ਬੋਰਡਿੰਗ ਪਾਸ ਤੇ ਮੋਦੀ ਦੀ ਫੋਟੋ: ਚੋਣ ਕਮਿਸ਼ਨ ਵਲੋਂ ਰੇਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤਲਬ

1123

ਚੋਣ ਕਮਿਸ਼ਨ ਨੇ ਰੇਲ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਰੇਲ ਟਿਕਟਾਂ ਅਤੇ ਏਅਰ ਇੰਡੀਆ ਦੇ ਬੋਰਡਿੰਗ ਪਾਸਾਂ ਤੋਂ ਕਿਉਂ ਨਹੀਂ ਹਟਾਈ ਗਈ। ਦੋਹਾਂ ਮੰਤਰਾਲਿਆਂ ਨੂੰ ਚੋਣ ਕਮਿਸ਼ਨ ਵਲੋਂ ਤਿੰਨ ਦਿਨਾਂ ‘ਚ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।
ਏਅਰ ਇੰਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਦੀਆਂ ਤਸਵੀਰਾਂ ਵਾਲੇ ਬੋਰਡਿੰਗ ਪਾਸਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਏਅਰਲਾਈਨ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਅਜਿਹੇ ਪਾਸਾਂ ਨਾਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਮਿਲੀ ਤਾਂ ਉਹ ਇਹ ਪਾਸ ਵਾਪਸ ਲੈ ਲਵੇਗੀ। ਏਅਰ ਇੰਡੀਆ ਦੇ ਤਰਜਮਾਨ ਧਨੰਜੇ ਕੁਮਾਰ ਨੇ ਕਿਹਾ ਕਿ ਵਾਇਬ੍ਰੈਂਟ ਗੁਜਰਾਤ ਦੇ ਬੋਰਡਿੰਗ ਪਾਸਾਂ, ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਸਨ, ਨੂੰ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਸੋਮਵਾਰ ਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ਤੋਂ ਜਾਰੀ ਹੋਏ ਬੋਰਡਿੰਗ ਪਾਸ ਦੀ ਤਸਵੀਰ ਟਵੀਟ ਕਰਕੇ ਸਵਾਲ ਉਠਾਏ ਸਨ ਕਿ ਦੋਵੇਂ ਆਗੂਆਂ ਦੀਆਂ ਤਸਵੀਰਾਂ ਉਨ੍ਹਾਂ ’ਤੇ ਕਿਵੇਂ ਲੱਗੀਆਂ ਹੋ ਸਕਦੀਆਂ ਹਨ। ਉਨ੍ਹਾਂ ਹੈਰਾਨੀ ਜਤਾਈ ਸੀ ਕਿ ਲੋਕਾਂ ਦੇ ਪੈਸੇ ਨੂੰ ਅਜਿਹੇ ਕੰਮਾਂ ਨਾਲ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਚੋਣ ਕਮਿਸ਼ਨ ’ਤੇ ਵੀ ਸਵਾਲ ਉਠਾਏ ਸਨ ਕਿ ਉਹ ਨਾ ਦੇਖ, ਸੁਣ ਜਾਂ ਬੋਲ ਪਾ ਰਿਹਾ ਹੈ। ਏਅਰ ਇੰਡੀਆ ਦੇ ਤਰਜਮਾਨ ਨੇ ਕਿਹਾ ਕਿ ਬੋਰਡਿੰਗ ਪਾਸ ਜਨਵਰੀ ’ਚ ਹੋਏ ਵਾਇਬ੍ਰੈਂਟ ਗੁਜਰਾਤ ਸੰਮੇਲਨ ਦੌਰਾਨ ਛਾਪੇ ਗਏ ਜਾਪਦੇ ਹਨ ਜਿਸ ਦੌਰਾਨ ‘ਤੀਜੀ ਪਾਰਟੀ’ ਵੱਲੋਂ ਅਜਿਹੀਆਂ ਤਸਵੀਰਾਂ ਇਸ਼ਤਿਹਾਰ ਦਾ ਹਿੱਸਾ ਸਨ।

Real Estate