ਕਰਤਾਰਪੁਰ ਲਾਂਘਾ : ਭਾਰਤ ਵੱਲੋਂ 2 ਅਪ੍ਰੈਲ ਵਾਲੀ ਮੀਟਿੰਗ ਟਾਲੇ ਜਾਣ ਉੱਤੇ ਪਾਕਿਸਤਾਨ ਨੇ ਪ੍ਰਗਟਾਈ ਨਰਾਜ਼ਗੀ

1353

ਕਰਤਾਰਪੁਰ ਸਾਹਿਬ ਲਾਂਘੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਪ੍ਰਸਤਾਵਿਤ ਬੈਠਕ ਭਾਰਤ ਵੱਲੋਂ ਟਾਲੇ ਜਾਣ ਉੱਤੇ ਪਾਕਿਸਤਾਨ ਨੇ ਨਰਾਜ਼ਗੀ ਪ੍ਰਗਟਾਈ ਹੈ । ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫ਼ੈਸਲ ਨੇ ਕਿਹਾ ਕਿ ਪਾਕਿਸਤਾਨ ਨਾਲ ਸਲਾਹ ਕੀਤੇ ਬਿਨਾਂ ਬੈਠਕ ਨੂੰ ਇਕਤਰਫ਼ਾ ਰੱਦ ਕਰਨਾ ਮੰਦਭਾਗਾ ਹੈ।ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਰਤਾਰਪੁਰ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਵਿਚਾਲੇ 2 ਅਪ੍ਰੈਲ ਨੂੰ ਹੋਣ ਵਾਲੀ ਮੀਟਿੰਗ ਫਿਲਹਾਲ ਲਈ ਟਾਲਣ ਦਾ ਐਲਾਨ ਕੀਤਾ ਸੀ।
ਇੱਕ ਟਵੀਟ ਰਾਹੀ ਮੁਹੰਮਦ ਫੈਸਲ ਨੇ ਕਿਹਾ, “ਪਾਕਿਸਤਾਨ ਕਰਤਾਰਪੁਰ ਲਾਂਘੇ ਸਬੰਧੀ ਦੋਹਾਂ ਦੇਸਾਂ ਵੱਲੋਂ ਸਾਂਝੇ ਤੌਰ ‘ਤੇ 14 ਮਾਰਚ ਨੂੰ ਤੈਅ ਕੀਤੀ ਆਗਾਮੀ ਬੈਠਕ ਭਾਰਤ ਵੱਲੋਂ ਮੁਲਤਵੀ ਕਰਨ ਦੇ ਫੈਸਲੇ ਲਈ ਨਰਾਜ਼ਗੀ ਜ਼ਾਹਿਰ ਕਰਦਾ ਹੈ। ਇਹ ਬੈਠਕ ਕਈ ਮੁੱਦਿਆਂ ‘ਤੇ ਚਰਚਾ ਕਰਨ ਲਈ ਸੀ।”ਉਨ੍ਹਾਂ ਅੱਗੇ ਕਿਹਾ, “ਆਖਰੀ ਮੌਕੇ ‘ਤੇ ਪਾਕਿਸਤਾਨ ਦੀ ਰਾਇ ਲਏ ਬਿਨਾਂ ਬੈਠਕ ਨੂੰ ਮੁਲਤਵੀ ਕਰਨਾ ਸਮਝ ਤੋਂ ਬਾਹਰ ਹੈ।”
ਇਸ ਤੋਂ ਪਹਿਲਾਂ ਭਾਰਤ ਵੱਲੋਂ ਜਾਰੀ ਬਿਆਨ ਵਿਚ ਭਾਰਤ ਨੇ ਕਿਹਾ ਕਿ ਅਟਾਰੀ ਵਿਚ 14 ਮਾਰਚ ਨੂੰ ਹੋਈ ਪਿਛਲੀ ਬੈਠਕ ਦੌਰਾਨ ਪੇਸ਼ ਕੀਤੀਆਂ ਤਜਵੀਜਾਂ ਸਬੰਧੀ ਪਾਕਿਸਤਾਨ ਤੋਂ ਕਈ ਸਪੱਸ਼ਟੀਕਰਨ ਮੰਗੇ ਹਨ।ਭਾਰਤ ਨੇ ਉਨ੍ਹਾਂ ਰਿਪੋਰਟਾਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਬਣੀ ਕਮੇਟੀ ਵਿੱਚ ਵਿਵਾਦਤ ਬੰਦਿਆਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਵੀ ਭਾਰਤ ਸਰਕਾਰ ਨੇ ਸਪੱਸ਼ਟੀਕਰਨ ਵੀ ਮੰਗਿਆ ਹੈ।ਭਾਰਤੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਉੱਤੇ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਜਵਾਬ ਆਉਣ ਤੋਂ ਬਾਅਦ ਅਗਲੀ ਬੈਠਕ ਦਾ ਸਹੀ ਸਮਾਂ ਤੈਅ ਕੀਤਾ ਜਾ ਸਕਦਾ ਹੈ।ਇਸ ਦੌਰਾਨ ਲਾਂਘੇ ਲਈ ਬੁਨਿਆਦੀ ਢਾਂਚੇ ਨੂੰ ਇੱਕ ਪ੍ਰਭਾਵੀ ਢੰਗ ਨਾਲ ਅੱਗੇ ਲਿਜਾਣ ਲਈ ਭਾਰਤ ਨੇ ਜ਼ੀਰੋ ਪੁਆਇੰਟ ‘ਤੇ ਅਪ੍ਰੈਲ ਦੇ ਮੱਧ ਵਿੱਚ ਤਕਨੀਕੀ ਮਾਹਿਰਾਂ ਦੀ ਇੱਕ ਹੋਰ ਬੈਠਕ ਦੀ ਪੇਸ਼ਕਸ਼ ਕੀਤੀ ਹੈ।

Real Estate