ਡਰਾਈਵਰ ਨੇ ਬੱਚਿਆਂ ਨਾਲ ਭਰੀ ਬੱਸ ਨੂੰ ਲਗਾਈ ਅੱਗ: ਪੁਲਿਸ ਦੀ ਫੁਰਤੀ ਨੇ ਬਚਾਈ ਬੱਚਿਆਂ ਦੀ ਜਾਨ

5094

ਇਟਲੀ ਦੇ ਸ਼ਹਿਰ ਮਿਲਾਨ ਵਿੱਚ ਕਰੀਬ 51 ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਉਸੇ ਦੇ ਡਰਾਈਵਰ ਨੇ ਅਗਵਾ ਕਰਕੇ ਅੱਗ ਲਗਾ ਦਿੱਤੀ।ਕੁਝ ਬੱਚਿਆਂ ਨੂੰ ਵਿੱਚ ਬੰਨ੍ਹ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਬੱਸ ਦੀਆਂ ਟੁੱਟੀਆਂ ਪਿਛਲੀਆਂ ਖਿੜਕੀਆਂ ਰਾਹੀਂ ਬਚਾਇਆ ਗਿਆ। ਇਸ ਦੌਰਾਨ ਕਿਸੇ ਬੱਚੇ ਨੂੰ ਗੰਭੀਰ ਸੱਟ ਨਹੀਂ ਲੱਗੀ। 47 ਸਾਲਾ ਡਰਾਈਵਰ ਇਟਲੀ ਦੇ ਸੈਨੇਗਲ ਤੋਂ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਡਰਾਈਵਰ ਨੇ ਕਿਹਾ ਸੀ, “ਕੋਈ ਨਹੀਂ ਬਚੇਗਾ।”
ਮਿਲਾਨ ਦੇ ਸਰਕਾਰੀ ਵਕੀਲ ਫਰਾਂਸੈਸਕੋ ਗਰੈਕੋ ਨੇ ਕਿਹਾ, “ਇਹ ਚਮਤਕਾਰ ਹੈ ਨਹੀਂ ਤਾਂ ਇੱਕ ਕਤਲੇਆਮ ਹੋ ਸਕਦਾ ਸੀ।”ਬੱਸ ਵਿੱਚ ਬੈਠੇ ਇੱਕ ਅਧਿਆਪਕ ਮੁਤਾਬਕ ਮੁਲਜ਼ਮ ਇਟਲੀ ਇਮੀਗ੍ਰੇਸ਼ਨ ਪਾਲਿਸੀ ਅਤੇ ਭੂ-ਮੱਧ ਸਾਗਰ ਵਿੱਚ ਪਰਵਾਸੀਆਂ ਦੀ ਮੌਤ ਤੋਂ ਨਾਰਾਜ਼ ਸੀ।ਪੁਲਿਸ ਮੁਤਾਬਕ ਮੁਲਜ਼ਮਾ ਦਾ ਨਾਮ ਓਸੇਨੌ ਸਾਏ ਹੈ।ਪੁਲਿਸ ਬੁਲਾਰੇ ਮਾਰਕੋ ਪਲਮੀਰੀ ਨੇ ਦੱਸਿਆ, “ਉਹ ਚੀਕ ਰਿਹਾ ਸੀ ਕਿ ਸਮੁੰਦਰ ‘ਚ ਹੋ ਰਹੀਆਂ ਮੌਤਾਂ ਨੂੰ ਰੋਕੋ, ਮੈਂ ਕਤਲੇਆਮ ਨੂੰ ਅੰਜਾਮ ਦੇਵਾਂਗਾ।”ਵਕੀਲ ਦਾ ਕਹਿਣਾ ਹੈ ਕਿ ਉਸ ‘ਤੇ ਅਗਵਾ ਕਰਨ, ਸਮੂਹਿਕ ਹੱਤਿਆ, ਅੱਗ ਲਗਾਉਣ ਅਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਦੇ ਇਲਜ਼ਾਮ ਲੱਗਣਗੇ।
ਗਰੈਕੋ ਦਾ ਕਹਿਣਾ ਹੈ ਕਿ ਅਧਿਕਾਰੀ ਉਸ ‘ਤੇ ਅੱਤਵਾਦ ਦੇ ਇਲਜ਼ਾਮ ਲਗਾਉਣ ਦਾ ਵੀ ਮੁਲੰਕਣ ਕਰ ਰਹੇ ਹਨ।ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਮੁਲਜ਼ਮ ਪਹਿਲਾਂ ਵੀ ਕੁੱਟਮਾਰ, ਨਸ਼ੇ ‘ਚ ਡਰਾਈਵਿੰਗ, ਆਦਿ ਦਾ ਦੋਸ਼ੀ ਰਹਿ ਚੁੱਕਿਆ ਹੈ।
ਬੱਚਿਆਂ ਦੀਆਂ ਦੋ ਕਲਾਸਾਂ ਅਤੇ ਉਨ੍ਹਾਂ ਦੇ ਸੁਪਰਵਾਈਜ਼ਰ ਨੂੰ ਸਕੂਲ ਤੋਂ ਜਿਮ ਲੈ ਕੇ ਜਾਇਆ ਜਾ ਰਿਹਾ ਸੀ।ਡਰਾਈਵਰ ਨੇ ਅਚਾਨਕ ਰਸਤਾ ਬਦਲ ਲਿਆ ਅਤੇ ਉਹ ਮਿਲਾਨ ਏਅਰਪੋਰਟ ਵੱਲ ਤੁਰ ਪਿਆ।ਜਦੋਂ ਮੁਲਜ਼ਮ ਨੇ ਬੱਚਿਆਂ ਨੂੰ ਚਾਕੂ ਨਾਲ ਧਮਕੀ ਦਿੱਤੀ ਤਾਂ ਰੈਮੀ ਨਾਮ ਦੇ 13 ਸਾਲਾ ਮੁੰਡੇ ਨੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਜਿਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।ਅਧਿਕਾਰੀਆਂ ਨੇ ਉਦੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਬੱਸ ਹੌਲੀ ਹੋਣ ਤੋਂ ਪਹਿਲਾਂ ਪੁਲਿਸ ਦੀਆਂ ਗੱਡੀਆਂ ਵਿੱਚ ਜਾ ਵੱਜੀ।ਜਦੋਂ ਬੱਸ ਰੁਕੀ ਤਾਂ ਡਰਾਈਵਰ ਨੇ ਛਾਲ ਮਾਰੀ ਅਤੇ ਬੱਸ ਨੂੰ ਅੱਗ ਲਗਾ ਦਿੱਤੀ, ਉਸ ਨੇ ਪਹਿਲਾਂ ਅੰਦਰ ਪੈਟ੍ਰੋਲ ਛਿੜਕਿਆ ਸੀ।ਪੁਲਿਸ ਪਿਛਲੀਆਂ ਖਿੜਕੀਆਂ ਦੇ ਸ਼ੀਸ਼ੇ ਤੋੜਨ ‘ਚ ਸਫ਼ਲ ਰਹੀ ਅਤੇ ਇਸ ਤੋਂ ਪਹਿਲਾਂ ਕਿ ਬੱਸ ਅੱਗ ਦੀਆਂ ਲਪਟਾਂ ‘ਚ ਘਿਰ ਜਾਂਦੀ ਪੁਲਿਸ ਨੇ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ।

Real Estate