ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, 29 ਮਾਰਚ ਤੱਕ ਰਹੇਗਾ ਲੰਡਨ ਦੀ ਜੇਲ੍ਹ ‘ਚ

ਇੰਗਲੈਂਡ ’ਚ ਗ੍ਰਿਫ਼ਤਾਰ ਨੀਰਵ ਮੋਦੀ ਦੀ ਜ਼ਮਾਨਤ ਮਨਜ਼ੂਰ ਨਹੀਂ ਹੋ ਸਕੀ ਤੇ ਉਸ ਨੂੰ 29 ਮਾਰਚ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ, ਜਿਸ ਦਿਨ ਉਸ ਦੇ ਮਾਮਲੇ ਦੀ ਅਗਲੇਰੀ ਸੁਣਵਾਈ ਹੋਵੇਗੀ। 48 ਸਾਲਾ ਨੀਰਵ ਮੋਦੀ ਨੂੰ ਵੈਸਟਮਿੰਸਟਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਵਿੱਚ ਜਿ਼ਲ੍ਹਾ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਉੱਥੇ ਉਸ ਉੱਤੇ ਰਸਮੀ ਦੋਸ਼ ਲੱਗਣੇ ਹਨ। ਉਸ ਤੋਂ ਬਾਅਦ ਹੀ ਉਸ ਨੂੰ ਜ਼ਮਾਨਤ ਮਿਲ ਸਕੇਗੀ। ਨੀਰਵ ਮੋਦੀ ਦੇ ਵਕੀਲ ਨੇ ਜ਼ਮਾਨਤ ਲਈ 5 ਲੱਖ ਪੌਂਡ ਦੀ ਜ਼ਮਾਨਤ–ਰਾਸ਼ੀ ਦੀ ਪੇਸ਼ਕਸ਼ ਕੀਤੀ ਪਰ ਫਿਰ ਵੀ ਜੱਜ ਨੇ ਨੀਰਵ ਮੋਦੀ ਨੂੰ ਜ਼ਮਾਨਤ ਉੱਤੇ ਰਿਹਾਅ ਨਹੀਂ ਕੀਤਾ। ਜੱਜ ਨੇ ਕਿਹਾ ਕਿ ਨੀਰਵ ਮੋਦੀ ਦਾ ਕਥਿਤ ਘੁਟਾਲੇ ਦੀ ਰਕਮ ਬਹੁਤ ਵੱਡੀ ਹੈ ਤੇ ਉਸ ਉੱਤੇ ਲੱਗੇ ਸਾਰੇ ਦੋਸ਼ ਸੰਗੀਨ ਕਿਸਮ ਦੇ ਹਨ। ਨੀਰਵ ਮੋਦੀ ਭਾਰਤ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜ਼ਮ ਹੈ। ਇਹ ਘੁਟਾਲਾ ਉਸ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕੀਤਾ ਹੈ। ਇਸ ਤੋਂ ਇਲਾਵਾ ਉਸ ਉੱਤੇ ਨਕਲੀ ਹੀਰੇ ਵੇਚਣ ਦੇ ਦੋਸ਼ ਵੀ ਲੱਗਦੇ ਰਹੇ ਹਨ।

Real Estate