ਨਿਊਜ਼ੀਲੈਂਡ ਤੋਂ ਇੰਡੀਆ ਜਾਣ ਵਾਲੇ ਲੋਕਾਂ ਨੂੰ ਆ ਰਹੀ ਹੈ ਵੱਡੀ ਮੁਸ਼ਕਿਲ: ਟਿਕਟਾਂ ਖ੍ਰੀਦਣ ਵਾਲੇ ਡਾਹਢੇ ਪ੍ਰੇਸ਼ਾਨ-ਨਹੀਂ ਚੜ੍ਹਨ ਦਿੱਤਾ ਜਾਂਦਾ ਜ਼ਹਾਜ਼

1649

ਹਰਜਿੰਦਰ ਸਿੰਘ ਬਸਿਆਲਾ – ਔਕਲੈਂਡ – ਕਹਿੰਦੇ ਨੇ ‘ਮਹਿੰਗਾ ਰੋਵੇ ਇਕ ਵਾਰ ਅਤੇ ਸਸਤਾ ਰੋਵੇ ਵਾਰ-ਵਾਰ’ ਵਾਲੀ ਗੱਲ ਕਈ ਵਾਰ ਰੋਜ਼ਾਨਾ ਜੀਵਨ ਦੇ ਵਿਚ ਆਪਣਾ ਅਹਿਸਾਸ ਦੇ ਜਾਂਦੀ ਹੈ। ਨਿਊਜ਼ੀਲੈਂਡ ਤੋਂ ਇੰਡੀਆ ਜਾਣ ਵਾਸਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਇਨ੍ਹੀਂ ਦਿਨੀਂ ਇਕ ਵੱਡੀ ਮੁਸ਼ਕਿਆ ਰਹੀ ਹੈ ਕਿ ਜ਼ੈਟ ਏਅਰਵੇਜ਼ ਦੀਆਂ ਸੈਂਕੜੇ ਫਲਾਈਟਾਂ ਜਿਨ੍ਹਾਂ ਨੇ ਹਾਂਗਕਾਂਗ ਜਾਂ ਹੋਰ ਥਾਵਾਂ ਤੋਂ ਨਵੀਂ ਦਿੱਲੀ ਲਈ ਉਡਾਣ ਭਰਨੀ ਸੀ, ਮੰਦੇ ਦੇ ਚਲਦਿਆਂ ਬੰਦ ਹੋ ਗਈਆਂ ਹਨ। ਉਨ੍ਹਾਂ ਨੂੰ ਆਪਣੇ ਜ਼ਹਾਜ ਖੜੇ ਕਰਨੇ ਪੈ ਗਏ ਹਨ। ਅੱਜ ਕੁਝ ਯਾਤਰੀਆਂ ਨੇ ਟਿਕਟਾਂ ਦੀ ਕਾਪੀ ਭੇਜੀ ਹੈ ਜਿਨ੍ਹਾਂ ਨੂੰ ਔਕਲੈਂਡ ਏਅਰਪੋਰਟ ਉਤੋਂ ਇਸ ਕਰਕੇ ਚੜ੍ਹਨਾ ਨਸੀਬ ਨਹੀਂ ਹੋਇਆ ਕਿਉਂਕਿ ਉਨ੍ਹਾਂ ਦੀ ਹਾਂਗਕਾਂਗ ਤੋਂ ਅਗਲੀ ਫਲਾਈਟ ਲਿੰਕ ਨਹੀਂ ਸੀ ਹੋ ਰਹੀ ਕਿਉਂਕਿ ਜ਼ੈਟ ਏਅਰਵੇਜ ਨੇ ਫਲਾਈਟਾਂ ਕੈਂਸਲ ਕਰ ਦਿੱਤੀਆਂ ਸਨ। ਇਕ ਯਾਤਰੀ ਨੇ ਜਦੋਂ ਆਪਣੇ ਫਲਾਈਟ ਐਕਸਪਰਟ ਵਾਲੇ ਏਜੰਟ ਤੋਂ ਇਸ ਸਬੰਧੀ ਪੁਛਿਆ ਤਾਂ ਉਹ ਵੀ ਕੋਈ ਤਸੱਲੀਬਖਸ਼ ਜਵਾਬ ਨਾ ਸਕੇ ਅਤੇ ਯਾਤਰੀ ਡਾਹਢੇ ਪ੍ਰੇਸ਼ਾਨ ਹੋਏ। ਉਨ੍ਹਾਂ ਨੂੰ ਜਿੱਥੇ ਕੋਈ ਰਿਫੰਡ ਆਦਿ ਮਿਲਣ ਦੀ ਪੂਰਨ ਆਸ ਨਾ ਬੱਝੀ ਉਥੇ ਖੜ੍ਹੇ ਪੈਰ ਦੁਬਾਰਾ ਅਗਲੇ ਦਿਨ ਦੀਆਂ ਮਹਿੰਗੀਆਂ ਟਿਕਟਾਂ ਲੈ ਕੇ ਜਾਣਾ ਪਿਆ। ਅੱਜ ਇਸ ਸਬੰਧੀ ‘ਫਲਾਈਟ ਐਕਸਪਰਟ’ ਦੇ ਦਫਤਰ ਵੀ ਗੱਲ ਕੀਤੀ ਅਤੇ ਅਧਿਕਾਰੀ ਨੂੰ ਈਮੇਲ ਵੀ ਪਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਸ਼ਿਸ ਕੀਤੀ ਹੈ ਕਿ ਸਾਰੇ ਗਾਹਕਾਂ ਨੂੰ ਸੂਚਿਤ ਕੀਤਾ ਜਾਵੇ ਹੋ ਸਕਦਾ ਹੈ ਕੋਈ ਰਹਿ ਗਿਆ ਹੋਵੇ। ਰਿਫੰਡ ਬਾਰੇ ਉਨ੍ਹਾਂ ਕਿਹਾ ਕਿ ਲਗਪਗ ਦੋ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਟਰੈਵਲ ਏਜੰਸੀ ਦੇ ਅਧਿਕਾਰੀ ਕੋਲੋਂ ਈਮੇਲ ਦਾ ਅਜੇ ਤੱਕ ਜਵਾਬ ਨਹੀਂ ਆਇਆ। ਸੋ ਜਿਨ੍ਹਾਂ ਨੇ ਵੀ ਜ਼ੈਟ ਏਅਰਵੇਜ਼ ਦੀਆਂ ਟਿਕਟਾਂ ਲਈਆਂ ਹਨ ਉਹ ਕ੍ਰਿਪਾ ਕਰਕੇ ਡਬਲ ਚੈਕ ਕਰ ਲੈਣ ਤਾਂ ਕਿ ਏਅਰੋਪਰਟ ਉਤੇ ਪ੍ਰੇਸ਼ਾਨੀ ਨਾ ਆਵੇ। ਫਲਾਈਟਾਂ ਦੇ ਕੈਂਸਲ ਹੋਣ ਦਾ ਸਿਲਸਿਲਾ ਮਾਰਚ ਮਹੀਨੇ ਤੋਂ ਚੱਲ ਰਿਹਾ ਹੈ ਪਰ ਇਥੇ ਦੇ ਏਜੰਟਾਂ ਨੇ ਆਪਣੇ ਗਾਹਕਾਂ ਨਾਲ ਤਾਲਮੇਲ ਕਰਨ ਦੀ ਵੀ ਕੋਸ਼ਿਸ਼ ਨਹੀਂ ਕੀਤੀ।
ਇੰਡੀਅਨ ਕੰਪਨੀ ਜ਼ੈਟ ਏਅਵੇਜ਼ ਦੀ ਬੋਲੀ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਚਲਾਉਣ ਲਈ 218 ਮਿਲੀਅਨ ਡਾਲਰ ਲੋੜੀਂਦੇ ਹਨ। ਸਟੇਟ ਬੈਂਕ ਆਫ ਇੰਡੀਆ ਨੇ ਕਰੋੜਾਂ ਰੁਪਏ ਕੰਪਨੀ ਕੋਲੋਂ ਲੈਣੇ ਹਨ।
ਧੰਨਵਾਦ: ਜਿਨ੍ਹਾਂ ਦੋ ਵੀਰਾਂ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਉਨ੍ਹਾਂ ਦਾ ਬਹੁਤ ਧੰਨਵਾਦ ਤਾਂ ਕਿ ਬਾਕੀ ਲੋਕ ਵੀ ਪ੍ਰੇਸ਼ਾਨੀ ਤੋਂ ਬਚ ਸਕਣ।

Real Estate