ਯੂ ਟਿਊਬ ਤੋਂ ਵੇਖ ਕੇ ਹੀ ਤਿਆਰ ਕਰ ਲਏ ਮਾਰੂ ਹਥਿਆਰ

1192

ਬਟਾਲਾ ਪੁਲਿਸ ਨੇ ਗੈਰ ਕਾਨੂੰਨੀ ਹਥਿਆਰ ਬਣਾਉਣ ਵਾਲੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਇਸੇ ਦੌਰਾਨ ਇੱਕ ਹਥਿਆਰ ਬਣਾਉਣ ਵਾਲੀ ਫ਼ੈਕਟਰੀ ਦਾ ਖ਼ੁਲਾਸਾ ਵੀ ਹੋਇਆ । ਫੜੇ ਗਏ ਦੋਵੇਂ ਨੌਜਵਾਨ ਬਟਾਲਾ ਸਿਟੀ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਵਿੱਚੋਂ ਇੱਕ ਕੰਪਿਊਟਰ ਇੰਜੀਨੀਅਰ ਅਤੇ ਦੂਜਾ ਖ਼ਰਾਦ ਫ਼ੈਕਟਰੀ ਦੇ ਮਾਲਕ ਦਾ ਬੇਟਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੋਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਤਿਆਰ ਕੀਤੇ ਹੋਏ 5 ਦੇਸੀ ਪਿਸਤੌਲ ਅਤੇ ਸੈਂਕੜਿਆਂ ਦੀ ਮਾਤਰਾ ਵਿੱਚ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਫ਼ੈਕਟਰੀ ਵਿੱਚੋਂ ਉਹ ਸਾਰੇ ਟੂਲ ਅਤੇ ਮਸ਼ੀਨਾਂ ਵੀ ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਵਰਤੋਂ ਹਥਿਆਰ ਬਣਾਉਣ ਵਿੱਚ ਕੀਤੀ ਜਾਂਦੀ ਸੀ। ਐਸ।ਐਸ।ਪੀ ਬਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਸਥਾਨਕ ਬੀਕੋ ਕੰਪਲੈਕਸ ਵਿਖੇ ਇੱਕ ਫ਼ੈਕਟਰੀ ਵਿਖੇ ਗੈਰ ਕਾਨੂੰਨੀ ਹਥਿਆਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਤੋਂ ਬਾਦ ਪੁਲਿਸ ਵੱਲੋਂ ਯੋਜਨਾਬੱਧ ਤਰੀਕੇ ਨਾਲ ਉਕਤ ਫ਼ੈਕਟਰੀ ਤੇ ਛਾਪੇਮਾਰੀ ਕਰ ਕੇ ਦੋ ਲੋਕਾਂ ਨੂੰ ਤਿਆਰ ਕੀਤੇ ਗਏ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਦੋਵੇਂ ਨੌਜਵਾਨ ਪਿਛਲੇ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਸਨ ਅਤੇ ਇਹ ਲੋਕ ਯੂ ਟਿਊਬ ਤੋਂ ਵੇਖ ਕੇ ਦੇਸੀ ਪਿਸਤੌਲ ਤਿਆਰ ਕਰਦੇ ਸਨ। ਉਕਤ ਨੌਜਵਾਨਾਂ ਵਿੱਚੋਂ ਕੰਪਿਊਟਰ ਇੰਜੀਨੀਅਰ ਯੂ ਟਿਊਬ ਤੋਂ ਹਥਿਆਰ ਬਣਾਉਣ ਦਾ ਤਰੀਕਾ ਲੱਭਦਾ ਸੀ ਅਤੇ ਬਾਦ ਵਿੱਚ ਇਹ ਦੋਵੇਂ ਲੋਕ ਪ੍ਰਿਤਪਾਲ ਦੀ ਫ਼ੈਕਟਰੀ ਵਿਖੇ ਉਸ ਹਥਿਆਰ ਨੂੰ ਤਿਆਰ ਕਰਦੇ ਸਨ। ਇਹ ਲੋਕ ਫ਼ੈਕਟਰੀ ਵਿੱਚ ਉਸ ਵੇਲੇ ਕੰਮ ਕਰਦੇ ਸਨ ਜਦੋਂ ਪ੍ਰਿਤਪਾਲ ਦੇ ਪਿਤਾ ਘਰ ਵਾਪਸ ਚਲੇ ਜਾਂਦੇ ਸਨ। ਇਹ ਲੋਕ ਹਥਿਆਰ ਨੂੰ ਬਣਾ ਕੇ ਬਾਕਾਇਦਾ ਟੈੱਸਟ ਕਰਦੇ ਵੀ ਸਨ।
ਦੋਵਾਂ ਨੌਜਵਾਨਾਂ ਕੋਲੋਂ ਪੁੱਛ ਗਿੱਛ ਕਰ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਲੋਕ ਕਿਸ ਮਕਸਦ ਨਾਲ ਅਜਿਹਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹੱਲੇ ਤੱਕ ਇਹਨਾਂ ਹਥਿਆਰਾਂ ਨੂੰ ਵੇਚੇ ਜਾਣ ਜਾਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਨਹੀਂ ਆਈ ਹੈ।

Real Estate