨੂੰ ਮੁੱਖ ਰਖਦਿਆਂ ਉਹਨਾਂ ਨੂੰ ਵਧੀਆ ਪਾਰਲੀਮੈਂਟੇਰੀਅਨ ਮੰਨਿਆਂ ਜਾਂਦਾ ਹੈ। 12 ਅਪਰੈਲ 1973 ਨੂੰ ਉਹ ਘਰ ਵਿੱਚ ਹੀ ਕੁਰਸੀ ਤੋਂ ਡਿੱਗ ਪਏ ਅਤੇ ਡਿੱਗਣ ਨਾਲ ਵੱਜੀ ਸੱਟ ਉਹਨਾਂ ਲਈ ਜਾਨਲੇਵਾ ਸਾਬਤ ਹੋਈ ਅਤੇ ਉਹ ਆਪਣੇ ਦੇਸਵਾਸੀਆਂ ਤੋਂ ਸਦਾ ਲਈ ਵਿੱਛੜ ਗਏ, ਅਗਲੇ ਦਿਨ 13 ਅਪਰੈਲ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਅਲੂਣਾ ਵਿਖੇ ਪਹੁੰਚ ਕੇ ਆਪਣੇ ਮਹਿਬੂਬ ਨੇਤਾ ਨੂੰ ਸਪੁਰਦ ਏ ਆਤਿਸ਼ ਕਰਦਿਆਂ ਸਰਧਾ ਦੇ ਫੁੱਲ ਭੇਂਟ ਕੀਤੇ।
ਬਲਵਿੰਦਰ ਸਿੰਘ ਭੁੱਲਰ ਗਲੀ ਨੰ: 12 ਭਾਈ ਮਤੀ ਦਾਸ ਨਗਰ
ਬਠਿੰਡਾ ਮੋਬਾ: 098882-75913