ਨਿਊਜ਼ੀਲੈਂਡ ‘ਚ ਹਮਲੇ ਮਗਰੋਂ ਅਸਲਾ ਕਾਨੂੰਨ ਮਹੀਨੇ ‘ਚ ਹੀ ਪਾਸ

3327

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ – 10 ਅਪ੍ਰੈਲ – ਕ੍ਰਾਈਸਟਚਰਚ ਵਿਚ 15 ਮਾਰਚ ਨੂੰ ਹੋਏ ਹਮਲੇ ਤੋਂ ਬਾਅਦ ਸਰਕਾਰ ਨੇ ਸੈਮੀ ਆਟੋਮੈਟਿਕ ਗੰਨਾਂ ਦੇ ਲਾਇਸੰਸ ਦੇਣ ਦੇ ਕਾਨੂੰਨ ਵਿਚ ਸੋਧ ਕਰਨ ਦਾ ਐਲਾਨ ਕੀਤਾ ਸੀ। ਇਸ ਸਬੰਧੀ ਅਸਲਾ ਕਾਨੂੰਨ ਸੋਧ ਬਿਲ ਲਿਆਂਦਾ ਗਿਆ ਸੀ, ਜਿਸਨੂੰ ਅੱਜ ਤੀਜ਼ੀ ਪੜ੍ਹਤ ਬਾਅਦ ਸੰਸਦ ਦੇ ਵਿਚ ਪਾਸ ਕਰ ਦਿੱਤਾ ਗਿਆ। ਇਹ ਸੋਧ ਬਿਲ ਲਗਪਗ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ ਹੈ, ਸਿਰਫ ਐਕਟ ਪਾਰਟੀ ਨੇ ਇਸਦਾ ਵਿਰੋਧ ਕੀਤਾ ਸੀ। ਇਹ ਬਿਲ ਹੁਣ ਦੇਸ਼ ਦੀ ਗਵਰਨਰ ਜਨਰਲ ਕੋਲ ਜਾਵੇਗਾ ਅਤੇ ਦਸਤਖਤ ਬਾਅਦ ਪਾਸ ਹੋ ਕੇ ਕਾਨੂੰਨ ਬਣ ਜਾਵੇਗਾ। ਕ੍ਰਾਈਸਟਚਰ ਹਮਲੇ ਨੂੰ ਅਜੇ 26 ਦਿਨ ਦਾ ਸਮਾਂ ਹੀ ਹੋਇਆ ਹੈ ਅਤੇ ਇਹ ਬਿੱਲ ਪਾਸ ਕਰਕੇ ਆਟੋਮੈਟਿਕ ਗੰਨਾਂ ਦੀ ਗਲਤ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਉਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਅੱਜ ਸੰਭਾਵਿਤ ਹਥਿਆਰਾਂ ਨੂੰ ਵੀ ਪ੍ਰਦਰਸ਼ਤ ਕੀਤਾ ਜਿਨ੍ਹਾਂ ਦੇ ਉਤੇ ਰੋਕ ਲਗਾਈ ਜਾ ਰਹੀ ਹੈ। ਇਹ ਬਿਲ ਸ਼ੁੱਕਰਵਾਰ ਤੋਂ ਲਾਗੂ ਹੋ ਜਾਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ ਅਜੇ ਵੀ 14 ਵਿਅਕਤੀ ਜੋ ਅੱਤਵਾਦੀ ਹਮਲੇ ਵਿਚ ਜ਼ਖਮੀ ਹੋਏ ਸਨ, ਹਸਪਤਾਲ ਦਾਖਲ ਹਨ।

Real Estate