ਪ੍ਰਦੂਸ਼ਣ ਰੋਕਣ ਵਿਚ ਅਸਫਲ ਰਹਿਣ ਵਾਲੇ ਅਧਿਕਾਰੀਆਂ ਵਿਰੁੱਧ ਹੋਵੇਗੀ ਕਾਰਵਾਈ

1060

27 ਮਾਰਚ (ਕੌੜਾ) – ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀਆਂ ਹਦਾਇਤਾਂ ‘ਤੇ ਵਧਾਈ ਗਈ ਨਿਗਰਾਨ ਕਮੇਟੀ ਦੇ ਚੇਅਰਮੈਨ ਸੇਵਾ ਮੁਕਤ ਜਸਟਿਸ ਪ੍ਰੀਤਮ ਪਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਜਿਹੜਾ ਵੀ ਅਧਿਕਾਰੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿਚ ਅਸਫਲ ਰਹੇਗਾ ਉਸ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਕੇ ਅਦਾਲਤੀ ਕਾਰਵਾਈ ਕੀਤੀ ਜਾਵੇਗੀ। ਇਸ ਟੀਮ ਵਿਚ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੁੱਖ ਸਕੱਤਰ ਪੰਜਾਬ ਸੁਬੋਧ ਅਗਰਵਾਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਮੈਂਬਰ ਸਕੱਤਰ ਸ੍ਰੀ ਬਾਬੂ ਰਾਮ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕਮੇਟੀ ਦੇ ਚੇਅਰਮੈਨ ਜਸਟਿਸ ਪ੍ਰੀਤਮ ਪਾਲ ਨੇ ਕਿਹਾ ਕਿ ਪੰਜਾਬ ‘ਚ ਪਾਣੀ ਤੇ ਹਵਾ ਬਹੁਤ ਦੂਸ਼ਿਤ ਹੋ ਚੁੱਕੇ ਹਨ। ਇਨ੍ਹਾਂ ਵਿਚ ਸੁਧਾਰ ਨਹੀਂ ਹੋ ਰਿਹਾ। ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ ਉਸ ਵਿਚ ਬੋਰਡ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੇਖੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਦੂਸ਼ਣ ਰੋਕਣ ਦੇ ਮਾਮਲੇ ਵਿਚ ਜਿਹੜੇ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਆਪਣਾ ਫਰਜ਼ ਨਹੀਂ ਨਿਭਾਉਣਗੇ ਉਸ ਵਿਭਾਗ ਦੇ ਮੁਖੀ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਜਾਣਗੇ। ਉਨ੍ਹਾਂ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਮਨੁੱਖੀ ਸਿਹਤ ਦੀ ਕੀਮਤ ‘ਤੇ ਜੇਕਰ ਸ਼ੁੱਧ ਹਵਾ ਤੇ ਪਾਣੀ ਮੁਹੱਈਆ ਨਹੀਂ ਹੋ ਰਿਹਾ ਤਾਂ ਹੋਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਹੜਾ ੫੦ ਕਰੋੜ ਦਾ ਜੁਰਮਾਨਾ ਪੰਜਾਬ ਸਰਕਾਰ ਨੂੰ ਲੱਗਾ ਹੈ ਉਹ ਜਮ੍ਹਾਂ ਕਰਾਉਣਾ ਹੀ ਪਵੇਗਾ। ਉਹ ਪੈਸੇ ਵਾਤਾਵਰਣ ਦੇ ਸੁਧਾਰ ‘ਤੇ ਖਰਚੇ ਜਾਣਗੇ। ਜਿਹੜੇ ਲੋਕ ਗੰਧਲੀ ਹਵਾ ਅਤੇ ਪਲੀਤ ਪਾਣੀਆਂ ਨਾਲ ਬਿਮਾਰ ਹੋਏ ਹਨ ਉਨ੍ਹਾਂ ਨੂੰ ਮੁਆਵਜ਼ਾ ਦੇਣ ਬਾਰੇ ਵੀ ਸਰਵੇ ਕਰਵਾਇਆ ਜਾਵੇਗਾ।
ਜਸਟਿਸ ਪ੍ਰੀਤਮ ਪਾਲ ਨੇ ਕਿਹਾ ਕਿ ਸਤਲੁਜ ਦਰਿਆ ਦੇ ਪਾਣੀ ਦੀ ਹਾਲਤ ਬਹੁਤ ਖਰਾਬ ਹੈ। ਇਸੇ ਤਰ੍ਹਾਂ ਬਿਆਸ ਦਰਿਆ ਵਿਚ ਵੀ ਗੰਦਗੀ ਪੈਣ ਨਾਲ ਵੱਡੇ ਪੱਧਰ ‘ਤੇ ਮੱਛੀਆਂ ਮਰ ਗਈਆਂ ਸਨ। ਟੀਮ ਦੀ ਅਗਲੀ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਦੋਂ ਤੱਕ ਸੁਧਾਰ ਕਰਨ ਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਭਰੋਸਾ ਦੁਆਇਆ ਹੈ। ਜੇਕਰ ਫਿਰ ਵੀ ਇਸ ਵਿਚ ਪ੍ਰਗਤੀ ਨਾ ਹੋਈ ਤਾਂ ਐਨਜੀਟੀ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਹੋਵੇਗੀ।
ਇਹ ਟੀਮ ਨੇ ਗੁਰਦੁਆਰਾ ਟਾਹਲੀ ਸਾਹਿਬ ਨੇੜੇ ਕਾਲਾ ਸੰਘਿਆਂ ਡਰੇਨ ਦਾ ਕਾਲਾ ਪਾਣੀ ਦੇਖਿਆ। ਇਥੇ ਸੰਤ ਦਇਆ ਸਿੰਘ ਦੀ ਹਾਜ਼ਰੀ ਵਿਚ ਲੋਕਾਂ ਨੇ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦਾ ਜ਼ਿਕਰ ਕੀਤਾ। ਸੀਚੇਵਾਲ ਪਿੰਡ ਵਿਚ ਉਨ੍ਹਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਤ ਕੀਤੇ ਮਾਡਲ ਨੂੰ ਦੇਖਿਆ ਕਿ ਕਿਵੇਂ ਪਿੰਡ ਦੀਆਂ ਨਾਲੀਆਂ ਸਾਫ ਹਨ ਤੇ ਗੰਦਾ ਪਾਣੀ ਸਾਫ ਹੋ ਕੇ ਖੇਤੀ ਲਈ ਲੱਗ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ‘ਤੇ ਲੱਗੇ ਦੇਸੀ ਤੇ ਸਭ ਤੋਂ ਸਸਤੇ ਟਰੀਟਮੈਂਟ ਨੂੰ ਦੇਖ ਕੇ ਜਸਟਿਸ ਪ੍ਰੀਤਮ ਪਾਲ ਦੰਗ ਰਹਿ ਗਏ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਨੇ ਬਿਨਾਂ ਕਿਸੇ ਇੰਜੀਨੀਅਰ ਅਤੇ ਲਿਬਾਰਟਰੀ ਤੋਂ ਲੋੜ ਮੁਤਾਬਕ ਅਜਿਹੇ ਪ੍ਰਬੰਧ ਸਥਾਪਤ ਕੀਤੇ ਹਨ ਜਿਸ ਮਾਡਲ ਦੀ ਪੂਰੇ ਦੇਸ਼ ਨੂੰ ਲੋੜ ਹੈ। ਟੀਮ ਨੇ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਤੇ ਕਿਸ਼ਤੀ ਰਾਹੀਂ ਪਵਿੱਤਰ ਕਾਲੀ ਵੇਈਂ ਦੇ ਪਾਣੀ ਦੀ ਗੁਣਵੱਤਾ ਨੂੰ ਵੀ ਦੇਖਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ਟੀਮ ਦੋ ਦਿਨਾਂ ਤੋਂ ਸਾਲਿਡ ਵੇਸਟ ਅਤੇ ਪਾਣੀਆਂ ‘ਚ ਘੁਲ ਰਹੀਆਂ ਜ਼ਹਿਰਾਂ ਦਾ ਜਾਇਜ਼ਾ ਲੈਣ ਲਈ ਆਈ ਹੋਈ ਹੈ। ਪਹਿਲੇ ਦਿਨ ਟੀਮ ਨੇ ਨਵਾਂਸ਼ਹਿਰ ਵਿਚ ਕੂੜੇ ਨੂੰ ਸਾਫ ਕਰਨ ਦਾ ਪ੍ਰਬੰਧ ਦੇਖਿਆ ਸੀ।

Real Estate