ਰਾਜਸਥਾਨ ਦਾ ਰਾਜਪਾਲ ਮੋਦੀ ਦੀ ਹਮਾਇਤ ਕਰ ਫਸਿਆ

1414

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਕਰਨ ਸਬੰਧੀ ਬਿਆਨ ਦੇ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਮੁਕੰਮਲ ਕਰ ਲਈ ਹੈ ਤੇ ਉਸ ਦੇ ਨਤੀਜੇ ਤੋਂ ਰਾਸ਼ਟਰਪਤੀ ਨੂੰ ਛੇਤੀ ਹੀ ਜਾਣੂ ਕਰਵਾਇਆ ਜਾਵੇਗਾ।ਚੋਣ ਕਮਿਸ਼ਨ ਦੇ ਸੂਤਰਾਂ ਨੇ ਇਸ ਮਾਮਲੇ ਵਿੱਚ ਕੀਤੀ ਗਈ ਜਾਂਚ ਮੁਕੰਮਲ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕਲਿਆਣ ਸਿੰਘ ਇੱਕ ਸੰਵਿਧਾਨਕ ਅਹੁਦੇ ਉੱਤੇ ਨਿਯੁਕਤ ਹਨ। ਇਸ ਲਈ ਕਮਿਸ਼ਨ ਆਪਣੀ ਜਾਂਚ ਰਿਪੋਰਟ ਬਾਰੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਜਾਣੂ ਕਰਵਾਏਗਾ। ਕਲਿਆਣ ਸਿੰਘ ਨੇ ਪਿੱਛੇ ਜਿਹੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਭਾਜਪਾ ਕਾਰਕੁੰਨਾਂ ਤੇ ਆਗੂਆਂ ਨੂੰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ। ਕਮਿਸ਼ਨ ਨੇ ਇਸ ਨੂੰ ਚੋਣ ਜ਼ਾਬਤਾ ਲਾਗੂ ਰਹਿਣ ਦੌਰਾਨ ਸੰਵਿਧਾਨਕ ਅਹੁਦੇ ਉੱਤੇ ਨਿਯੁਕਤ ਵਿਅਕਤੀ ਦਾ ਸਿਆਸੀ ਬਿਆਨ ਮੰਨਿਆ ਹੈ।ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਅਲੀਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਤੋਂ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਸੀ। ਇਸ ਜਾਂਚ ਵਿੱਚ ਕਲਿਆਣ ਸਿੰਘ ਵਿਰੁੱਧ ਦੋਸ਼ ਦੀ ਪੁਸ਼ਟੀ ਹੋਈ।
1990 ਵਿੱਚ ਹਿਮਾਚਲ ਪ੍ਰਦੇਸ਼ ਦੇ ਤਤਕਾਲੀਨ ਰਾਜਪਾਲ ਗੁਲਸ਼ੇਰ ਅਹਿਮਦ ਵੱਲੋਂ ਪੁੱਤਰ ਲਈ ਪ੍ਰਚਾਰ ਕਰਨ ਉੱਤੇ ਕਮਿਸ਼ਨ ਨੇ ਨਾਰਾਜ਼ਗੀ ਪ੍ਰਗਟਾਈ ਸੀ। ਬਾਅਦ ਵਿੱਚ ਅਹਿਮਦ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Real Estate