ਪੁਲਿਸ ਵਾਪਸ ਭਾਲਦੀ ਹੈ ਬਹਿਬਲ ਗੋਲੀ ਕਾਂਡ ਵਾਲੀ ਜਿਪਸੀ , ਅਦਾਲਤ ਨੇ ਕੀਤੀ ਨਾਂਹ

1424

ਬਹਿਬਲ ਗੋਲੀ ਕਾਂਡ ਦੌਰਾਨ ਪੁਲੀਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਮੌਤ ਤੋਂ ਬਾਅਦ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਖੁਦ ਨੂੰ ਬਚਾਉਣ ਲਈ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਸਰਕਾਰੀ ਜਿਪਸੀ ਵਿੱਚ ਖੁਦ ਗੋਲੀਆਂ ਮਾਰੀਆਂ ਗਈਆਂ ਸਨ। ਇਹ ਜਿਪਸੀ ਹੁਣ ਵਿਸ਼ੇਸ਼ ਜਾਂਚ ਟੀਮ ਦੀ ਨਿਗਰਾਨੀ ਹੇਠ ਬਾਜਾਖਾਨਾ ਥਾਣੇ ਵਿੱਚ ਰੱਖੀ ਗਈ ਹੈ। ਜੁਡੀਸ਼ਲ ਮੈਜਿਸਟਰੇਟ ਚੇਤਨ ਸ਼ਰਮਾ ਨੇ ਮੋਗਾ ਪੁਲੀਸ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲੀਸ ਨੇ ਇਹ ਜਿਪਸੀ ਲੈਣ ਲਈ ਉੱਚ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ। ਸਪੈਸ਼ਲ ਜੱਜ ਰਾਜੇਸ਼ ਕੁਮਾਰ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਜਾਣਕਾਰੀ ਅਨੁਸਾਰ ਜਿਪਸੀ ਨੰ: ਪੀਬੀ29 ਐੱਲ- 9612 ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਸੁਰੱਖਿਆ ਜਿਪਸੀ ਸੀ ਅਤੇ 14 ਅਕਤੂਬਰ 2015 ਨੂੰ ਇਹ ਜਿਪਸੀ ਬਹਿਬਲ ਕਾਂਡ ਵੇਲੇ ਉੱਥੇ ਮੌਜੂਦ ਸੀ। ਸਿੱਖ ਸੰਗਤ ਅਤੇ ਪੁਲੀਸ ਦੇ ਟਕਰਾਅ ਦੌਰਾਨ ਦੋ ਸਿੱਖ ਨੌਜਵਾਨ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਪੁਲੀਸ ਦੀ ਗੋਲੀ ਨਾਲ ਮੌਤ ਹੋ ਗਈ ਸੀ। ਜਾਂਚ ਟੀਮ ਦੇ ਖੁਲਾਸਿਆਂ ਅਨੁਸਾਰ ਉਕਤ ਜਿਪਸੀ ਵਿੱਚ ਗੋਲੀਆਂ ਦੇ ਜਿਹੜੇ ਨਿਸ਼ਾਨ ਹਨ, ਉਹ ਗੋਲੀਆਂ ਪੁਲੀਸ ਨੇ ਖੁਦ ਮਾਰੀਆਂ ਸਨ। ਵਿਸ਼ੇਸ਼ ਜਾਂਚ ਟੀਮ ਨੇ ਇਸ ਜਿਪਸੀ ਨੂੰ ਫੋਰਾਂਸਿਕ ਸਾਇੰਸ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਸੀ ਅਤੇ ਉਸ ਤੋਂ ਬਾਅਦ ਪਤਾ ਲੱਗਾ ਸੀ ਕਿ ਪੁਲੀਸ ਨੇ ਨਿੱਜੀ ਹਥਿਆਰਾਂ ਨਾਲ ਇਸ ਵਾਹਨ ਉੱਪਰ ਗੋਲੀਆਂ ਚਲਾਈਆਂ ਸਨ। ਜਾਂਚ ਟੀਮ ਨੇ ਅਦਾਲਤੀ ਸੁਣਵਾਈ ਦੌਰਾਨ ਕਿਹਾ ਕਿ ਜਿਪਸੀ ਬਹਿਬਲ ਕਾਂਡ ਦਾ ਸਭ ਤੋਂ ਅਹਿਮ ਸਬੂਤ ਹੈ ਅਤੇ ਜੇਕਰ ਇਸ ਨੂੰ ਪੁਲੀਸ ਹਵਾਲੇ ਕੀਤਾ ਜਾਂਦਾ ਹੈ ਤਾਂ ਜਿਪਸੀ ਉੱਪਰ ਲੱਗੇ ਗੋਲੀਆਂ ਦੇ ਨਿਸ਼ਾਨਾਂ ਨਾਲ ਛੇੜਛਾੜ ਹੋ ਸਕਦੀ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਘਟਨਾ ਦਾ ਅਹਿਮ ਸਬੂਤ ਮੰਨਦਿਆਂ ਤਰਕ ਦਿੱਤਾ ਹੈ ਕਿ ਜਿਪਸੀ ਪੁਲੀਸ ਹਵਾਲੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੇਕਰ ਜਿਪਸੀ ਨੂੰ ਪੁਲੀਸ ਹਵਾਲੇ ਕੀਤਾ ਜਾਂਦਾ ਹੈ ਤਾਂ ਇਸ ਕੋਈ ਵੀ ਹਾਦਸਾ ਵਾਪਰ ਸਕਦਾ ਹੈ, ਜਿਸ ਨਾਲ ਸਬੂਤ ਖਤਮ ਹੋ ਸਕਦੇ ਹਨ। ਇਹ ਜਿਪਸੀ ਪੰਜਾਬ ਦੇ ਡੀ.ਜੀ.ਪੀ ਦੇ ਨਾਮ ’ਤੇ ਰਜਿਸਟਰਡ ਹੈ ਅਤੇ ਇਹ ਜਿਪਸੀ ਬਹਿਬਲ ਕਾਂਡ ਤੋਂ ਪਹਿਲਾਂ ਮੋਗਾ ਦੇ ਐੱਸ।ਐੱਸ।ਪੀ ਨੂੰ ਅਲਾਟ ਕੀਤੀ ਗਈ ਸੀ।

Real Estate