ਨਿਊਜੀਲੈਂਡ ਹਮਲਾ : ਕ੍ਰਾਈਸਟਚਰਚ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀ ਰਿਪੋਰਟ ਲਈ ਸੁਪਰੀਮ ਕੋਰਟ ਦੇ ਜੱਜ ਕਰਨਗੇ ਅਗਵਾਈ

3199

ਹਰਜਿੰਦਰ ਸਿੰਘ ਬਸਿਆਲਾ – ਔਕਲੈਂਡ 8 ਅਪ੍ਰੈਲ-15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲੇ ਦੌਰਾਨ ਦੋ ਮਸਜਿਦਾਂ ਦੇ ਵਿਚ ਮਾਰੇ ਗਏ 50 ਵਿਅਕਤੀਆਂ ਦੀ ਦਿਲ ਕੰਬਾਊ ਘਟਨਾ ਦੇ ਬਾਅਦ ਸਰਕਾਰ ਨੇ ਅੱਤਵਾਦ ਦੀਆਂ ਇਥੇ ਪਨਪ ਰਹੀਆਂ ਜ਼ੜਾਂ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਅੱਤਵਾਦੀ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੀ ਰਿਪੋਰਟ ਸਰਕਾਰ ਵੇਖਣਾ ਚਾਹੁੰਦੀ ਹੈ ਤਾਂ ਕਿ ਅੱਤਵਾਦ ਦੀਆਂ ਇਥੇ ਜ਼ੁੜਦੀਆਂ ਤਾਰਾਂ ਨੂੰ ਲਗਦੇ ਹੱਥ ਕੱਟਣ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਕਾਰਜ ਦੇ ਲਈ ਸਰਕਾਰੀ ਤੌਰ ‘ਤੇ ‘ਰਾਇਲ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਰ ਵਿਲੀਅਮ ਯੌਂਗ ਕਰਨਗੇ। ਇਹ ਕਮਿਸ਼ਨ ਮੌਜੂਦਾ ਸੁਰੱਖਿਆ ਪ੍ਰਣਾਲੀ ਉਤੇ ਵੀ ਨਜ਼ਰਸਾਨੀ ਕਰੇਗਾ ਤੇ ਅੱਤਵਾਦੀ ਹਮਲੇ ਤੱਕ ਦੀ ਕਾਰਵਾਈ ਤੱਕ ਆਏ ਪੜਾਵਾਂ ਉਤੇ ਵੀ ਝਾਤ ਮਾਰ ਕੇ ਇਕ ਰਿਪੋਰਟ ਤਿਆਰ ਕਰੇਗਾ। ਇਹ ਕਮਿਸ਼ਨ ਵੇਖੇਗਾ ਕਿ ਨਿੱਜੀ ਤੌਰ ‘ਤੇ ਅੱਤਵਾਦੀ ਕੀ ਕੀ ਕਰਦਾ ਰਿਹਾ? ਉਸਦਾ ਆਸਟਰੇਲੀਆ ਬਿਤਾਇਆ ਸਮਾਂ, ਕਦੋਂ ਇਥੇ ਆਇਆ?, ਉਸਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯਾਤਰਾ ਦਾ ਵੇਰਵਾ, ਉਸਨੇ ਕਿਵੇਂ ਗੰਨ ਦਾ ਲਾਇਸੰਸ ਲਿਆ? ਇਸ ਤੋਂ ਇਲਾਵਾ ਉਸਨੇ ਸ਼ੋਸ਼ਲ ਮੀਡੀਆ ਦੀ ਕਿਵੇਂ ਵਰਤੋਂ ਕੀਤੀ। ਇਹ ਕਮਿਸ਼ਨ ਮੁਸਲਿਮ ਕਮਿਊਨਿਟੀ ਦੇ ਨਾਲ ਵੀ ਸੰਪਰਕ ਕਰਕੇ ਜਾਣਕਾਰੀ ਇਕੱਠੀ ਕਰੇਗਾ। ਇਹ ਕਮਿਸ਼ਨ 10 ਅਪ੍ਰੈਲ ਨੂੰ ਸਥਾਪਿਤ ਹੋ ਜਾਵੇਗਾ ਅਤੇ 13 ਮਈ ਤੋਂ ਰਿਪੋਰਟਾਂ ਲੈਣੀਆਂ ਸ਼ੁਰੂ ਕਰ ਦੇਵੇਗਾ। 10 ਦਸੰਬਰ ਤੱਕ ਇਹ ਕਮਿਸ਼ਨ ਆਪਣੀ ਰਿਪੋਰਟ ਸਰਕਾਰ ਨੂੰ ਭੇਜ ਦੇਵੇਗਾ। ਇਸ ਕਮਿਸ਼ਨ ਦਾ ਬੱਜਟ 8।2 ਮਿਲੀਅਨ ਡਾਲਰ ਦਾ ਰੱਖਿਆ ਗਿਆ ਹੈ।

Real Estate