ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਵੱਲੋਂ ਭਾਰਤ ਨਾਲ ਰਿਸ਼ਤਾ ਖ਼ਤਮ ਕਰਨ ਦੀ ਚੇਤਾਵਨੀ

1298

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਖ਼ਤਮ ਕੀਤੀ, ਤਾਂ ਸੂਬੇ ਦਾ ਕੇਂਦਰ ਨਾਲ ਰਿਸ਼ਤਾ ਖ਼ਤਮ ਹੋਣ ਦੇ ਕੰਢੇ ’ਤੇ ਆ ਜਾਵੇਗਾ।ਚੇਤੇ ਰਹੇ ਕਿ ਭਾਰਤੀ ਸੰਵਿਧਾਨ ਦੀ ਧਾਰਾ 370 ਜੇ ਖ਼ਤਮ ਹੁੰਦੀ ਹੈ, ਤਾਂ ਫਿਰ ਨਵੇਂ ਹਾਲਾਤ ਉੱਘੜ ਕੇ ਸਾਹਮਣੇ ਆਉਣਗੇ। ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜੇ ਤੁਸੀਂ ਧਾਰਾ 370 ਦਾ ਪੁਲ਼ ਤੋੜਦੇ ਹੋ, ਤਾਂ ਤੁਹਾਨੂੰ ਮੁੜ ਤੋਂ ਭਾਰਤ ਤੇ ਜੰਮੂ–ਕਸ਼ਮੀਰ ਵਿਚਾਲੇ ਰਿਸ਼ਤੇ ਦੇ ਮਾਮਲੇ ਉੱਤੇ ਗੱਲਬਾਤ ਸ਼ੁਰੂ ਕਰਨੀ ਹੋਵੇਗੀ। ਉੱਥੋਂ ਤੁਹਾਨੂੰ ਇੱਕ ਨਵੀਂ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ… ਕੀ ਇੱਕ ਮੁਸਲਿਮ ਬਹੁ–ਗਿਣਤੀ ਵਾਲਾ ਸੂਬਾ ਤੁਹਾਡੇ ਨਾਲ ਰਹਿਣਾ ਚਾਹੇਗਾ? ਜੇ ਤੁਸੀਂ ਧਾਰਾ 370 ਖ਼ਤਮ ਕਰਦੇ ਹੋ, ਤਾਂ ਜੰਮੂ–ਕਸ਼ਮੀਰ ਨਾਲ ਤੁਹਾਡਾ ਸਬੰਧ ਵੀ ਖ਼ਤਮ ਹੋ ਜਾਵੇਗਾ।ਮਹਿਬੂਬਾ ਮੁਫ਼ਤੀ ਦਾ ਇਹ ਬਿਆਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਵੱਲੋਂ ਧਾਰਾ 35–ਏ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਆਇਆ ਹੈ। ਸ੍ਰੀ ਜੇਟਲੀ ਨੇ ਕਿਹਾ ਕਿ ਧਾਰਾ 35 ਇੱਕ ਸੰਵਿਧਾਨਕ ਤੌਰ ਉੱਤੇ ਨੁਕਸਦਾਰ ਤੇ ਜੰਮੂ–ਕਸ਼ਮੀਰ ਦੇ ਆਰਥਿਕ ਵਿਕਾਸ ਵਿੱਚ ਅੜਿੱਕਾ ਹੈ।ਇਸ ਤੋਂ ਪਹਿਲਾਂ ਪੀਪਲ’ਜ਼ ਡੈਮੋਕ੍ਰੈਟਿਕ ਪਾਰਟੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਜੰਮੂ–ਕਸ਼ਮੀਰ ਤੇ ਭਾਰਤ ਸੰਘ ਵਿਚਾਲੇ ਸੰਵਿਧਾਨਕ ਸਬੰਧਾਂ ਨੂੰ ਬਦਲ ਕੇ ਇਸ ਉੱਤੇ ਕਬਜ਼ਾ ਕਰਨ ਦੇ ਜਤਨ ਕਰ ਰਹੀ ਹੈ। ਪੀਡੀਪੀ ਆਗੂ ਨਈਮ ਅਖ਼ਤਰ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਭਾਜਪਾ ਜੰਮੂ–ਕਸ਼ਮੀਰ ਤੇ ਸੰਘ ਵਿਚਾਲੇ ਸੰਵਿਧਾਨਕ ਸਬੰਧਾਂ ਨੂੰ ਬਦਲ ਕੇ ਇਸ ਉੱਤੇ ਕਬਜ਼ੇ ਲਈ ਪੂਰਾ ਤਾਣ ਲਾ ਰਹੀ ਹੈ।

Real Estate