ਚੋਣਾਂ ਤੋਂ ਪਹਿਲਾਂ ਭਾਜਪਾ ਚਲਾ ਗਈ ਆਪਣਾ ਟੀਵੀ ਚੈਨਲ : ਚੋਣ ਕਮਿਸ਼ਨ ਦੇਖਦਾ ਰਹਿ ਗਿਆ ?

ਚੋਣਾਂ ਤੋਂ ਪਹਿਲਾਂ ਕਿਸੇ ਸਿਆਸੀ ਪਾਰਟੀ ਨੂੰ ਟੀਵੀ ਚੈਨਲ ਸ਼ੁਰੂ ਕਰਨ ਦੀ ਪ੍ਰਵਾਨਗੀ ਦੇਣ ਦੇ ਮਾਮਲੇ ਵਿਚ ਚੋਣ ਕਮਿਸ਼ਨ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਕੋਲੋਂ ਵਿਸਥਾਰ ਵਿਚ ਜਾਣਕਾਰੀ ਮੰਗੀ ਹੈ। ਕਮਿਸ਼ਨ ਨੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਕੱਤਰ ਨੂੰ ਮੰਗਲਵਾਰ ਸ਼ਾਮ ਨੋਟਿਸ ਜਾਰੀ ਕੀਤਾ ਹੈ ਤੇ ਜਵਾਬ ਦੇਣ ਲਈ ਮੰਤਰਾਲੇ ਦੀ ਬੇਨਤੀ ’ਤੇ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਹੈ। ਮੰਤਰਾਲਾ ਚੈਨਲ ਦੇ ਲਾਂਚ ਬਾਰੇ ਪੂਰੀ ਜਾਣਕਾਰੀ ਦੇਵੇਗਾ। ਕਮਿਸ਼ਨ ਮੰਤਰਾਲੇ ਵੱਲੋਂ ਮੁਹੱਈਆ ਦਸਤਾਵੇਜ਼ਾਂ ਦੇ ਆਧਾਰ ’ਤੇ ਫ਼ੈਸਲਾ ਕਰੇਗਾ ਕਿ ਕੀ ਇਹ ਜ਼ਾਬਤੇ ਦੀ ਉਲੰਘਣਾ ਹੈ ਜਾਂ ਨਹੀਂ। ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੇ ‘ਨਮੋ ਟੀਵੀ’ ਨੂੰ ਲਾਂਚ ਕਰਨ ਦੇ ਮਾਮਲੇ ਵਿਚ ਕਾਂਗਰਸ ਤੇ ‘ਆਪ’ ਦੀ ਸ਼ਿਕਾਇਤ ਉੱਤੇ ਮੰਤਰਾਲੇ ਨੂੰ ਮਾਮਲੇ ਦੇ ਤੱਥਾਂ ਨਾਲ ਜਾਣੂ ਕਰਵਾਉਣ ਲਈ ਕਿਹਾ ਹੈ। ‘ਆਪ’ ਅਤੇ ਕਾਂਗਰਸ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪਹਿਲੇ ਗੇੜ ਦੀਆਂ 11 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ‘ਨਮੋ’ ਚੈਨਲ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦੀ ਸ਼ਿਕਾਇਤ ਕਰਦਿਆਂ ਇਸ ਨੂੰ ਜ਼ਾਬਤੇ ਦੀ ਉਲੰਘਣਾ ਦੱਸਿਆ ਸੀ। ਦੋਵਾਂ ਦਲਾਂ ਨੇ ਕਮਿਸ਼ਨ ਨੂੰ ਪੁੱਛਿਆ ਹੈ ਕਿ ਕੀ ਇਸ ਚੈਨਲ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਲਈ ਗਈ ਸੀ।
ਚੈਨਲ ਦੇ ਲੋਗੋ ਵਿਚ ਮੋਦੀ ਦੀ ਤਸਵੀਰ ਲਾਈ ਗਈ ਹੈ ਤੇ ਉਨ੍ਹਾਂ ਦੇ ਭਾਸ਼ਨਾਂ ਦਾ ਪ੍ਰਸਾਰਨ ਕੀਤਾ ਜਾ ਰਿਹਾ ਹੈ। ਚੈਨਲ ਦਾ ਪ੍ਰਸਾਰਨ ਵੱਖ-ਵੱਖ ਕੇਬਲ ਟੀਵੀ ਪਲੇਟਫਾਰਮ ’ਤੇ ਕੀਤਾ ਜਾ ਰਿਹਾ ਹੈ। ਚੈਨਲ ’ਤੇ ਮੋਦੀ ਤੇ ਹੋਰ ਭਾਜਪਾ ਆਗੂਆਂ ਦੇ ਇੰਟਰਵਿਊ ਪ੍ਰਸਾਰਿਤ ਕੀਤੇ ਜਾ ਰਹੇ ਹਨ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਹੈ ਕਿ ਉਹ ‘ਨਮੋ ਟੀਵੀ’ ਚਲਾ ਕੇ ਲੋਕਤੰਤਰੀ ਨੇਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਮੀਡੀਆ ਦੀ ਦੁਰਵਰਤੋਂ ਰੋਕ ਕੇ ਚੋਣਾਂ ਦੌਰਾਨ ਸਾਰਿਆਂ ਨੂੰ ਇਕੋ ਜਿਹਾ ਮੌਕਾ ਪ੍ਰਦਾਨ ਕਰਨ। ਚੈਨਲ ‘ਕੰਟੈਂਟ ਟੀਵੀ’ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਲੋਗੋ ਵਜੋਂ ਲੱਗੀ ਹੋਈ ਹੈ। ਇਹ ਚੈਨਲ 11 ਅਪਰੈਲ ਤੋਂ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਸ਼ੁਰੂ ਹੋਇਆ ਹੈ ਅਤੇ ਡੀਟੀਐਚ ਤੇ ਕੇਬਲ ਟੀਵੀ ਦੇ ਵੱਖ ਵੱਖ ਪਲੇਟਫਾਰਮਾਂ ਉਪਰ ਉਪਲੱਬਧ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਅਜਿਹੀਆਂ ਕੋਤਾਹੀਆਂ ਨਾਲ ਸੰਵਿਧਾਨ ਦਾ ਮਖੌਲ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਨਮੋ ਟੀਵੀ’ ਕਾਨੂੰਨ ਦਾ ਨਿਰਾਦਰ ਹੈ ਅਤੇ ਮੋਦੀ ਤੇ ਭਾਜਪਾ ਸੰਵਿਧਾਨ ਦੀ ਧਾਰਾ 324 ਤਹਿਤ ਚੋਣ ਕਮਿਸ਼ਨ ਨੂੰ ਮਿਲੀਆਂ ਤਾਕਤਾਂ ਦਾ ਮਖੌਲ ਉਡਾ ਰਹੇ ਹਨ।

Real Estate