ਬਾਦਲਾਂ ਦੀ ਲੰਬੀ ‘ਚ ਖਹਿਰਾ : ਹਰਸਿਮਰਤ ਨੂੰ ਖਹਿਰਾ ਦੀ ਚੁਣੌਤੀ

996

ਬਠਿੰਡਾ ਲੋਕ ਸਭਾ ਹਲਕੇ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਬਾਦਲਾਂ ਦੇ ਗੜ੍ਹ ਲੰਬੀ ਵਿੱਚ ਚੋਣ ਆਗਾਜ਼ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ’ਤੇ ਸਿਆਸੀ ਮਿਹਣੇ ਦਿੱਤੇ। ਖਹਿਰਾ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕੋ ਥੈਲੀ ਦੇ ਚੱਟੇ-ਬੱਟੇ ਹਨ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਮਸਲਿਆਂ ਅਤੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਖਹਿਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਪੰਜਾਬ ਏਕਤਾ ਪਾਰਟੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਰਜਵਾੜਾਸ਼ਾਹੀ ਦੀਆਂ ਪ੍ਰਤੀਕ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਹਨ। ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਮਸਲਿਆਂ ’ਤੇ ਜਨਤਕ ਤੌਰ ’ਤੇ ਬਹਿਸ ਦੀ ਚੁਣੌਤੀ ਦਿੱਤੀ।
ਖਹਿਰਾ ਨੇ ਖਾਲੜਾ ਮਾਮਲੇ ’ਚ ਵਿਦੇਸ਼ਾਂ ’ਚੋਂ ਕਥਿਤ ਤੌਰ ’ਤੇ ਫੰਡ ਇਕੱਠ ਕਰਨ ਬਾਰੇ ਜਰਨਲ (ਸੇਵਾਮੁਕਤ) ਜੇ.ਜੇ ਸਿੰਘ ਦੇ ਦੋਸ਼ਾਂ ’ਤੇ ਜਵਾਬੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜਰਨਲ ਜੇ.ਜੇ ਸਿੰਘ ਬੇਵਜ੍ਹਾ ਪਾਣੀ ’ਚ ਡਾਂਗਾਂ ਮਾਰਨ ਦੀ ਬਜਾਇ ਢੁੱਕਵੇਂ ਤੱਥ ਦੇਣ ਅਤੇ ਉਨ੍ਹਾਂ ਪਰਵਾਸੀ ਭਾਰਤੀਆਂ ਦੇ ਨਾਂ ਦੱਸਣ ਜਿਨ੍ਹਾਂ ਕੋਲੋਂ ਉਨ੍ਹਾਂ ( ਖਹਿਰਾ) ਨੇ ਕਥਿਤ ਤੌਰ ’ਤੇ ਪੈਸੇ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਪੜਤਾਲ ਕਰਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਸੀਟ ’ਤੇ ਹਟਣ ਲਈ ਲੋਕਾਂ ਦਾ ਦਬਾਅ ਬਣਨ ਕਾਰਨ ਜਨਰਲ ਬੌਖ਼ਲਾਹਟ ’ਚ ਹਨ।
ਚੋਣ ਕਮਿਸ਼ਨ ਨੇ ਬਿਨਾਂ ਸਰਕਾਰੀ ਮਨਜ਼ੂਰੀ ਤੋਂ ਬਾਦਲਾਂ ਦੇ ਗੜ੍ਹ ਹਲਕਾ ਲੰਬੀ ਨੂੰ ਸਰ ਕਰਨ ਤੁਰੇ ਸੁਖਪਾਲ ਸਿੰਘ ਖਹਿਰਾ ਦੇ ਚੋਣ ਮੁਹਾਜ਼ ਨੂੰ ਪਹਿਲੇ ਪੜਾਅ ’ਤੇ ਹੀ ਬਰੇਕਾਂ ਲਾ ਦਿੱਤੀਆਂ, ਜਿਸ ਮਗਰੋਂ ਖਹਿਰਾ ਨੂੰ ਅੱਠ ਪਿੰਡਾਂ ’ਚ ਬਿਨਾਂ ਸਪੀਕਰ ਤੋਂ ਘਰਾਂ ਦੇ ਵਿਹੜਿਆਂ ’ਚ ਮੀਟਿੰਗਾਂ ਕਰਨੀਆਂ ਪਈਆਂ। ਦਰਅਸਲ, ਪੰਜਾਬ ਏਕਤਾ ਪਾਰਟੀ ਦੀ ਖੇਤਰੀ ਲੀਡਰਸ਼ਿਪ ਮੀਟਿੰਗਾਂ ਸਬੰਧੀ ਲੰਬੀ ਹਲਕੇ ਦੇ ਰਿਟਰਨਿੰਗ ਅਫ਼ਸਰ ਤੋਂ ਮੀਟਿੰਗਾਂ ਦੀ ਮਨਜ਼ੂਰੀ ਲੈਣਾ ਭੁੱਲ ਗਈ। ਇਸ ’ਤੇ ਚੋਣ ਅਮਲੇ ਨੇ ਮੀਟਿੰਗ ਤੋਂ ਪਹਿਲਾਂ ਹੀ ਟੈਂਟ ਅਤੇ ਸਪੀਕਰ ਲਾਉਣ ਤੋਂ ਵਰਜ ਦਿੱਤਾ।

Real Estate