ਕਾਰ ਸੇਵਾ ਦੇ ਨਾਮ ਉਪਰ ਉਜਾੜ ਦਿੱਤਾ, ਇਨ੍ਹਾਂ ਸਾਧਾਂ ਨੇ ਕੌਮ ਦਾ ਪੈਸਾ ਅਤੇ ਇਤਿਹਾਸ

1804

 ਦਲਜੀਤ ਸਿੰਘ ਇੰਡਿਆਨਾ
ਕਾਰ ਸੇਵਾ ਵਾਲੇ ਬਾਬੇ ਵੀ 1985 ਤੋਂ ਬਾਅਦ ਬਹੁਤ ਪ੍ਰਚਲਿਤ ਹੋਏ ਹਨ। ਉਦੋਂ ਤੋਂ ਲੈਕੇ ਅੱਜ ਤੱਕ ਇਹਨਾ ਅਨੇਕਾਂ ਗੁਰਦਵਾਰੇ ਸੰਗਮਰਮਰ ਦੇ ਬਣਾ ਦਿੱਤੇ ਹਨ । ਪਰ ਇਹਨਾਂ ਨੇ ਜੋ ਨੁਕਸਾਨ ਕੀਤਾ ਹੈ, ਓਹ ਵੀ ਕਿਸੇ ਤੋ ਲੁੱਕਿਆ ਛਿਪਿਆ ਨਹੀਂ ਹੈ । ਇਹਨਾਂ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਇਕ ਵੀ ਇਤਿਹਾਸਿਕ ਸਥਾਨ ਪੁਰਾਣਾ ਨਹੀਂ ਰਹਿਣ ਦਿੱਤਾ, ਸਭ ਕੁਝ ਢਾਹ ਦਿੱਤਾ, ਮਲੀਆ ਮੇਟ ਕਰ ਦਿਤਾ। ਅੱਜ ਤੁਸੀਂ ਦੱਸ ਅਲੱਗ ਅਲੱਗ ਗੁਰਦਵਾਰਿਆਂ ਦੇ ਦਰਸ਼ਨ ਕਰਨ ਚਲੇ ਜਾਓ, ਤਾਂ ਤੁਹਾਨੂੰ ਸਭ ਦੀ ਦਿੱਖ ਇਕੋ ਜਿਹੀ ਲੱਗੇਗੀ, ਕੋਈ ਫਰਕ ਨਹੀਂ ਲੱਗੇਗਾ। ਅੱਜ ਕੱਲ ਡੇਰਿਆਂ ਅਤੇ ਗੁਰਦਵਾਰਿਆਂ ਦਾ ਨਕਸ਼ਾ ਇਕੋ ਜਿਹਾ ਹੋਣ ਕਰਕੇ, ਅੱਜ ਬਹੁਤੇ ਸਿੱਖਾਂ ਨੂੰ ਤੇ ਆਉਣ ਵਾਲੀ ਪੀੜੀ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਗੁਰਦਵਾਰਾ ਕਿਹੜਾ ਹੈ, ਡੇਰਾ ਕਿਹੜਾ ਹੈ। ਜੇਕਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸਰਹੰਦ ਲੈਕੇ ਜਾਵਾਂਗੇ ਅਤੇ ਅਸੀਂ ਗੱਲ ਕਰਾਂਗੇ ਕਿ ਕੱਚੀ ਗੜੀ ਦੀ, ਤਾਂ ਅਗਲਾ ਸਵਾਲ ਸਾਡੇ ਬੱਚਿਆਂ ਦਾ ਇਹ ਹੋਵੇਗਾ, ਕਿੱਥੇ ਹੈ ਕੱਚੀ ਗੜ੍ਹੀ, ਇਥੇ ਤਾਂ ਸੰਗਮਰਮਰ ਹੈ, ਤੁਸੀਂ ਝੂਠ ਬੋਲਦੇ ਹੋ ।

ਜਿਹੜੇ ਅੰਗਰੇਜ ਹਨ, ਇਹ ਜੇਕਰ ਨਵੀਂ ਚੀਜ ਬਣਾਉਣਗੇ ਤਾਂ ਪੁਰਾਣੀ ਨੂੰ ਸੰਭਾਲ ਕੇ ਰਖਦੇ ਹਨ। ਪਰ ਸਾਡੇ ਝੁਡੂ ਸਾਧਾਂ ਨੇ ਸਭ ਕੁਝ ਖਤਮ ਕਰ ਦਿੱਤਾ।। ਤੁਸੀਂ ਜਲਿਆਂ ਵਾਲੇ ਬਾਗ ਚਲੇ ਜਾਵੋ, ਅੱਜ ਵੀ ਗੋਲੀਆਂ ਦੇ ਨਿਸ਼ਾਨ ਸੰਭਾਲੇ ਹੋਏ ਹਨ । ਜਦੋ ਮੈਂ ਕੈਲਫੋਰਨੀਆ ਦੇ ਨਾਪਾ ਸਹਿਰ ਵਿਚ ਰਹਿੰਦਾ ਸੀ, ਇਕ ਜਿੱਥੇ ਮੈਂ ਕੰਮ ਕਰਦਾ ਸੀ, ਓਥੇ ਖਾਲੀ ਜ਼ਮੀਨ ਵਿੱਚ ਇਕ ਬਹੁਤ ਵੱਡਾ ਅਤੇ ਪੁਰਾਣਾ ਦਰਖੱਤ ਸੀ, ਜ਼ਮੀਨ ਦੇ ਮਾਲਿਕ ਨੇ ਓਹ ਜਮੀਨ ਕਿਸੇ ਬਿਲ੍ਡਰ ਨੂੰ ਵੇਚ ਦਿੱਤੀ, ਤਾਂ ਸ਼ਹਿਰ ਦੇ ਪੁਰਾਣੇ ਲੋਕਾਂ ਨੇ ਸੰਘਰਸ਼ ਕੀਤਾ, ਕਿ ਇਹ ਦਰਖੱਤ ਨਹੀਂ ਪੁੱਟਣ ਦੇਣਾ। ਮੇਰੇ ਅੱਖੀਂ ਦੇਖਣ ਦੀ ਗੱਲ ਹੈ, ਫੇਰ ਇਸ ਗੱਲ ‘ਤੇ ਸਹਿਮਤੀ ਬਣੀ, ਕਿ ਓਸ ਦਰਖੱਤ ਨੂੰ ਬਣਿਆ ਬਣਾਇਆ ਚਾਕੀ ਸਮੇਤ ਕੱਢ ਕੇ ਖਾਲੀ ਜਗ੍ਹਾ ਲਗਾ ਦਿੰਦੇ ਹਾਂ, ਫੇਰ ਲੋਕ ਮੰਨੇ ਸਨ ਅਤੇ ਓਹ ਦਰਖੱਤ ਬਚਾਇਆ ਗਿਆ। ਪਰ ਸਾਡੇ ਸਾਧ ਇੱਕ ਮਿੰਟ ਲਾਉਂਦੇ ਹਨ ਪੁਰਾਣਾ ਇਤਿਹਾਸਕ ਗੁਰਦਵਾਰਾ ਢਾਹੁਣ ਵਾਸਤੇ । ਪਰ ਸਾਡੇ ਲੋਕਾਂ ਨੇ ਕਦੇ ਕਿਸੇ ਨੂੰ ਪੁੱਛਣ ਜਾਂ ਰੋਕਣ ਦੀ ਹਿੰਮਤ ਨਹੀਂ ਕੀਤੀ ।

ਸਾਡੇ ਜਦੋਂ ਦਰਬਾਰ ਸਾਹਿਬ ‘ਤੇ ਹਮਲਾ ਹੋਇਆ, ਤਾ ਇਹਨਾਂ ਕਾਰ ਸੇਵਾ ਵਾਲਿਆਂ ਨੇ ਇਕ ਵੀ ਗੋਲੀ ਦਾ ਨਿਸ਼ਾਨ ਨਹੀਂ ਛੱਡਿਆ, ਜਿਹੜੇ ਅਸੀਂ ਕਿਸੇ ਨੂੰ ਦਸ ਸਕੀਏ ਕਿ ਦਿੱਲੀ ਦੀ ਸਰਕਾਰ ਨੇ ਸਾਡੇ ਨਾਲ ਇੰਝ ਕੀਤਾ । ਜੇਕਰ ਅਸੀਂ ਦਰਬਾਰ ਸਾਹਿਬ ‘ਤੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਸੰਭਾਲੇ ਹੁੰਦੇ, ਤਾਂ ਅੱਜ ਸਾਨੂੰ ਦੁਨੀਆ ਅੱਗੇ ਚੀਕ ਚੀਕ ਕੇ ਇਹ ਨਹੀਂ ਦਸਣਾ ਪੈਣਾ ਸੀ, ਕਿ ਸਾਡੇ ਨਾਲ ਆਹ ਕੁਝ ਹੋਇਆ । ਅਸੀਂ ਆਪਣੇ ਪੈਰ ਕੁਹਾੜੇ ਆਪ ਮਾਰੇ ਹਾਂ। ਇਸ ਪਿਛੇ ਕੌਣ ਕੰਮ ਕਰ ਰਿਹਾ ਹੈ, ਇਹ ਇੱਕ ਸੋਚਣ ਵਾਲੀ ਗੱਲ ਹੈ। ਅਜ ਕਾਰਸੇਵਾ ਵਾਲੇ ਬਾਬਿਆਂ ਕੋਲ਼ ਜਿਨੀਆਂ ਕਹੀਆਂ, ਬਾਟੇ, ਮਿਕਸਚਰ, ਟ੍ਰਕ ਅਤੇ ਹੋਰ ਮਸ਼ੀਨਾਂ ਹਨ, ਇਨੀਆ ਤਾ ਸਰਕਾਰ ਕੋਲ ਵੀ ਨਹੀਂ ਹਨ, ਜਦੋ ਕਿਸੇ ਗੁਰਦਵਾਰੇ ਦੀ ਕਾਰ ਸੇਵਾ ਚਲਣ ਬਾਰੇ ਇਹਨਾ ਸਾਧਾਂ ਦੇ ਕੰਨੀ ਭਿਣਕ ਪੈ ਜਾਵੇ, ਇਹ ਇਸ ਤਰ੍ਹਾਂ ਭੱਜਦੇ ਨੇ, ਜਿਵੇਂ ਟੈਂਡਰ ਖੁਲਣ ਵੇਲੇ ਠੇਕੇਦਾਰ। ਕਾਰ ਸੇਵਾ ਲੈਣ ਵਾਸਤੇ ਚੰਗੀ ਸ਼ਿਫਾਰਸ਼ ਅਤੇ ਪੈਸੇ ਦੀ ਲੋੜ ਹੁੰਦੀ ਹੈ । ਇਹ ਸਾਧ ਕਾਰਸੇਵਾ ਲੈਣ ਵਾਸਤੇ ਬਹੁਤ ਪੈਸਾ ਦਿੰਦੇ ਨੇ ਸ਼ਿਰੋਮਣੀ ਕਮੇਟੀ ਨੂੰ।

ਜੇਕਰ ਹੁਣ ਇਥੇ ਸਵਾਲ ਇਹ ਹੁੰਦਾ ਹੈ, ਕਿ ਜਿਹੜਾ ਕਾਰਸੇਵਾ ਲੈਣ ਵਾਸਤੇ ਰਿਸ਼ਵਤ ਦੇ ਤੌਰ ‘ਤੇ ਪੈਸਾ ਦਿਤਾ ਜਾ ਰਿਹਾ ਹੈ, ਇਹ ਕਿਸ ਦਾ ਹੈ, ਸੰਗਤ ਦਾ। ਫੇਰ ਕਾਰ ਸੇਵਾ ਲੈਣ ਵਾਸਤੇ ਵੀ ਰਿਸ਼ਵਤ, ਇਸ ਪਿਛੇ ਮਕਸਦ ਕੀ ਹੈ ? ।।ਮਕਸਦ ਹੈ ਥੋੜਾ ਪੈਸਾ ਖਰਚ ਕੇ, ਵੱਧ ਕਮਾਉਣਾ। ਇਹ ਸਾਧ ਇੱਕ ਗੁਰਦਵਾਰੇ ਦੀ ਕਰ ਸੇਵਾ ਕਰਦੇ ਕਰਦੇ, ਇਸ ਨੂੰ ਇਨਾ ਲਮਕਾ ਲੈਂਦੇ ਨੇ, ਕਿ ਨੇੜੇ ਤੇੜੇ ਇਕ ਆਪਣਾ ਡੇਰਾ ਵੀ ਖੜਾ ਕਰ ਲੈਂਦੇ ਨੇ। ਪਟਿਆਲੇ ਦੁਖ ਨਿਵਾਰਨ ਸਾਹਿਬ ਗੁਰਦਵਾਰਾ ਸਾਹਿਬ ਦੀ ਕਾਰ ਸੇਵਾ ਚਲਦੇ ਨੂੰ ਕਿੰਨੇ ਸਾਲ ਹੋ ਗਏ ਹਨ, ਪਰ ਇਸ ਦੌਰਾਨ ਕਾਰ ਸੇਵਾ ਵਾਲੇ ਬਾਬੇ ਨੇ ਪਟਿਆਲੇ ਦੇ ਆਸੇ ਪਾਸੇ ਆਪਣੇ ਚਾਰ ਡੇਰੇ ਖੜੇ ਕਰ ਲਾਏ ਹਨ। ਇਹ ਕਾਰਸੇਵਾ ਵਾਲੇ ਓਸ ਗੁਰਦਵਾਰੇ ਦੀ ਸੇਵਾ ਲੈਣ ਵਾਸਤੇ ਕੁੱਝ ਵੀ ਕਰਨ ਨੂੰ ਤਿਆਰ ਹੁੰਦੇ ਹਨ, ਜਿਸ ਗੁਰਦਵਾਰਾ ਸਾਹਿਬ ਦੇ ਨਾਮ ਕੁੱਝ ਜਮੀਨ ਹੋਵੇ। ਜਿਸ ਦੀਆਂ ਕਈ ਉਧਾਹਰਣਾਂ ਹਨ, ਜਿਵੇਂ ਪੱਤੋ ਹੀਰਾ ਸਿੰਘ ਗੁਰਦਵਾਰੇ ਦੇ ਨਾਮ ੪੯ ਏਕੜ ਤੋਂ ਜਿਆਦਾ ਜ਼ਮੀਨ ਸੀ। ਕਾਰ ਸੇਵਾ ਵਾਲੇ ਓਥੇ ਪਿਛਲੇ ੨੦ ਸਾਲ ਤੋਂ ਇਸ ਗੁਰਦਵਾਰੇ ‘ਤੇ ਕਬਜਾ ਕਰੀ ਬੈਠੇ ਨੇ ਅਤੇ ਇਹ ਜਮੀਨ ਦੀ ਆਮਦਨ ਖਾ ਰਹੇ ਹਨ । ਇਕ ਵਾਰ ਸਾਡੇ ਪਿੰਡ ਸਾਬਕਾ ਸਰਪੰਚ ਦੇ ਤਾਏ ਦਾ ਮੁੰਡਾ ਕਾਰ ਸੇਵਾ ਵਾਲਾ ਬਾਬਾ ਸੀ। ਫਿਰੋਜਪੁਰ ਇਲਾਕੇ ਵਿਚ ਗੁਰਦਵਾਰੇ ਦੀ ਸੇਵਾ ਲੈਣ ਵਾਸਤੇ ਦੋ ਬਾਬੇ ਸਨ, ਫੇਰ ਸਾਡੇ ਪਿੰਡ ਵਾਲੇ ਦੀ ਸ਼ਿਫਾਰਿਸ਼ ਓਸ ਵੇਲੇ ਦੇ ਮੁਖਮੰਤਰੀ ਬੇਅੰਤ ਸਿੰਘ ਦੀ ਦਿਵਾਈ, ਕਿਓਂਕਿ ਸਾਡੇ ਪਿੰਡ ਦਾ ਸਰਪੰਚ ਕਾਂਗਰਸੀ ਸੀ । ਹੁਣ ਤੁਸੀਂ ਸੋਚਦੇ ਹੋਵੋਗੇ ਇਹਨਾ ਕੋਲ ਇਨਾ ਪੈਸਾ ਕਿਥੋ ਆਉਂਦਾ ਹੈ? ਵੀਰੋ ਤੁਹਾਡੇ ਦਿੱਤੇ ਇੱਕ ਇੱਕ ਜਾਂ ਦੋ ਦੋ ਰੁਪਿਆ ਨਾਲ ਨਹੀਂ ਬਣਦੇ ਗੁਰਦਵਾਰੇ, ਇਸ ਪਿਛੇ ਇਕ ਹੋਰ ਬੜਾ ਵੱਡਾ ਗੋਰਖ ਧੰਦਾ ਹੈ, ਓਹ ਹੈ ਬਲੈਕ ਮਨੀ ਨੂੰ ਵਾਇਟ ਮਨੀ ਕਰਨਾ। ਇਹਨਾ ਕਾਰ ਸੇਵਾ ਵਾਲਿਆਂ ਦਾ ਸਬੰਧ ਵੱਡੇ ਵੱਡੇ ਬਿਜਨਿਸ ਮੈਨਾਂ ਨਾਲ ਹੈ ।

ਉਧਾਹਰਣ ਵਜੋਂ ਜੇਕਰ ਇਹ ਕਿਸੇ ਬਿਜਨਿਸਮੈਨ ਤੋਂ ਲੱਖ ਰੁਪਿਆ ਲੈਂਦੇ ਹਨ, ਤਾਂ ਓਸ ਨੂੰ ਪਰਚੀ ਪੰਜ ਲੱਖ ਦੀ ਦਿੰਦੇ ਹਨ । ਓਸ ਬਿਜਨਿਸਮੈਂਨ ਦਾ ਇੱਕ ਲੱਖ ਦੇਕੇ, ਚਾਰ ਲੱਖ ਇੱਕ ਨੰਬਰ ਵਿਚ ਹੋ ਜਾਂਦਾ ਹੈ । ਓਸ ਇਸ ਨਾਲ ਦੋਹਾਂ ਧਿਰਾਂ ਨੂੰ ਫਾਇਦਾ ਹੁੰਦਾ ਹੈ ਅਤੇ ਸਰਕਾਰ ਨੂੰ ਚੂਨਾ ।। ਇਸ ਤਰ੍ਹਾਂ ਰਾਜਸਥਾਨ ਦਾ ਸਾਹਿਰ ਮਕਰਾਨਾ, ਜਿਥੋਂ ਸੰਗਮਰਮਰ ਆਉਂਦਾ ਹੈ, ਓਥੇ ਵੀ ਇਹਨਾ ਦੀ ਪੂਰੀ ਸੈਟਿੰਗ ਹੈ । ਜਿਹੜਾ ਮਾਰਬਲ ਹੈ, ਇਸ ‘ਤੇ ਟੈਕਸ ਬਹੁਤ ਜਿਆਦਾ ਹੈ, ਪਰ ਇਹਨਾ ਸਾਧਾਂ ਨੂੰ ਮੁਆਫ਼ ਹੈ, ਜਿਹੜੇ ਮਕਰਾਣੇ ਦੇ ਬਹਤੇ ਦੁਕਾਨਦਾਰ ਹਨ, ਓਹ ਮਾਰਬਲ ਵੇਚਣ ਵੇਲੇ, ਇਹਨਾ ਕਾਰ ਸੇਵਾ ਵਾਲਿਆਂ ਦੇ ਨਾਮ ‘ਤੇ ਪਰਚੀ ਕੱਟਦੇ ਹਨ ਅਤੇ ਕੁੱਝ ਕੁ ਹਿੱਸਾ ਇਹਨਾਂ ਨੂੰ ਦਿੰਦੇ ਹਨ ਅਤੇ ਕੁੱਝ ਆਪ ਖਾਂਦੇ ਹਨ । ਇਸ ਤਰਾਂ ਸ਼ਿਰੋਮਣੀ ਕਮੇਟੀ ਦੇ ਮੈਬਰਾਂ ਵੱਡੇ ਲੀਡਰਾਂ ਦੀਆਂ ਕੋਠੀਆਂ ‘ਤੇ ਲਗਣ ਵਾਲਾ ਮਾਰਬਲ ਇਹਨਾਂ ਕਾਰਸੇਵਾ ਵਾਲਿਆਂ ਦੀ ਪਰਚੀ ‘ਤੇ ਬਿਨਾ ਟੈਕ੍ਸ ਤੋਂ ਆਉਂਦਾ ਹੈ ।

ਹੁਣ ਅੰਦਾਜਾ ਤੁਸੀਂ ਲਗਾਓ ਇਹ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਕੇ, ਸਾਨੂੰ ਦੋਨੇ ਪਾਸੇ ਲੁਟ ਰਹੇ ਹਨ। ਮੈਨੂ ਦੁਖ ਪੈਸੇ ਦਾ ਨਹੀਂ, ਦੁਖ ਓਸ ਚੀਜ ਦਾ ਹੈ, ਕਿ ਇਹਨਾਂ ਕਾਰ ਸੇਵਾ ਵਾਲਿਆਂ ਨੇ ਸਾਡਾ ਕੋਈ ਇਤਿਹਾਸਿਕ ਸ਼ਥਾਨ ਨਹੀਂ ਛੱਡਿਆ, ਸਭ ਮਲੀਆ ਮੇਟ ਕਰ ਦਿਤਾ ਹੈ । ਅਸਲ ਵਿਚ ਧਰਮ ਦੀ ਆੜ ਵਿਚ ਇਹ ਇਕ ਬਹੁਤ ਵੱਡਾ ਗੋਰਖ ਧੰਦਾ ਚਲ ਰਿਹਾ ਹੈ, ਪਰ ਅਸੀਂ ਕਦੇ ਇਸ ਬਾਰੇ ਸੋਚਣ ਦੀ ਕੋਸ਼ਿਸ ਨਹੀਂ ਕੀਤੀ। ਅੱਜ ਕਲ ਤਾਂ ਜਣਾ ਖਣਾ ਆਪਣੀ ਗੱਡੀ ‘ਤੇ ਕਾਰ ਸੇਵਾ ਲਿੱਖ ਕੇ, ਲੋਕਾਂ ਨੂੰ ਠੱਗਣ ਤੁਰਿਆ ਹੋਇਆ ਹੈ । ਅਸੀਂ ਓਹਨਾਂ ਦੀਆਂ ਬੋਰੀਆਂ ਭਰ ਕੇ, ਆਪਣੇ ਇਤਿਹਾਸ ਦਾ ਆਪ ਉਜਾੜਾ ਕਰਵਾ ਰਹੇ ਹਾਂ । ਕਾਰ ਸੇਵਾ ਇੱਕਲੇ ਗੁਰਦਵਾਰਿਆਂ ‘ਤੇ ਮਾਰਬਲ ਲਾਉਣ ਨਾਲ ਹੀ ਨਹੀਂ, ਇਸ ਵਾਸਤੇ ਹੋਰ ਬੜੇ ਖੇਤਰ ਨੇ ਜਿਹਨਾ ਰਾਹੀ ਕਾਰ ਸੇਵਾ ਕੀਤੀ ਜਾ ਸਕਦੀ ਹੈ, ਜਿਵੇ ਗਰੀਬਾਂ ਦੇ ਬਚਿਆਂ ਵਾਸਤੇ ਪੜਾਈ ਦਾ ਇੰਤਜਾਮ, ਲੋੜਵੰਦਾਂ ਵਾਸਤੇ ਮੁਫਤ ਦੇ ਹਸਪਤਾਲ, ਹੋਰ ਬੜੇ ਕਾਰਜ ਨੇ ਸਮਾਜ ਵਿੱਚ ਕਰਨ ਵਾਲੇ। ਪਰ ਨਹੀਂ ਓਹ ਨਹੀਂ ਕਰਨੇ, ਕੰਮ ਤਾਂ ਓਹ ਕਰਨੇ ਨੇ ਜਿਹਨਾ ਵਿਚ ਆਮਦਨ ਹੋਵੇ। ਇਹ ਬੜਾ ਸੰਜੀਦਾ ਮੁੱਦਾ ਹੈ ਜਿਸ ਨੂੰ ਛੂਹਣ ਦੀ ਅੱਜ ਲੋੜ ਹੈ । ਇਹਨਾ ਕਾਰ ਸੇਵਾ ਵਾਲਿਆਂ ਨੂੰ ਪੈਸੇ ਦੇਣੇ ਬੰਦ ਕਰਕੇ, ਆਪਣੇ ਪੈਸੇ ਅਤੇ ਇਤਿਹਾਸਿਕ ਸਥਾਨ ਬਚਾਓ। ਵੈਸੇ ਤਾਂ ਇਹਨਾਂ ਛੱਡਿਆ ਹੀ ਕੋਈ ਨਹੀਂ ।……..ਜਾਗੋ ਸਿੱਖੋ ਜਾਗੋ ……।

Real Estate