ਸਿਆਸਤ ਦੇ ਸ਼ਾਹਸਵਾਰ ਨਾਲ ਹੋ ਰਹੀ ਅਣਹੋਣੀ, ਪੁੱਤ ਦਾ ‘ਸਾਲਾ’ ਬੁੱਢੇ ਸਿਆਸਤਦਾਨ ਦੀ ਤੁਲਨਾ ਉਸਦੀ ਨੂੰਹ ਨਾਲ ਕਰਨ ਲੱਗਾ

1419

ਬਲਵਿੰਦਰ ਸਿੰਘ ਭੁੱਲਰ, ਬਠਿੰਡਾ

ਆਪਣੇ 62 ਸਾਲ ਦੇ ਸਰਗਰਮ ਸਿਆਸੀ ਜੀਵਨ ਦੌਰਾਨ ਜਿਸ ਸਖ਼ਸ ਨੇ ਆਪਣਿਆਂ ਤੋਂ ਲੈ ਕੇ ਵਿਰੋਧੀਆਂ ਤੱਕ ਨੂੰ ਵੀ ਨੱਕ ਨਾਲ ਪਾਣੀ ਪੀਣ ਲਈ ਮਜਬੂਰ ਕੀਤਾ ਹੋਵੇ, ਜਿੰਦਗੀ ਦੇ ਅੰਤਿਮ ਪੜਾਅ ਵਿੱਚ ਉਸਦੀ ਹਰਮਨ ਪਿਆਰਤਾ ਅਗਰ ਉਸਦੇ ਰਾਜਸੀ ਤਜਰਬੇ ਤੋਂ ਵੀ ਘੱਟ ਉਮਰ ਦਾ ਵਿਅਕਤੀ ਉਸਦੇ ਪੁਰਖਿਆਂ ਦੇ ਪਿੰਡ ਉਸਦੀ ਨੂੰਹ ਨਾਲ ਹੀ ਮਾਪਣ ਲੱਗ ਪਵੇ, ਤਾਂ ਅਜਿਹੇ ਸ਼ਾਹਸਵਾਰ ਨਾਲ ਕੀ ਬੀਤਦੀ ਹੋਵੇਗੀ? ਉਸਨੂੰ ਇਸਦਾ ਅਹਿਸਾਸ ਹੋਇਆ ਜਾਂ ਨਹੀਂ ਇਹ ਤਾਂ ਕੁੱਝ ਕਿਹਾ ਨਹੀਂ ਜਾ ਸਕਦਾ, ਲੇਕਿਨ ਇਹ ਵਿਸ਼ਾ ਖੁੰਢ ਚਰਚਾ ਬਣਿਆ ਹੋਇਆ ਹੈ। ਕੌਣ ਹੈ ਉਹ ਸਖ਼ਸ? ਉਂਗਲਾਂ ਤੇ ਗਿਣੇ ਜਾਣ ਵਾਲੇ ਦੇਸ਼ ਦੇ ਜਿੰਦਾ ਸੀਨੀਅਰ ਸਿਆਸਤਦਾਨਾਂ ਚੋਂ ਇੱਕ ਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ੍ਰ: ਪ੍ਰਕਾਸ ਸਿੰਘ ਬਾਦਲ ਹਨ। ਸ੍ਰ: ਬਾਦਲ ਨੇ ਆਪਣੇ ਪਾਰਲੀਮਾਨੀ ਸਿਆਸੀ ਜੀਵਨ ਦੀ ਸੁਰੂਆਤ 1957 ਵਿੱਚ ਉਦੋਂ ਕੀਤੀ ਸੀ, ਜਦੋਂ ਉਹ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਜੋਂ ਸੀ ਪੀ ਆਈ ਦੇ ਪ੍ਰਸਿੱਧ ਆਗੂ ਕਾ: ਚਿਰੰਜੀ ਲਾਲ ਧੀਰ ਦੇ ਮੁਕਾਬਲੇ ਗਿੱਦੜਬਾਹਾ ਹਲਕੇ ਤੋਂ ਚੋਣ ਜਿੱਤ ਕੇ ਸਾਂਝੇ ਪੰਜਾਬ ਦੇ ਵਿਧਾਇਕ ਬਣੇ ਸਨ। ਬੱਸ ਫਿਰ ਕੀ ਸੀ! ਸ੍ਰ: ਬਾਦਲ ਨੇ ਕਦੇ ਪਿੱਛੇ ਭੌਂਅ ਕੇ ਨਹੀਂ ਸੀ ਵੇਖਿਆ ਤੇ ਆਖ਼ਰ 1970 ਵਿੱਚ ਉਹ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਇਸੇ ਅਮਲ ਨੂੰ ਦੁਹਰਾਉਂਦਿਆਂ ਉਹ 1978, 1997, 2007, 2012 ਫਿਰ ਵੱਡੀ ਕੁਰਸੀ ਤੇ ਬਿਰਾਜਮਾਨ ਹੁੰਦੇ ਰਹੇ। ਉਹਨਾਂ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਸਪੀਕਰ ਸ੍ਰ: ਰਵੀਇੰਦਰ ਸਿੰਘ ਤੋਂ ਲੈ ਕੇ ਜ: ਗੁਰਚਰਨ ਸਿੰਘ ਟੌਹੜਾ ਤੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਜ: ਜਗਦੇਵ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ ਮਜੀਠਾ ਅਤੇ ਪ੍ਰੇਮ ਸਿੰਘ ਲਾਲਪੁਰਾ ਵਰਗੇ ਖੱਬੀਖਾਣ ਅਕਾਲੀ ਲੀਡਰਾਂ ਨੂੰ ਲਾਂਭੇ ਕਰਕੇ ਅਕਾਲੀ ਦਲ ਦੀਆਂ ਅਹਿਮ ਜਥੇਬੰਦਕ ਪੁਜੀਸ਼ਨਾਂ ਤੇ ਆਪਣੀ ਔਲਾਦ ਅਤੇ ਰਿਸਤੇਦਾਰਾਂ ਨੂੰ ਲਿਆ ਸ਼ਸੋਭਿਤ ਕੀਤਾ।
ਨੌਂ ਦਹਾਕਿਆਂ ਤੋਂ ਉ¤ਪਰ ਸਿਆਲ ਹੁਨਾਲ ਹੰਢਾ ਚੁੱਕੇ ਸ੍ਰ: ਪ੍ਰਕਾਸ ਸਿੰਘ ਬਾਦਲ ਅਜੇ ਵੀ ਸਿਆਸੀ ਸਰਗਰਮੀਆਂ ਵਿੱਚ ਨੌਜਵਾਨਾਂ ਨੂੰ ਪਿੱਛੇ ਛੱਡਣ ਦੇ ਸਮਰੱਥ ਹਨ। ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਦੋਂ ਉਹਨਾਂ ਦੇ ਸਿਆਸੀ ਦੋਸਤ ਜਾਂ ਉਹਨਾਂ ਦੇ ਵਾਰਸ ਚੋਣਾਂ ਲਈ ਨਾਮਜਦਗੀ ਪਰਚੇ ਦਾਖ਼ਲ ਕਰਨ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੀ ਸਹੁੰ ਚੁੱਕਣ ਤਾਂ ਸ੍ਰ: ਬਾਦਲ ਅਜਿਹੇ ਮੁਬਾਰਕ ਮੌਕਿਆਂ ਤੇ ਅੱਜ ਵੀ ਉਚੇਚੇ ਤੌਰ ਤੇ ਹਾਜਰ ਹੁੰਦੇ ਹਨ। ਉਹਨਾਂ ਦੇ ਰਾਜ ਭਾਗ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਤੋਂ ਲੈ ਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਬੇਸੱਕ ਅਕਾਲੀ ਦਲ ਨੂੰ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸੰਕਟ ਵਿੱਚ ਪਾ ਰੱਖਿਐ, ਫਿਰ ਵੀ ਆਪਣੀ ਪਾਰਟੀ ਅਤੇ ਸਮਾਜ ਵੱਲੋਂ ਪਰਿਵਾਰਕ ਮੈਂਬਰਾਂ ਦੇ ਉਲਟ ਸਭ ਤੋਂ ਵੱਧ ਸਤਿਕਾਰ ਸ੍ਰ: ਬਾਦਲ ਦੇ ਹਿੱਸੇ ਹੀ ਆਉਂਦਾ ਹੈ। ਲੋਕ ਸਭਾ ਦੀਆਂ ਚੋਣਾਂ ਦਾ ਡੰਕਾ ਵੱਜਣ ਨਾਲ ਬੇਸੱਕ ਅਕਾਲੀ ਦਲ ਨੇ ਆਪਣੇ ਬਹੁਤ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੈ, ਲੇਕਿਨ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਕਿਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ, ਇਹ ਫੈਸਲਾ ਹਾਲੇ ਤੱਕ ਨਹੀਂ ਹੋਇਆ। ਉਂਜ ਉਹਨਾਂ ਦੇ ਆਪਣੇ ਲੋਕ ਸਭਾ ਹਲਕਾ ਬਠਿੰਡਾ ਤੋਂ ਇਲਾਵਾ ਪਰਿਵਾਰ ਨੇ ਫਿਰੋਜਪੁਰ ਦੇ ਸਾਰੇ ਇਲਾਕਿਆਂ ਵਿਖੇ ਰਾਜਸੀ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ, ਲੇਕਿਨ ਉਮੀਦਵਾਰੀ ਬਾਰੇ ਜੱਕੋ ਤੱਕੀ ਜਾਰੀ ਹੈ।
ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੀਆਂ ਰਾਜਸੀ ਸਰਗਰਮੀਆਂ ਚਲਾਉਣ ਦਾ ਜਿੰਮਾਂ ਉਹਨਾਂ ਦੇ ਰਿਸਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਮੋਢਿਆਂ ਤੇ ਹੈ, ਜੋ ਪਾਰਟੀ ਦੇ ਯੂਥ ਵਿੰਗ ਦੇ ਸਰਵੇ ਸਰਵਾ ਹਨ। ਉਹ ਅੱਜ ਕੱਲ
ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਯੂਥ ਰੈਲੀਆਂ ਆਯੋਜਿਤ ਕਰ ਰਹੇ ਹਨ। ਜਿਅਦਾ ਹਿੱਸਾ ਕਵਰ ਕਰਨ ਤੋਂ ਬਾਅਦ ਕੱਲ੍ਹ ਉਹ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਦਿਹਾਤੀ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਅਜਿਹੇ ਹੀ ਇੱਕ ਰਾਜਸੀ ਪ੍ਰੋਗਰਾਮ ਵਿੱਚ ਸਾਮਲ ਹੋਏ ਸਨ। ਜਿਕਰਯੋਗ ਏ ਕਿ ਘੁੱਦਾ ਸ੍ਰ: ਪ੍ਰਕਾਸ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੰਡ ਹੈ। ਉਹਨਾਂ ਦੇ ਪੜਦਾਦਾ ਸ੍ਰ: ਫਤਹਿ ਸਿੰਘ ਇਸ ਪਿੰਡ ਦੇ ਕੁੱਝ ਹੋਰ ਵਸਨੀਕਾਂ ਨੂੰ ਨਾਲ ਲੈ ਕੇ ਬਾਦਲ ਚਲੇ ਗਏ ਸਨ। ਅੱਜ ਵੀ ਬਾਦਲ ਪਰਿਵਾਰ ਨਾ ਸਿਰਫ਼ ਘੁੱਦਾ ਨੂੰ ਆਪਣੇ ਪਿੰਡ ਵਜੋਂ ਸਵੀਕਾਰ ਕਰਦੈ ਬਲਕਿ ਮਹਿਕਮਾ ਮਾਲ ਦੇ ਰਿਕਾਰਡ ਵਿੱਚ ਵੀ ਉਹਨਾਂ ਦਾ ਨਾਂ ਬੋਲਦੈ। ਕੱਲ੍ਹ ਪਿੰਡ ਦੇ ਆਮ ਵਸਨੀਕਾਂ ਵਿੱਚ ਉਦੋਂ ਸੰਨਾਟਾ ਛਾ ਗਿਆ, ਜਦ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰ: ਮਜੀਠੀਆ ਇਹ ਪੁੱਛਣ ਤੱਕ ਚਲੇ ਗਏ, ਕਿ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਬਾਬੇ ਨੂੰ ਲੜਾਈ ਜਾਵੇ ਜਾਂ ਬੀਬਾ ਨੂੰ ਭਾਵ ਪ੍ਰਕਾਸ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ।
ਜਾਣੇ ਅਣਜਾਣੇ ਵਿੱਚ ਮਜੀਠੀਆ ਦੇ ਮੂੰਹੋਂ ਨਿਕਲੇ ਇਹਨਾਂ ਸ਼ਬਦਾਂ ਦੀ ਚਰਚਾ ਇਲਾਕੇ ਦੇ ਲੋਕਾਂ ਦੀ ਦੰਦਕਥਾ ਦਾ ਵਿਸ਼ਾ ਬਣੀ ਹੋਈ ਹੈ। ਸਿਆਣੀ ਉਮਰ ਦੇ ਲੋਕ ਇਹ ਚਰਚਾ ਕਰਦੇ ਦੇਖੇ ਗਏ ਕਿ ਜਿਸ ਬਜੁਰਗ ਨੇ ਸਮੁੱਚੇ ਪਰਿਵਾਰ ਤੇ ਓੜਮੇਂ ਕੋੜਮੇਂ ਨੂੰ ਸਿਆਸੀ ਖੇਤਰ ਵਿੱਚ ਸਥਾਪਤ ਕਰ†ਨ ਤੋਂ ਇਲਾਵਾ ਅਣਗਿਣਤ ਸੰਤਰੀ ਮੰਤਰੀ ਬਣਾਏ ਹੋਣ, ਜੇ ਉਸਦੇ ਪੁੱਤ ਦਾ ਰਿਸਤੇਦਾਰ ਹੀ ਪੰਜਾਬ ਦੇ ਇਸ ਸ਼ਾਹਸਵਾਰ ਦੀ ਮਕਬੂਲੀਅਤ ਦੀ ਤੁਲਨਾ ਉਸਦੀ ਨੂੰਹ ਨਾਲ ਕਰਨ ਚਲਾ ਜਾਵੇ ਤਾਂ ਇਸਤੋਂ ਵੱਖਰੀ ਅਣਹੋਣੀ ਹੋਰ ਕੀ ਹੋ ਸਕਦੀ ਹੈ।

 

Real Estate