ਬਿਸਕੁਟ ਚੋਰੀ ਦੇ ਸ਼ੱਕ ‘ਚ ਕੁੱਟੇ 12 ਸਾਲ ਦੇ ਵਿਦਿਆਰਥੀ ਦੀ ਮੌਤ

1469

BREAKINGਦੇਹਰਾਦੂਨ : ਉਤਰਾਖੰਡ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਕਥਿਤ ਤੌਰ ‘ਤੇ ਬਿਸਕੁਟ ਚੋਰੀ ਕਰਨ ਦੇ ਸ਼ੱਕ ‘ਚ 12 ਸਾਲ ਦੇ ਜੂਨੀਅਰ ਵਿਦਿਆਰਥੀ ਨੂੰ ਕੁੱਟ -ਕੁੱਟ ਕੇ ਮਾਰ ਦਿੱਤਾ । ਘਟਨਾ 10 ਮਾਰਚ ਨੂੰ ਇੱਥੇ ਦੇ ਇੱਕ ਬੋਰਡਿੰਗ ਸਕੂਲ ਦੀ ਹੈ।
ਪੁਲੀਸ ਮੁਤਾਬਿਕ , ਪੋਸਟਮਾਰਟਮ ਰਿਪੋਰਟ ਵਿੱਚ ਕਈ ਗੰਭੀਰ ਸੱਟਾਂ ਦੀ ਗੱਲ ਸਾਹਮਣੇ ਆਈ ਹੈ, ਜਿਸਦੀ ਵਜਾ ਨਾਲ ਉਸਦੀ ਮੌਤ ਹੋ ਗਈ ।
ਇਸ ਮਾਮਲੇ ‘ਚ ਬੁੱਧਵਾਰ ਨੂੰ ਦੋ ਸੀਨੀਅਰ ਵਿਦਿਆਰਥੀਆਂ ਅਤੇ ਸਕੂਲ ਦੇ ਤਿੰਨ ਕਰਮਚਾਰੀਆਂ ਨੂੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਮੁਤਾਬਿਕ , ਹੱਤਿਆ ਦਾ ਦੋਸ਼ 12ਵੀਂ ਜਮਾਤ ‘ਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ ਉਪਰ ਹੈ। ਉਹਨਾ ਨੇ ਬਿਸਕੁਟ ਚੋਰੀ ਕਰਨ ਦੇ ਸ਼ੱਕ ‘ਚ 7ਵੀਂ ਕਲਾਸ ਦੇ ਵਾਸੂ ਯਾਦਵ ਨੂੰ ਜਮਾਤ ਵਿੱਚ ਹੀ ਬੈਟ ਨਾਲ ਕੁੱਟਿਆ ਅਤੇ ਉੱਥੇ ਹੀ ਛੱਡ ਕੇ ਚਲੇ ਗਏ। ਵਾਸੂ , ਜ਼ਖ਼ਮੀ ਹਾਲਾਤ ਵਿੱਚ ਉੱਥੇ ਹੀ ਪਿਆ ਰਿਹਾ । ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸਕੂਲ ਪ੍ਰਬੰਧਕਾਂ ‘ਤੇ ਮਾਮਲਾ ਦਬਾਉਣ ਦੇ ਦੋਸ਼
ਮ੍ਰਿਤਕ ਦੇ ਮਾਪੇ ਯੂਪੀ ਦੇ ਹਾਪੁੜ ‘ਚ ਰਹਿੰਦੇ ਹਨ। ਉਹਨਾਂ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਕਾਂ ਨੇ ਮੌਤ ਦੇ ਮਾਮਲੇ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਹੈ । ਪੋਸਟਮਾਰਟਮ ਤੋਂ ਬਿਨਾ ਹੀ ਸਕੂਲ ਕੈਂਪਸ ਵਿੱਚ ਲਾਸ਼ ਨੂੰ ਦਫਨਾ ਦਿੱਤਾ ਗਿਆ ।
ਪੁਲੀਸ ਨੇ ਹੱਤਿਆ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹੋਸਟਲ ਮੈਨੇਜਰ , ਵਾਰਡਨ ਅਤੇ ਸਪੋਰਟਸ ਟੀਚਰ ਉਪਰ ਸਬੂਤ ਖੁਰਦ -ਬੁਰਦ ਕਰਨ ਦੀਆਂ ਧਾਰਾਵਾਂ ਵੀ ਲਗਾਈਆਂ ਹਨ।
ਐਸਐਸਪੀ ਨਿਵੇਦਿਤਾ ਕੁਕਰੇਤੀ ਨੇ ਦੱਸਿਆ , ਇਸ ਮਾਮਲੇ ‘ਚ ਸਾਫ਼ ਤੌਰ ‘ਤੇ ਸਕੂਲ ਪ੍ਰਬੰਧਕਾਂ ਦੀ ਗਲਤੀ ਸਾਹਮਣੇ ਆਈ ਹੈ। ਵਿਦਿਆਰਥੀ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੇ ਬਿਨਾ ਹੀ ਮਾਮਲਾ ਠੱਪਣ ਲਈ ਲਾਸ਼ ਨੂੰ ਦਫ਼ਨਾ ਦਿੱਤਾ।
ਉਤਰਾਖੰਡ ਦੀ ਬਾਲ ਵਿਕਾਸ ਕਮਿਸ਼ਨ ਦੀ ਚੇਅਰਮੈਨ ਊਸ਼ਾ ਨੇਗੀ ਨੇ ਦੱਸਿਆ ਕਿ ਸਾਨੂੰ 11 ਮਾਰਚ ਨੂੰ ਮੌਤ ਦੀ ਸੂਚਨਾ ਮਿਲੀ ਸੀ । ਸਕੂਲ ਪ੍ਰਬੰਧਕਾਂ ਨੇ ਪਰਿਵਾਰ ਨੂੰ ਵੀ ਗੁੰਮਰਾਹ ਕੀਤਾ । ਸਾਨੂੰ ਸੂਚਨਾ ਦਿੱਤੀ ਸੀ ਕਿ ਫੂਡ ਪਵਾਈਜਿਨਿੰਗ ਨਾਲ ਵਿਦਿਆਰਥੀ ਦੀ ਤਬੀਅਤ ਵਿਗੜ ਗਈ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ ।

Real Estate