ਮਰੇ ਲੋਕ ਨਾ ਤਾਂ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਨੇ ਨਾ ਡਰਾਉਂਦੇ ਨੇ ….

2862

ਅੰਜੂਜੀਤ ਸ਼ਰਮਾ ਜਰਮਨੀ

ਮੇਰੇ ਘਰ ਦੇ ਬਿਲਕੁਲ ਨਾਲ ਵਾਲੇ ਜਰਮਨ ਦੇ ਘਰ ਦੇ ਗਾਰਡਨ ਵਿੱਚ ਚਾਰ ਕਬਰਾਂ ਬਣੀਆਂ ਨੇ। ਜਿਸ ਵਿੱਚ ਉਸ ਨੇ ਸ਼ਿਵ ਦੇ ਨੰਦੀ ਬੈਲ ਦਾ ਪੱਥਰ ਬਣਾ ਕੇ ਰੱਖਿਆ ਹੈ। ਇਕ ਦਿਨ ਪਤਾ ਕਰਨ ਤੇ ਪਤਾ ਲੱਗਾ ਕੇ 10 ਸਾਲਾਂ ਮਗਰੋਂ ਕਬਰਸਥਾਨ ਦਾ ਟੈਕਸ ਦੇਣਾ ਪੈਣਾ ਸੀ ਅਤੇ ਅੱਗੇ ਚਰਚ ਨਾਲ ਕਬਰਾਂ ਦੀ ਹਿਫਾਜਤ ਲਈ ਐਗਰੀਮੈਂਟ ਕਰਨਾ ਪੈਣਾ ਸੀ। ਇਸ ਜਰਮਨ ਨੇ ਆਪਣੇ ਮਰੇ ਚਾਰੇ ਪੁਰਖਿਆਂ ਦੀ ਕਬਰਾਂ ਦੇ ਪੱਥਰਾਂ ਨੂੰ ਆਪਨੇ ਘਰ ਦੇ ਬਾਗ ਵਿੱਚ ਲਵਾ ਲਏ ਅਤੇ ਉਹ ਚਾਰ ਕਬਰਾਂ ਕਬਰਸਥਾਨ ਦੀਆਂ ਕਿਸੇ ਦੂਜੇ ਦੀ ਕਬਰ ਲਈ ਖਾਲੀ ਕਰ ਦਿੱਤੀਆ। ਮੈਂ ਹੈਰਾਨ ਹੁੰਦੀ ਹਾਂ ਦੋਹਰੀ ਕਬਰ ਬਾਰੇ ਸੋਚ ਕੇ ਕਬਰ ਤੇ ਕਬਰ ..ਹੂੰ….ਖੈਰ!….. ਹੁਣ ਇਸ ਜਰਮਨ ਪਰਿਵਾਰ ਨੂੰ ਹਰ ਦੱਸ ਸਾਲ ਚਰਚ ਨੂੰ ਟੈਕਸ ਨੀ ਦੇਣਾ ਪੈਂਦਾ ਨਾ ਕਬਰ ਲਈ ਐਗਰੀਮੈਂਟ ਵਧਾਉਣਾ ਪੈਂਦਾ ਹੈ। ਹੁਣ ਉਸ ਦੇ ਮਰੇ ਪੁਰਖੇ ਆਪਣਿਆ ਵਿੱਚ ਨਿਵਾਸ ਕਰ ਰਹੇ ਨੇ ਅਤੇ ਹਰ ਵੇਲੇ ਇਕ ਦੂਜੇ ਤੇ ਨਜਰ ਰੱਖ ਸਕਦੇ ਨੇ। ਜੀਣ ਵਾਲੇ ਮਰਨ ਵਾਲਿਆ ਤੇ ਅਤੇ ਮਰਨ ਵਾਲੇ ਸਵਰਗਾ ਚ ਬੈਠੇ ਜਿਉਦਿਆਂ ਤੇ।…ਮੈਨੂੰ ਕਿਸੇ ਗੋਰੀ ਨੇ ਪੁੱਛਿਆ ਕੇ ਅੰਜੂ ਤੁਹਾਡੇ ਦੇਸ਼ ਵਿੱਚ ਮੁਰਦੇ ਨੂੰ ਸਾੜਦੇ ਹਨ। ਮੈ ਕਿਹਾ ਹਾਂ ਸਾੜਦੇ ਹਾਂ….ਕਿਉਂਕਿ ਜਦ ਬੰਦਾ ਮਰ ਗਿਆ ਤਾਂ ਮਰ ਗਿਆ ।ਮੈਂ ਹੱਸ ਕੇ ਕਿਹਾ…ਸਾਡੇ ਦੇਸ਼ ਵਿੱਚ ਰਹਿਣ ਲਈ ਲੋਕਾਂ ਕੋਲ ਜਮੀਨ ਨੀ ਹੈਗੀ ਅਸੀ ਮੁਰਦਿਆਂ ਨੂੰ ਕਿਥੇ ਜਮੀਨ ਦੇ ਕੇ ਕਬਰਾਂ ਬਣਾ ਕੇ ਸਾਂਭਾਗੇ। ਇਸ ਕਰਕੇ ਅਸੀਂ ਰੂਹ ਨੂੰ ਮੰਨਦੇ ਹਾਂ ਕੇ ਜਿੰਦਾ ਰਹਿੰਦੀ ਹੈ ।ਉਸ ਦਾ ਨਿਵਾਸ ਕਾਇਨਾਤ ਵਿੱਚ ਹੁੰਦਾ ਹੈ …ਪਰ ਜਿਸਮ ਅਸੀਂ ਸਾੜ ਦਿੰਦੇ ਹਾਂ । ਸ਼ੁਕਰ ਹੈ ਇਸ ਗੱਲੋ ਅਸੀ ਭਾਰਤੀ ਸਿਆਣੇ ਤੇ ਅਕਲਮੰਦ ਹਾਂ ।ਬਾਕੀ ਹਰ ਕਿਸੇ ਧਰਮ ਦਾ ਆਪੋ ਆਪਣੀ ਆਸਥਾ ਹੈ। ਖੈਰ ਇਹ ਕਬਰਾਂ ਗਾਰਡਨ ਵਿੱਚ ਬਣੀ ਮੈਂਨੂੰ ਮੇਰੀ ਰਸੋਈ ਚ ਖੜੀ ਨੂੰ ਹੇਠਾਂ ਗਾਰਡਨ ਚ ਦਿਸਦੀ ਹੈ ਤੇ ਘਰੋ ਬਾਹਰ ਜਾਂਦੀ ਨੂੰ ਘਰ ਦੇ ਦਰਵਾਜੇ ਤੋਂ ਬਾਹਰ ਦਿਸਦੀ ਹੈ। ਕਿੰਨੀ ਸੋਹਣੀ ਗੱਲ ਹੈ ਨਾ !
ਮੰਦਰ ਦੀ ਥਾਂ ਕਬਰਸਥਾਨ ਨਜਦੀਕ ਹੈ ਮੇਰੇ
ਦੋਸਤਾ !ਮੈਂ ਹੌਲੀ ਹੌਲੀ ਜੀਣਾ ਸਿੱਖ ਰਹੀ ਹਾਂ
ਇਬਾਦਤ ਦੇ ਸਲੀਕੇ ਸਿੱਖ ਰਹੀ ਹਾਂ
ਮੈਨੂੰ ਯਾਦ ਹੈ ਉਹ ਮੇਰਾ ਪਹਿਲਾ ਦਿਨ ਡਿਉਟੀ ਦਾ ਸੀ ਜਿਸ ਦਿਨ ਮੈਂ ਕਿਸੇ ਮਿ੍ਤਕ ਦੇਹ ਨੂੰ ਤਬੂਤ ਵਿੱਚ ਪਾਉਣ ਵਾਸਤੇ ਤਿਆਰ ਕਰਨਾ ਸੀ।ਡਾਕਟਰ ਨੇ ਉਸ ਸ਼ੱਖਸ਼ ਦੀ ਮੌਤ ਬਾਰੇ Declare ਕਰ ਦਿੱਤਾ ਸੀ ।ਚਰਚ ਚੋਂ ਪਾਦਰੀ ਦਾ ਫੋਨ ਆ ਚੁੱਕਾ ਸੀ ਕੇ ਉਹ 10 ਕੁ ਵਜੇ ਆਉਣਗੇ ਤਦ ਤੱਕ ਸਾਡੀ ਡਿਉਟੀ ਸੀ ਮਿ੍ਤਕ ਦੇਹ ਨੂੰ ਆਖਰੀ ਸਫਰ ਲਈ ਤਿਆਰ ਕਰਨਾ ।ਮੇਰਾ ਨਰਸ ਦੀ ਜੌਬ ਦਾ ਇਹ ਪਹਿਲਾ ਦਿਨ ਸੀ।ਭਾਵੇਂ ਜਰਮਨੀ ਕੋਰਸ ਦੌਰਾਨ ਸਾਨੂੰ ਸਿਖਾਇਆ ਜਾਂਦਾ ਹੈ ਕਿ ਕਿਸੇ ਬਜੁਰਗ ਮਰੀਜ ਦੇ ਮੌਤ ਹੋ ਜਾਣ ਤੇ ਅਸੀਂ ਕਿਵੇ ਆਪਣੇ ਆਪ ਨੂੰ ਸੰਭਾਲਣਾ ਹੈ ਅਤੇ ਡਿਊਟੀ ਵਾਲੇ ਫਰਜ ਕਿਵੇਂ ਪੂਰੇ ਕਰਨੇ ਹਨ।
ਇਸ ਵਕਤ ਮੈਂਨੂੰ ਉਸ ਕਮਰੇ ਵਿੱਚ ਕੱਲੀ ਨੂੰ ਜਾਣਾ ਪੈਣਾ ਸੀ ਜਿਸ ਕਮਰੇ ਵਿੱਚ ਮਿ੍ਤਕ ਦੇਹ ਪਈ ਸੀ। ਮੈਂ ਕੁਝ ਡਰਦੀ ਡਰਦੀ ਨੇ ਆਪਣੀ ਦੂਜੀ ਸਟਾਫ ਮੈਂਬਰ ਜਿਹੜੀ ਰਸ਼ੀਅਨ ਸੀ ਤੇ ਸੀ ਵੀ ਬੜੀ ਦਲੇਰ । ਉਹਨੂੰ ਕਿਹਾ ,”ਮੈਨੂੰ ਡਰ ਲੱਗਦਾ”ਤੂੰ ਮੇਰੇ ਨਾਲ ਕਮਰੇ ਵਿੱਚ ਚੱਲ। ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਦੋ ਗੱਲਾਂ ਬੜੇ ਸਖਤ ਮਿਜਾਜ ਚ ਸਮਝਾਈਆਂ
1 ਮਰੇ ਲੋਕ ਕਿਸੇ ਨੂੰ ਨਾ ਤਾਂ ਨੁਕਸਾਨ ਪੁਹੰਚਾਉਂਦੇ ਨੇ ਨਾ ਡਰਾਉੰਦੇ ਨੇ।ਇਹ ਸਭ ਕੁਝ ਜੀਂਦੇ ਲੋਕ ਕਰਦੇ ਨੇ ਉਹਨਾਂ ਤੋਂ ਵੱਚਣ ਦੀ ਲੋੜ ਹੈ।
2 ਜੇ ਤੂੰ ਹਰ ਵੇਲੇ ਡਰਨਾ ਹੀ ਹੈ ,ਫਿਰ ਇਹ ਜੌਬ ਇਹ ਥਾਂ ਤੇਰੇ ਲਈ ਨਹੀ ਹੈ। ,…….ਕਹਿ ਕੇ ਹੱਸ ਪਈ ਤੇ ਕਹਿੰਦੀ ਅੱਜ ਮੈਂ ਤੇਰਾ ਸਾਥ ਦਿੰਦੀ ਆ ਪਰ ਅਗਲੀ ਬਾਰੀ ਡਰ ਘਰ ਰੱਖ ਕੇ ਆਂਵੀ। ਅੱਗੇ ਜਾ ਕੇ ਇਹ ਰਸ਼ੀਅਨ ਔਰਤ ਮੇਰੀ ਪੱਕੀ ਸਹੇਲੀ ਬਣ ਗਈ। ਸਾਡਾ ਸੁਭਾਅ ਵੀ ਇਕ ਤਰਾਂ ਦਾ ਸੀ ਤੇ ਸਾਡੀ ਰਾਸ਼ੀ Lion ਵੀ ਇੱਕ ਤੇ ਜਨਮ ਤਰੀਖ ਵੀ ਇੱਕ ਸੀ। ਮੈ ਉਸ ਨਾਲ 8 ਸਾਲ ਕੰਮ ਕੀਤਾ ਉਸ ਤੋਂ ਬਹੁਤ ਕੁਝ ਸਿੱਖਿਆ।
ਖੈਰ ਮਿ੍ਤਕ ਨੂੰ ਅਸੀ ਤਿਆਰ ਕੀਤਾ । 10 ਵਜੇ ਤਬੂਤ ਨੂੰ ਚਰਚ ਲੈ ਜਾਇਆ ਗਿਆ। ਫਿਰ ਨੀ ਪਤਾ ਹੁਣ ਤੱਕ ਕਿੰਨੇ ਕੁ ਬਾਰ ਇਹਨਾ ਹੱਥਾਂ ਨੇ ਮਿ੍ਤਕ ਦੇਹ ਨੂੰ ਸਪਰਸ਼ ਕੀਤਾ । ਡਿਉਟੀ ਡਿਉਟੀ ਹੀ ਹੈ। ਇਸ ਵਿੱਚ ਕੋਈ ਨੱਖਰਾ ਨੀ ਹੈ। ਮੈਨੂੰ ਯਾਦ ਹੈ ਮੈਂ ਘਰ ਚੋਂ ਵੱਡੀ (ਜੇਠੀ)ਸੀ ਤਾਂ ਮਾਂ ਮੈਨੂੰ ਹਰ ਉੱਚ ਨੀਚ ਤੋਂ ਬਚਾਉਂਦੀ ਸੀ। ਕਿਸੇ ਦੀ ਮਰਗ ਤੇ ਨੀ ਜਾਣਾ,ਸਿਵਿਆਂ ਵੱਲ ਨੀ ਜਾਣਾ। ਸਿਖਰ ਦੁਪਿਹਰੇ ਘਰੋਂ ਬਾਹਰ ਨੀ ਜਾਣਾ,ਕਿਸੇ ਦੇ ਘਰ ਦਾ ਖਾਣਾ ਨੀ ਖਾਣਾ,ਬਗੈਰਾ ਬਗੈਰਾ।, ਪਰ ਮੈ ਸਭ ਕੁਝ ਮਾਂ ਦੀਆਂ ਹਿਦਾਇਤ਼ਾ ਦੇ ਉਲਟ ਕੀਤਾ ਸੀ। ਮੈਨੂੰ ਕੁਝ ਵੀ ਨੀ ਹੋਇਆ ਸੀ ਇਕ ਬਾਰ ਤਾਂ ਮੈ ਦਿਵਾਲੀ ਵਾਲੇ ਦਿਨ ਟੂਣਾ ਵੀ ਟੱਪ ਗਈ ਸੀ। ਉਹ ਵੀ ਜਾਣ ਬੁੱਝ ਕੇ । ਟੂਣੇ ਚ 5 ਰੁਪਏ ਸੀ ਲਾਲਚ ਭਾਵੇਂ ਬੁਰੀ ਭਲਾ ਹੁੰਦੀ ਆ ਪਰ ਮੈਂ ਪੰਜ ਰੁਪਏ ਦੀ ਬਰਫੀ ਖਾਹ ਲਈ ਸੀ। ਇਕ ਬਾਰ ਸਿਖਰ ਦੁਪਹਿਰ ਨੂੰ ਪਿੰਡੋ ਬਾਹਰ ਬਣੇ ਸਿਵੇ ਵੱਲ ਨੂੰ ਸਹੇਲੀ ਨਾਲ ਚਲੇ ਗਈ ਸੀ। ਮੈਨੂੰ ਰਤਾ ਕੁ ਭੈ ਤਾਂ ਆਇਆ ਸੀ ਪਰ ਫਿਰ ਵੀ ਸਿਵਿਆ ਦੀ ਮੂਹਰ ਦੀ ਲੰਘ ਗਈ ਸੀ।ਕਿੰਨੀ ਬਹਾਦਰੀ ਦਾ ਕੰਮ ਕੀਤਾ ਸੀ ਮੈਨੂੰ ਫਿਰ ਵੀ ਕੁਝ ਨੀ ਸੀ ਹੋਇਆਂ ।ਮਾਂ ਨੂੰ ਵੀ ਨੀ ਸੀ ਪਤਾ ਲੱਗਣ ਦਿੱਤਾ। ਨਹੀ ਤਾਂ ਉਹਦੇ ਡਰ ਤੇ ਵਹਿਮ ਨੇ ਮੈਂ ਬਿਮਾਰ ਵਰਗੀ ਬਿਮਾਰ ਕਰ ਦੇਣਾ ਸੀ।
ਮੇਰੀ ਜਰਮਨੀ ਵਿੱਚ ਆ ਕੇ ਪਹਿਲੀ ਜੌਬ Coffeehouses ਵਿੱਚ ਸੀ। ਉਹ Coffeehouses ਨੂੰ ਜਾਣ ਵਾਸਤੇ ਮੈਨੂੰ ਕਬਰਸਥਾਨ ਦੇ ਲਾਗੇ ਦੀ ਲੰਘ ਕੇ ਜਾਣਾ ਪੈਂਦਾ ਸੀ। ਤੇ ਮੈ ਸਰਦੀਆਂ ਰੁੱਤੇ ਤੜਕੇ 5 ਵਜੇ ਕਬਰਸਥਾਨ ਦੇ ਵਿੱਚ ਦੀ ਲੰਘ ਕੇ ਜਾਂਦੀ ਸੀ।ਪਹਿਲਾਂ ਤਾਂ ਮੈਨੂੰ ਪਤਾ ਨੀ ਲੱਗਾ ਇਹ ਕਬਰਸਥਾਨ ਹੈਗਾ। ਕਿਉਂਕਿ ਫੁੱਲ ਹੀ ਇੰਨੇ ਲੱਗੇ ਸੀ ਸੋਚਿਆ ਪਾਰਕ ਨੂਮਾ ਕੋਈ ਇਤਹਾਸਕ ਜਗਾ ਹੁਣੀ ਆ ਕਿਉਂਕਿ ਮੈਂ ਤਾਂ ਪਿੰਡ ਵਾਲਾ ਡਰ ਭਰਿਆ ਭੂਤਾ ਪ੍ਰੇਤਾ ਵਾਲੇ ਸਿਵੇ ਤੋਂ ਜਾਣੂ ਸੀ। ਇਥੇ ਤਾਂ ਸ਼ਾਤ ਤੇ ਪਾਰਕ ਵਰਗੇ ਕਬਰਸਥਾਨ ਨੇ। ਜਦ ਮੈਨੂੰ ਪਤਾ ਲੱਗਾ ਕੇ ਇਹ ਕਬਰਸਥਾਨ ਹੈ । ਫਿਰ ਦੋ ਕੁ ਦਿਨ ਡਰੀ ਫਿਰ ਬਸ ਰਸਤੇ ਆਮ ਬਣ ਗਿਆ ਤੇ ਮੈਂ ਜਿੰਦਗੀ ਦੇ ਗੀਤ ਗਾਉਂਦੀ ਗੁਜਰਦੀ ਰਹੀ।
ਸਾਡੇ ਵਹਿਮ ਹੀ ਸਾਨੂੰ ਟੂਣੇ ਵਾਂਗੂੰ ਲੱਗ ਜਾਂਦੇ ਨੇ। ਜਿਸ ਦਾ ਇਲਾਜ ਕਿਸੇ ਵੀ ਡਾਕਟਰ ਕੋਲ ਤਾਂ ਕੀ ਸਾਡੇ ਖੁਦਾ ਕੋਲ ਵੀ ਨੀ ਹੈਗਾ। ਚੰਗੇ ਮਾੜੇ ਰਾਹ ਸਾਡੇ ਉਹ ਹਨ ਜਿਨਾ ਤੇ ਚਲ ਕੇ ਅਸੀਂ ਬੁਰੀ ਸੰਗਤ ਜਾਂ ਚੰਗੀ ਸੋਬਤ ਦੇ ਪਾਂਧੀ ਬਣਦੇ ਹਾਂ । ਮਾੜੇ ਰਾਹ ਕਬਰਸਥਾਨ ਜਾਂ ਟੂਣਿਆਂ ਵਾਲੇ ਨੀ ਹੁੰਦੇ ਜਿਸ ਰਾਹੀਂ ਲੰਘ ਕੇ ਸੋਚਾਂ ਚ ਡਰ ਤੇ ਜਿਸਮ ਨਿਢਾਲ ਹੁੰਦਾ ਹੈ…ਜਦ ਸਾਡੀ ਸੋਚ ਕਮਜੋਰ ਤੇ ਵਹਿਮੀ ਹੋ ਜਾਂਦੀ ਹੈ ਫਿਰ ਹਰ ਸ਼ੈ ਦਾ ਅਸਰ ਹਰ ਦੁਆ ਦੀ ਤਬੀਰ ਉਲਟੀ ਹੋਣੀ ਸ਼ੁਰੂ ਹੋ ਜਾਂਦੀ ਹੈ।

Real Estate