ਆਪ ਕਾਂਗਰਸ ਦਾ ਗੱਠਜੋੜ ਖਿਲਾਰ ਦੇਵੇਗਾ ਝਾੜੂ

1456

ਆਮ ਆਦਮੀ ਪਾਰਟੀ (ਆਪ) ਦਾ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਗੱਠਜੋੜ ਹੋਣ ਦੀ ਸੂਰਤ ਵਿਚ ਖਾਸ ਕਰਕੇ ਪੰਜਾਬ ਇਕਾਈ ’ਚ ਵੱਡਾ ਖਿਲਾਰਾ ਪੈ ਸਕਦਾ ਹੈ। ਖ਼ਬਰਾਂ ਅਨੁਸਾਰ ਦਿੱਲੀ ਵਿੱਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਾਂਗਰਸ ਦੇ ਕੌਮੀ ਨੇਤਾਵਾਂ ਨਾਲ ਚੋਣ ਗੱਠਜੋੜ ਕਰਨ ਦੇ ਕੀਤੇ ਜਾ ਰਹੇ ਯਤਨਾਂ ਕਾਰਨ ਪੰਜਾਬ ਇਕਾਈ ਦੇ ਨੇਤਾਵਾਂ ਤੇ ਵਾਲੰਟੀਅਰਾਂ ’ਚ ਬੇਚੈਨੀ ਅਤੇ ਰੋਸ ਦੀ ਭਾਵਨਾ ਤੇਜ਼ ਹੁੰਦੀ ਜਾ ਰਹੀ ਹੈ ਤੇ ਗੱਠਜੋੜ ਹੋਣ ਦੀ ਸੂਰਤ ਵਿੱਚ ਦਿੱਲੀ ’ਚ ‘ਆਪ’ ਨੂੰ 4 ਤੇ ਕਾਂਗਰਸ ਨੂੰ 3 ਸੀਟਾਂ ਅਤੇ ਪੰਜਾਬ ਵਿਚ ‘ਆਪ’ ਨੂੰ ਇਕੱਲੀ ਸੰਗਰੂਰ ਦੀ ਸੀਟ ਅਤੇ ਬਾਕੀ 12 ਸੀਟਾਂ ਕਾਂਗਰਸ ਨੂੰ ਦੇਣ ਦੀ ਤਜਵੀਜ਼ ਉੱਪਰ ਦੋਵਾਂ ਧਿਰਾਂ ਵਿਚਾਲੇ ਚਰਚਾ ਚੱਲ ਰਹੀ ਹੈ। ਸੰਗਰੂਰ ਸੀਟ ਤੋਂ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਚੋਣ ਲੜ ਰਹੇ ਹਨ। ਇਸ ਗੱਠਜੋੜ ਹੋਣ ਦੇ ਰੌਲੇ ਕਾਰਨ ਪਾਰਟੀ ਵੱਲੋਂ ਐਲਾਨੇ 8 ਉਮੀਦਵਾਰ ਵੀ ਜੱਕੋਤਕੀ ਵਿਚ ਹਨ ਕਿਉਂਕਿ ਗੱਠਜੋੜ ਹੋਣ ਦੀ ਸੂਰਤ ’ਚ ਇਨ੍ਹਾਂ ਉਮੀਦਵਾਰਾਂ ਦੇ ਬਿਸਤਰੇ ਗੋਲ ਹੋਣੇ ਤੈਅ ਹਨ। ਜੇ ਸਮਝੌਤਾ ਸਿਰੇ ਲਗਦਾ ਹੈ ਤਾਂ ਇਸ ਤਜਵੀਜ਼ ਤਹਿਤ ਚੰਡੀਗੜ੍ਹ ਦੀ ਇਕਲੌਤੀ ਸੀਟ ਵੀ ਕਾਂਗਰਸ ਦੇ ਖਾਤੇ ਵਿੱਚ ਜਾਣ ਦੀ ਸੰਭਾਵਨਾ ਹੈ। ‘ਆਪ’ ਪਹਿਲਾਂ ਹੀ ਭਾਜਪਾ ਛੱਡ ਕੇ ਆਏ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਚੰਡੀਗੜ੍ਹ ਤੋਂ ਟਿਕਟ ਦੇ ਚੁੱਕੀ ਹੈ ਅਤੇ ਕੇਜਰੀਵਾਲ ਇੱਥੇ ਧਵਨ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਵੀ ਕਰ ਚੁੱਕੇ ਹਨ। ਪੰਜਾਬ ਦੀ ਲੀਡਰਸ਼ਿਪ ਭਾਵੇਂ ਕਾਂਗਰਸ ਨਾਲ ਸਮਝੌਤਾ ਨਾ ਹੋਣ ਦੇ ਕਈ ਦਿਨਾਂ ਤੋਂ ਬਿਆਨ ਦੇ ਰਹੀ ਹੈ ਪਰ ਇਸ ਦੇ ਬਾਵਜੂਦ ਸ਼ੰਕੇ ਬਰਕਰਾਰ ਹਨ ਅਤੇ ਇਸੇ ਕੜੀ ਤਹਿਤ ਹੀ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਨੇ ਐਲਾਨ ਕਰ ਦਿੱਤਾ ਹੈ ਕਿ ਜੇ ‘ਆਪ’ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਉਹ ਪਾਰਟੀ ਨੂੰ ਅਲਵਿਦਾ ਕਹਿ ਦੇਣਗੇ।
‘ਆਪ’ ਪੰਜਾਬ ਦੀ ਕੋਰ ਕਮੇਟੀ ਤਕਰੀਬਨ ਸਰਬਸੰਮਤੀ ਨਾਲ ਹਾਈ ਕਮਾਂਡ ਨੂੰ ਸਾਫ਼ ਕਰ ਚੁੱਕੀ ਹੈ ਕਿ ਪੰਜਾਬ ’ਚ ਸਿਆਸੀ ਤੌਰ ’ਤੇ ਹੁਕਮਰਾਨ ਪਾਰਟੀ ਕਾਂਗਰਸ ਨਾਲ ਚੋਣ ਸਮਝੌਤਾ ਸੰਭਵ ਨਹੀਂ ਹੈ। ਜੇ ਕੇਜਰੀਵਾਲ ਨੇ ਪੰਜਾਬ ਨੂੰ ਛੱਡ ਕੇ ਇਕੱਲਾ ਦਿੱਲੀ ’ਚ ਹੀ ਕਾਂਗਰਸ ਨਾਲ ਗੱਠਜੋੜ ਕਰ ਲਿਆ ਤਾਂ ਵੀ ਪੰਜਾਬ ਇਕਾਈ ਵਿੱਚ ਭੂਚਾਲ ਆ ਸਕਦਾ ਹੈ।

Real Estate