-ਬਠਿੰਡਾ ‘ਚ ਸਿੱਖਾਂ ਨੇ ਕਾਰ ਸੇਵਾ, ਬਾਦਲ ਤੇ ਹੋਰਾਂ ਦੇ ਫੂਕੇ ਪੁਤਲੇ

3106

-ਢਾਹੀ ਡਿਊਢੀ ਦੀ ਨਾ ਕੀਤੀ ਜਾਵੇ ਮੁਰੰਮਤ-ਬਾਬਾ ਹਰਦੀਪ ਸਿੰਘ ਮਹਿਰਾਜ

-ਅਖੌਤੀ ਕਾਰ ਸੇਵਕਾਂ ਦੇ ਬਾਈਕਾਟ ਕਰਨ ਦੀ ਕੀਤੀ ਅਪੀਲ

ਬਠਿੰਡਾ,-1 ਅਪ੍ਰੈਲ
ਤਰਨ ਤਾਰਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਦੀ ਇਤਿਹਾਸਕ ਡਿਊਢੀ ਕਾਰ ਸੇਵਾ ਵਾਲਿਆਂ ਵੱਲੋਂ ਢਾਉਣ ਦਾ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਾਰੀਆਂ ਨੇ ਦੋਸੀ ਕਾਰ ਸੇਵਾ ਵਾਲਿਆਂ, ਐਸ. ਜੀ. ਪੀ. ਸੀ. ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬੱਸ ਅੱਡਾ ਚੌਂਕ ਵਿੱਚ ਪੁਤਲੇ ਵੀ ਫੂਕੇ।
ਬਠਿੰਡਾ ਵਿੱਚ ਦਲ ਖ਼ਾਲਸਾ, ਸਿੱਖ ਯੂਥ ਆਫ ਪੰਜਾਬ, ਮਾਂ ਬੋਲੀ ਸਤਿਕਾਰ ਸਭਾ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਤਰਨ ਤਾਰਨ ਵਿੱਚ ਸਦੀਆਂ ਪੁਰਾਣੀ ਸਿੱਖ ਰਾਜ ਦੀ ਨਿਸ਼ਾਨੀ ਡਿਊਢੀ ਵਾਲੇ ਦੋਸ਼ੀਆਂ ਦੇ ਪੁਤਲੇ ਫੂਕੇ ਗਏ।

ਇਸ ਮੌਕੇ ਸੰਬੋਧਨ ਕਰਦਿਆ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਦੁਸ਼ਮਣ ਦਿੱਲੀ ਦੀ ਸਹਿ ‘ਤੇ ਅਤੇ ਬਾਦਲਾਂ, ਐਸ. ਜੀ. ਪੀ. ਸੀ. ਦੇ ਇਸਾਰੇ ‘ਤੇ ਅਖੌਤੀ ਕਾਰ ਸੇਵਾ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਜੁਰਮ ਨਾ ਬਰਦਾਸਤ ਯੋਗ ਹੈ, ਉਹਨਾਂ ਕਿਹਾ ਕਿ ਢਾਹੀ ਡਿਊਢੀ ਦੀ ਮੁਰੰਮਤ ਨਾ ਕੀਤੀ ਜਾਵੇ, ਕਿਉਂਕਿ ਮੁਰੰਮਤ ਨਾਲ ਕਾਰ ਸੇਵਾ ਵਾਲਿਆਂ ਦੀ ਕਰਤੂਤ ਲੁਕੇਗੀ ਅਤੇ ਇਸ ਦੀ ਦਿੱਖ ਵੀ ਵਿਗਾੜ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਸਿੱਖ ਦੀਆਂ ਇਤਿਹਾਸਕ ਵਿਰਾਸਤੀ ਥਾਵਾਂ ‘ਤੇ ਹਥੌੜਾ, ਜੇ. ਸੀ. ਬੀ. ਚਲਾਉਣ ਵਾਲੇ ਅਖੋਤੀ ਕਾਰ ਸੇਵਾ ਵਾਲਿਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਦੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਇਸ ਸਾਰੀ ਸਾਜਿਸ਼ ਦੀ ਜਾਂਚ ਪੜਤਾਲ ਕਰਵਾਉਣ ਦੀ ਮੰਗ ਕਰਦਿਆ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਇਤਿਹਾਸਕ ਥਾਵਾਂ ਨੂੰ ਬਚਾਉਣ ਲਈ ਇੱਕ ਮੁੱਠ ਹੋ ਕੇ ਇਸ ਦਾ ਵਿਰੋਧ ਕਰਨ। ਇਸ ਮੌਕੇ ਜਥੇਬੰਦੀਆਂ ਨੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਇੱਕ ਮੰਗ ਪੱਤਰ ਐਸ. ਐਸ. ਪੀ. ਬਠਿੰਡਾ ਡਾ. ਨਾਨਕ ਸਿੰਘ ਰਾਹੀ ਭੇਜਿਆ ਗਿਆ। ਇਸ ਮੌਕੇ ਸਿੱਖਾਂ ਦੀ ਦੁਸ਼ਮਣ ਦਿੱਲੀ, ਐਸ. ਜੀ. ਪੀ., ਕਾਰ ਸੇਵਾ ਵਾਲਿਆਂ, ਬਾਦਲ ਦਲ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਾਂ ਵਿਰੁੱਧ ਵੀ ਨਾਅਰੇਬਾਜੀ ਕੀਤੀ ਗਈ।

ਹੋਰਨਾਂ ਤੋਂ ਇਲਾਵਾ ਦਲ ਖ਼ਾਲਸਾ ਦੇ ਕੇਂਦਰੀ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡ, ਭਗਵਾਨ ਸਿੰਘ ਸੰਧੂ ਖੁਰਦ, ਬਲਕਾਰ ਸਿੰਘ ਚੱਕ ਫ਼ਤਹਿ ਸਿੰਘ ਵਾਲਾ, ਨੌਜਵਾਨ ਆਗੂ ਭਾਈ ਹਰਪ੍ਰੀਤ ਸਿੰਘ ਖ਼ਾਲਸਾ, ਅਰਸ਼ਦੀਪ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਗੋਰਾ ਆਦਿ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ।

Real Estate