ਸੁਖਦੀਪ ਕੌਰ
ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤਾਂ ਹਾਸਲ ਕਰਦਿਆਂ ਭਾਰੀ ਬਹੁਮੱਤ ਹਾਸਲ ਕੀਤਾ ਸੀ ਪਰ ਐਤਕੀਂ ਲੋਕ ਸਭਾ ਚੋਣਾਂ ਲਈ ਬਹੁਤੀਆਂ ਸੀਟਾਂ ’ਤੇ ਉਸ ਨੂੰ ਕੋਈ ਅਜਿਹੇ ਉਮੀਦਵਾਰ ਨਹੀਂ ਮਿਲ ਰਹੇ, ਜਿਹੜੇ ਯਕੀਨੀ ਤੌਰ ਉੱਤੇ ਜਿੱਤ ਸਕਦੇ ਹੋਣ।ਖ਼ਬਰਾਂ ਅਨੁਸਾਰ ਸੂਬੇ ਦੀ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਪਾਰਟੀ ਦੇ ਵਫ਼ਾਦਾਰ ਉਮੀਦਵਾਰਾਂ ਦੀ ਭਾਲ ਕਰ ਰਹੇ ਹਨ। ਕੁੱਲ ਹਿੰਦ ਕਾਂਗਰਸ ਕਮੇਟੀ ਤੇ ਸੂਬਾ ਸਰਕਾਰ ਦੀਆਂ ਸਰਵੇਖਣ ਰਿਪੋਰਟਾਂ ਵੱਖੋ–ਵਖਰੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਹੁਣ ਚੋਣਾਂ ਲੜਨੀਆਂ ਨਹੀਂ ਚਾਹੁੰਦੇ। ਅਜਿਹੇ ਕੁਝ ਹਾਲਾਤ ਕਾਰਨ ਹੀ ਕਾਂਗਰਸ ਪਾਰਟੀ ਦੇ ਚੋਣ–ਪ੍ਰਚਾਰ ਨੇ ਹਾਲੇ ਤੱਕ ਕੋਈ ਜ਼ੋਰ ਨਹੀਂ ਫੜਿਆ।
ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਲਈ ਪਾਰਟੀ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਕੇ।ਸੀ। ਵੇਣੂਗੋਪਾਲ (ਸਕੱਤਰ, ਸੰਗਠਨ) ਸ਼ਾਮਲ ਹਨ। ਫ਼ਰੀਦਕੋਟ ਵਿੱਚ ਪਾਰਟੀ ਕੋਈ ਮਜ਼ਹਬੀ ਸਿੱਖ ਉਮੀਦਵਾਰ ਚਾਹੁੰਦੀ ਸੀ ਕਿਉਂਕਿ ਹਾਲੇ ਤੱਕ ਇਸ ਭਾਈਚਾਰੇ ਨੂੰ ਕਦੇ ਕੋਈ ਨੁਮਾਇੰਦਗੀ ਨਹੀਂ ਮਿਲੀ, ਜਦ ਕਿ ਇੱਥੇ ਉਨ੍ਹਾਂ ਦੀ ਬਹੁ–ਗਿਣਤੀ ਹੈ। ਇੱਥੇ ਪਹਿਲਾਂ ਐੱਸਪੀ ਰਾਜਿੰਦਰ ਸਿੰਘ ਨੂੰ ਉਮੀਦਵਾਰ ਬਣਾਉਣ ਦੀ ਗੱਲ ਚੱਲ ਰਹੀ ਸੀ ਪਰ ਫਿਰ ਕੁਝ ਪੁਰਾਣੇ ਆਗੂ ਨਾਰਾਜ਼ ਹੋ ਸਕਦੇ ਸਨ। ਇਸੇ ਲਈ ਮੁਹੰਮਦ ਸੱਦੀਕ ਉੱਤੇ ਸਹਿਮਤੀ ਹੋ ਗਏ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਹਾਸਲ ਸੀ। ਫ਼ਤਿਹਗੜ੍ਹ ਸਾਹਿਬ ਵਿਖੇ ਸਾਬਕਾ ਅਫ਼ਸਰਸ਼ਾਹ ਅਮਰ ਸਿੰਘ ਤੇ ਬੱਸੀ ਪਠਾਨਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵਿਚਾਲੇ ਇੱਕ ਨੂੰ ਚੁਣਨਾ ਸੀ। ਇਹ ਦੋਵੇਂ ਉਮੀਦਵਾਰ ਇੱਕਸਮਾਨ ਸਨ। ਫਿਰ ਸੋਚਿਆ ਗਿਆ ਕਿ ਜੇ ਮੌਜੂਦਾ ਵਿਧਾਇਕ ਐੱਮਪੀ ਦੀ ਚੋਣ ਜਿੱਤ ਗਿਆ, ਤਾਂ ਫਿਰ ਉੱਪ–ਚੋਣ ਕਰਵਾਉਣੀ ਪਵੇਗੀ, ਇਸ ਲਈ ਅਮਰ ਸਿੰਘ ਹੁਰਾਂ ਉੱਤੇ ਸਹਿਮਤੀ ਹੋ ਗਈ। ਉਨ੍ਹਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਹਾਸਲ ਸੀ। ਖਡੂਰ ਸਾਹਿਬ ਵਿਖੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਚਾਹੁੰਦੇ ਸਨ ਕਿ ਜਸਬੀਰ ਡਿੰਪਾ ਨੂੰ ਉਮੀਦਵਾਰ ਬਣਾਇਆ ਜਾਵੇ। ਜਾਖੜ ਨੇ ਉਨ੍ਹਾਂ ਦੇ ਨਾਂਅ ਨੂੰ ਸਹਿਮਤੀ ਦੇ ਦਿੱਤੀ। ਮੌਜੂਦਾ ਵਿਧਾਇਕ ਰਮਨਜੀਤ ਸਿੱਕੀ ਚੋਣ ਲੜਨ ਦੇ ਚਾਹਵਾਨ ਨਹੀਂ ਸਨ। ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਪੰਥਕ ਲੀਹਾਂ ਉੱਤੇ ਕੋਈ ਬਿਹਤਰ ਉਮੀਦਵਾਰ ਨਹੀਂ ਜਾਪ ਰਹੇ ਸਨ। ਉਨ੍ਹਾਂ ਦੇ ਪੁੱਤਰ ਕੁਲਬੀਰ ਸਿੰਘ ਜ਼ੀਰਾ ਨੂੰ ਬੀਤੇ ਜਨਵਰੀ ਮਹੀਨੇ ਅਨੁਸ਼ਾਸਨਹੀਣਤਾ ਕਾਰਨ ਪਾਰਟੀ ’ਚੋਂ ਮੁਅੱਤਲ ਕੀਤਾ ਗਿਆ ਸੀ।
ਫ਼ਿਰੋਜ਼ਪੁਰ ਤੇ ਬਠਿੰਡਾ ’ਚ ਕਾਂਗਰਸ ਤੇ ਅਕਾਲੀਆਂ ਵਿਚਾਲੇ ਬਿੱਲੀ ਅਤੇ ਚੂਹੇ ਦੀ ਦੌੜ ਹਾਲੇ ਵੀ ਚੱਲ ਰਹੀ ਹੈ। ਆਸ਼ਾ ਕੁਮਾਰੀ ਚਾਹੁੰਦੇ ਹਨ ਕਿ ਬਠਿੰਡਾ ਤੋਂ ਵਿਜੇ ਇੰਦਰ ਸਿੰਗਲਾ ਨੂੰ ਲੜਾਇਆ ਜਾਵੇ ਪਰ ਸਿੰਗਲਾ ਉੱਥੋਂ ਲੜਨਾ ਨਹੀਂ ਚਾਹੁੰਦੇ। ਰਾਹੁਲ ਗਾਂਧੀ ਨੂੰ ਵੀ ਸ੍ਰੀਮਤੀ ਆਸ਼ਾ ਕੁਮਾਰੀ ਦਾ ਇਹ ਵਿਚਾਰ ਪਸੰਦ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲਗਭਗ ਰੋਜ਼ਾਨਾ ਹੀ ਕਾਂਗਰਸੀ ਆਗੂਆਂ ਨੂੰ ਆਪੋ–ਆਪਣੇ ਜੱਦੀ ਹਲਕਿਆਂ ਵਿੱਚ ਚੋਣਾਂ ਲੜਨ ਦੀ ਚੁਣੌਤੀ ਦੇ ਰਹੇ ਹਨ। ਬਾਦਲ ਸੁਨੀਲ ਜਾਖੜ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਨ ਲਈ ਆਖ ਰਹੇ ਹਨ, ਜਦ ਕਿ ਹਰਸਿਮਰਤ ਕੌਰ ਬਾਦਲ ਆਪਣੇ ਜੇਠ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਲੜਨ ਦੀ ਚੁਣੌਤੀ ਦੇ ਰਹੇ ਹਨ ਪਰ ਮਨਪ੍ਰੀਤ ਬਾਦਲ ਨੇ ਇਹ ਚੋਣਾਂ ਲੜਨ ਤੋਂ ਅਸਮਰੱਥਾ ਪ੍ਰਗਟਾ ਦਿੱਤੀ ਹੈ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਅਸਲ ਵਿੱਚ ਹੁਣ ਚੋਣ ਹਾਰਨ ਤੋਂ ਡਰ ਰਹੇ ਹਨ ਕਿਉਂਕਿ ਉਹ ਹੁਣ ਹਰਮਨਪਿਆਰੇ ਨਹੀਂ ਰਹੇ।
ਨਵਜੋਤ ਕੌਰ ਸਿੱਧੂ ਵੀ ਪਹਿਲਾਂ ਬਠਿੰਡਾ ਤੋਂ ਚੋਣ ਨਾ ਲੜਨ ਦੀ ਗੱਲ ਆਖ ਚੁੱਕੇ ਹਨ।
ਸੰਗਰੂਰ ਤੋਂ ਕੇਵਲ ਢਿਲੋਂ ਦੇ ਨਾਂਅ ਉੱਤੇ ਸਹਿਮਤੀ ਨਹੀਂ ਹੋ ਸਕੀ; ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਦਲੀਲ ਸੀ ਕਿ ਆਮ ਆਦਮੀ ਪਾਰਟੀ ਦੇ ਵੋਟਰ ਵੀ ਇਸ ਹਲਕੇ ਤੋਂ ਕਾਂਗਰਸ ਨੂੰ ਹੀ ਵੋਟਾਂ ਪਾਉਣਗੇ ਪਰ ਵੇਣੂਗੋਪਾਲ ਨੇ ਕਿਹਾ ਕਿ ਢਿਲੋਂ ਇਸ ਹਲਕੇ ਤੋਂ ਬਿਹਤਰੀਨ ਉਮੀਦਵਾਰ ਨਹੀਂ ਹੈ।
ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਨਹੀਂ ਦਿੱਤੀ ਗਈ ਕਿਉਂਕਿ ਪਿਛਲੀ ਵਾਰ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਰਾਹੁਲ ਗਾਂਧੀ ਨੂੰ ਉਹ ਇਨਕਾਰ ਚੰਗਾ ਨਹੀਂ ਲੱਗਾ ਸੀ। ਹੁਣ ਬਾਕੀ ਦੀਆਂ ਸੀਟਾਂ ਦੇ ਉਮੀਦਵਾਰਾਂ ਬਾਰੇ ਫ਼ੈਸਲਾ ਕਰਨ ਲਈ ਸਕ੍ਰੀਨਿੰਗ ਕਮੇਟੀ ਹੁਣ ਆਉਂਦੀ 11 ਅਪ੍ਰੈਲ ਨੂੰ ਮੁੜ ਮੀਟਿੰਗ ਕਰੇਗੀ।