ਅਧੂਰੇ ਖ਼ਤ

5103

ਹਰਕੀਰਤ ਚਹਿਲ
“ਸ਼ੁਕਰ ਐ ਉਏ ਰੱਬਾ ਕਿ ਹੰਝੂ ਬੇਰੰਗ ਹੁੰਦੇ ਨੇ, ਨਹੀਂ ਤਾਂ ਚੁੰਨੀ ਵਿੱਚ ਸਮੋਏ ਵੀ ਦਾਦਣੇ ਮੇਰੇ ਨਭਾਗੀ ਤੇ ਖ਼ਬਰੇ ਕੀ ਕੀ ਤੋਹਮਤ ਲਾੳੇਂਦੇ? ਗ਼ਰੀਬੜੀ ਧੀ ਧਿਆਣੀ ਵੀ ਭਲਾਂ ਕਿਸੇ ਦੀ ਕੁੱਝ ਲੱਗਦੀ ਹੁੰਦੀ ਹੈ———
ਕਦੇ ਕਦੇ ਕੋਰੇ ਕਾਗ਼ਜ਼ਾਂ ਦੀ ਹਿੱਕ ਤੇ ਕਾਲੀ ਸਿਆਹੀ ਨਾਲ ਜ਼ਿੰਦਗੀ ਦੇ ਕਾਲੇ ਲੇਖਾਂ ਦਾ ਚਿੱਠਾ ਲਿਖਦੀ ਰੋਜ਼ੀ ਦਰਦ ਫਰੋਲਦੀ। ਭਾਂਬੜ ਬਣ ਕੇ ਉੱਠੇ ਲਾਵੇ ਵਰਗੇ ਅਰਮਾਨਾਂ ਨੂੰ ਠਾਰਨ ਲਈ ਸ਼ਬਦਾਂ ਦੀ ਗੋਦ ਹੀ ਸੀ ਜੋ ਭਲੇ ਵੇਲਿਆਂ ਵਿੱਚ ਨਸੀਬ ਹੋਈ ਸੀ।ਕਦੇ ਤਾਂ ਮਨ ਧੀਰ ਧਰਾਉਂਦਾ ਆਸ ਦੇ ਸਹਾਰੇ ਗ਼ਮ ਸੜ੍ਹਾਕ ਲੈਂਦਾ ਪਰ ਕਦੇ ਕਦੇ ਕਈ ਕਈ ਦਿਨ ਤਾਬ ਨਾਂ ਆਉਂਦਾ। ਸਾਰੀ ਸਾਰੀ ਰਾਤ ਅਨੀਂਦਰੇ ਵਿੱਚ ਸਵੈ-ਸੰਵਾਦ ਰਚਾਉਂਦੀ ਰੋਜ਼ੀ ਦੀ ਇਕਲਾਪੀ ਰੂਹ ਕਦੇ ਤੱਤੇ ਮਾਰੂਥਲਾਂ ਵਿੱਚ ਭਟਕਦੀ ਤੇ ਕਦੇ ਠੰਡੀਆਂ ਸੀਤ ਰਾਤਾਂ ਨੂੰ ਗਲੀਆਂ ਵਿੱਚ ਭਾਉਂਦੀ ਨੀਮ ਪਾਗਲਾਂ ਵਾਂਗ ਠੋਕਰਾਂ ਖਾਂਦੀ ਫਿਰਦੀ ਮੰਜ਼ਿਲ ਦਾ ਰਾਹ ਟੋਲਣ ਨਿਕਲਦੀ, ਪਰ ਕੁਝ ਨਾਂ ਹੱਥ ਪੱਲੇ ਪੈਂਦਾ।
ਪਿਛਲੇ ਮਹੀਨੇ ਸੰਗਰਾਂਦ ਵਾਲੇ ਦਿਨ ਰੋਜ਼ੀ ਸਵੇਰੇ ਚਾਰ ਵਜੇ ਉੱਠਕੇ ਨਹਾ ਧੋ ਕੇ ਗੁਰਦਵਾਰੇ ਮੱਥਾ ਟੇਕ ਕੇ ਕੀਰਤਨ ਸੁਣ ਕੇ, ਲੰਗਰ ਦੀ ਸੇਵਾ ਕਰਕੇ, ਰੀਝਾਂ ਬਰ ਆਉਣ ਲਈ ਮੰਨਤਾਂ ਮੰਗਦੀ, ਅਰਦਾਸਾਂ ਕਰਦੀ ਘਰ ਪਹੁੰਚੀ ਤਾਂ ਮਾਂ ਅਮਰਜੀਤ ਸਿਰ ਫੜੀ ਬੈਠੀ ਸੀ।
“ਕੀ ਹੋਇਆਂ ਬੀਜੀ? ਤੂੰ ਠੀਕ ਤਾਂ ਹੈ?”
ਪ੍ਰਸ਼ਾਦ ਵਾਲੀ ਥਾਲੀ ਵਿਹੜੇ ਦੀ ਕੰਧੋਲ਼ੀ ਤੇ ਧਰਦੀ ਰੋਜ਼ੀ ਬੋਲੀ।
” ਨੀ ਕੀ ਦੱਸਾਂ ਧੀਏ, ਏਦੂੰ ਤਾਂ ਮੌਤ ਹੀ ਆ ਜਾਂਦੀ।” ਕਹਿੰਦੀ ਅਮਰਜੀਤ ਫੁੱਟ -ਫੁੱਟ ਰੋਣ ਲੱਗੀ।
” ਗੱਲ ਤਾਂ ਦੱਸ ਕੀ ਹੋਈ? ਬਾਪੂ ਤੇ ਵੀਰਾ ਤਾਂ ਠੀਕ ਨੇ ਨਾਂ? ਘਬਰਾਈ ਰੋਜੀ ਦੀਆਂ ਨਜ਼ਰਾਂ ਚਾਰੋ ਤਰਫ਼ ਘੁੰਮ ਰਹੀਆਂ ਸਨ, ਪਰ ਘਰੇ ਤਾਂ ਬੀਜੀ ਤੋਂ ਸਿਵਾਏ ਕੋਈ ਵੀ ਨਹੀਂ ਸੀ।
“ਨੰਗਲਾਂ ਤੋਂ ਫ਼ੋਨ ਆਇਆ ਸੀ।” ਕਹਿ ਕੇ ਅਮਰਜੀਤ ਅੱਗੇ ਬੋਲ ਨਾਂ ਸਕੀ।
” ਮੇਰਾ ਚੰਨਾਂ ਤਾਂ ਠੀਕ ਏ ਨਾਂ ਬੀਜੀ? ਮਾਂ ਦੇ ਹੱਥ ਨੂੰ ਘੁੱਟ ਕੇ ਫੜਦੀ ਰੋਜ਼ੀ ਪੁੱਛਣ ਲੱਗੀ।
” ਹਾਂ ਪੁੱਤ ਸਾਰੇ ਠੀਕ ਨੇ, ਪਰ ਹੁਣ ਉਹ ਤੇਰਾ ਚੰਨਾਂ ਨਹੀਂ ਰਿਹਾ।”
” ਕੀ ਮਤਲਬ ਤੇਰਾ ਬੀਜੀ?
” ਹਾਂ ਪੁੱਤ ਉਹਦੀ ਮਾਂ ਦਾ ਫ਼ੋਨ ਆਇਆ ਸੀ, ਅਖੇ ਸਾਡੀ ਤਾਂ ਰਿਸ਼ਤੇ ਵਾਲੀ ਗੱਲ ਤੋਂ ਨਾਂਹ ਹੈ।”
” ਨਾਂ ਨੀਂ ਭੈਣ ਜੀ, ਆਹ ਕੀ ਲੋਹੜਾ ਮਾਰਿਆ ਤੈਂ? ਮੇਰੇ ਸਿਰ ‘ਚ ਇਉ ਸੋਟਾ ਨਾਂ ਮਾਰ। ਸਾਡੀ ਤਾਂ ਮਲੂਕ ਜਿਹੀ ਧੀ ਸੁਣ ਕੇ ਹੀ ਮਰਜੂ—ਸ਼ਰੀਕੇ ‘ਚ ਅੱਡ ਥੂ-ਥੂ ਹੋ ਜੂ। ਤੂੰ ਵੀ ਧੀਆਂ ਦੀ ਮਾਂ ਹੈਂ, ਹਾੜ੍ਹਾ ਰਹਿਮ ਕਰ। ਪੁੱਤ ਮੈਂ ਬਥੇਰਾ ਵਾਸਤਾ ਪਾਇਆ———- ਅਮਰਜੀਤ ਬੋਲੀ।
“ਅਖੇ ਤੇਰੀ ਧੀ ਕਿਹੜਾ ਖੁਸ਼ ਐ? ਉਸ ਤੋਂ ਤਾਂ ਆਪਦਾ ਰੋਣਾ ਧੋਣਾ ਹੀ ਨਹੀ ਮੁੱਕਦਾ, ਸਾਡੇ ਟੱਬਰ ‘ਚ ਕਿੱਥੋਂ ਧਿਜ ਜਾਊ? ਨਾਲੇ ਜਦ ਜਵਾਂਕਾਂ ਦੀ ਹੁਣੇ ਹੀ ਦਾਲ ਨਹੀਂ ਗਲਦੀ, ਅਗਾਹਾਂ ਕੀਕਣ ਨਿਭੂ? ਸਾਡਾ ਤਾਂ ੍ਭਾਈ ਮੁੰਡਾ ਨਾਂ-ਨੁੱਕਰ ਜਿਹੀ ਕਰਦਾ। ਫੇਰ ਭਲਾ ਧੱਕਾ ਕਿਵੇਂ ਕਰੀਏ?” ਕਹਿ ਕੇ ਚੰਨੇ ਦੀ ਮਾਂ ਨੇ ਫ਼ੋਨ ਕੱਟ ਦਿੱਤਾ। ਪਰ ਤੂੰ ਤਾਂ ਕੁਸ਼ ਨਹੀਂ ਦੱਸਿਆ ਕਿ ਤੁਸੀਂ ਲੜਦੇ ਝਗੜਦੇ ਹੋ?”
” ਬੀਜੀ, ਜੇ ਕੁਝ ਹੁੰਦਾ ਤਾਂ ਦੱਸਦੀ— ਭੁੰਜੇ ਬੈਠੀ ਅੱਥਰੂ ਵਹਾਉਂਦੀ ਰੋਜ਼ੀ ਦੇ ਸਿਰ ਜਾਣੋਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਗੁਰੂ-ਘਰ ਬੈਠ ਕੇ ਮੰਗੀਆਂ ਮੰਨਤਾਂ ਕਿਸੇ ਸਾਗਰ ਦੀ ਛੱਲ ਨਾਲ ਹੀ ਵਹਿ ਗਈਆਂ। ਦਿਲ ਦੇ ਵਿਹੜੇ ਬਹਿ ਕੇ ਬੁਣੇ ਰੰਗਲੇ ਸੁਪਨੇ ਚਿੱਟੇ ਦਿਨ ਦੇ ਚਾਨਣ ਵਿੱਚ ਹੀ ਤਾਰੋ-ਤਾਰ ਹੋ ਗਏ। ਘਰ ਵਿੱਚ ਕਬਰਸਤਾਨ ਵਰਗੀ ਚੁੱਪ ਛਾ ਗਈ। ਮਾਂਵਾਂ ਧੀਆਂ ਰੋ ਰੋ ਕੇ ਹਾਲੋੰ ਬੇਹਾਲ ਹੁੰਦੀਆਂ ਰਹੀਆਂ। ਨਸ਼ੇੜੀ ਪਿਉ- ਪੁੱਤ ਪਿਛਲੇ ਦੋ ਦਿਨਾਂ ਤੋਂ ਘਰ ਹੀ ਨਹੀਂ ਵੜੇ ਸਨ। ਵਾਧ-ਘਾਟ ਨਾਲ ਜਿੱਥੇ ਢੇਰੀ ਹੋ ਜਾਂਦੇ, ਰਾਤ ਕੱਟ ਲੈਂਦੇ।
ਅਮਰਜੀਤ ਨੇ ਕਲਪ-ਕਲਪ ਕੇ ਬਥੇਰਾ ਆਪਾ ਤੋੜਿਆ। ਆਥਣ ਹੁੰਦਿਆਂ ਹੀ ਬੰਨ੍ਹੇ ਸਿਰ ਨਾਲ ਭੁੱਖਣਭਾਣੀ ਚੁੱਲ੍ਹੇ-ਚੌਕੇ ਢਿੱਡ ਦੀ ਅੱਗ ਠਾਰਨ ਵੜੀ ਤਾਂ ਰੋਜ਼ੀ ਨੇ ਆਕੇ ਬਾਹੋਂ ਫੜ ਕੇ ਉਠਾਇਆ। ਸਰੀਰ ਭੱਠੀ ਵਾਂਗ ਤਪ ਰਿਹਾ ਸੀ ਤੇ ਅੰਤਾਂ ਦਾ ਕੰਬ ਰਿਹਾ ਸੀ।
ਬਥੇਰੀ ਦਵਾਈ ਬੂਟੀ ਲਈ ਰੋਜ਼ੀ ਸ਼ਹਿਰ ਵਾਲੇ ਡਾਕਟਰ ਕੋਲ ਲਿਜਾਂਦੀ, ਪਰ ਤਾਪ ਆਥਣ ਸਵੇਰ ਦਬੋਚ ਹੀ ਲੈਂਦਾ। ਪੂਰੇ ਵੀਹ ਦਿਨ ਹੋ ਗਏ ਸਨ। ਹੱਡੀਂ ਬੈਠਾ ਬੁਖ਼ਾਰ ਸਮਝੋਂ ਬਾਹਰ ਸੀ ਕਿ ਤੇਈਆ ਹੈ, ਟਾਈਫਾਈਡ ਜਾਂ ਮਲੇਰੀਆ ਸੀ ਜਿਸ ਨੇ ਅਮਰਜੀਤ ਦਾ ਬਦਨ ਨੀਂਬੂੰ ਵਾਂਗ ਨਚੋੜ ਦਿੱਤਾ ਸੀ। ਰੋਜੀ ਵੀ ਆਪਦਾ ਗ਼ਮ ਭੁਲਾ ਕੇ ਘਰ ਤੇ ਮਾਂ ਨੂੰ ਸਾਂਭਣ ਵਿੱਚ ਰੁੱਝੀ ਰਹਿੰਦੀ। ਭਾਂਵੇ ਚੰਨੇ ਦੀ ਬੇਵਫਾਈ ਉਸ ਨੂੰ ਰਹਿ ਰਹਿ ਕੇ ਸਤਾਉਂਦੀ,ਫ਼ੋਨ ਤੇ ਵੱਜਦੀ ਹਰ ਘੰਟੀ ਉਸ ਨੂੰ ਚੰਨੇ ਦੇ ਪਛਤਾ ਰਹੇ ਹੋਣ ਦਾ ਭੁਲੇਖਾ ਪਾੳੇਂਦੀ, ਪਰ ਉਸ ਦਾ ਕੋਈ ਸੁਨੇਹਾ ਜਾਂ ਫ਼ੋਨ ਨਾਂ ਆਇਆ। ਚੁੱਪ ਚੁੱਪੀਤੇ ਰੂਹ ਦਾ ਸਾਥੀ ਕਿਸੇ ਹੋਰ ਪਗਡੰਡੀ ਪੈ ਤੁਰਿਆ ਸੀ।
ਅਮਰਜੀਤ ਨੂੰ ਲੱਗਿਆ ਝੋਰਾ ਉਸ ਨੂੰ ਦਿਨ ਰਾਤ ਘੁਣ ਵਾਂਗ ਖਾ ਰਿਹਾ ਸੀ।
“ਹਾਏ ਹਾਏ ਪਤਾ ਨਹੀਂ ਲੋਕ ਮੇਰੀ ਧੀ ਬਾਰੇ ਕੀ ਕੀ ਗੱਲਾਂ ਚੱਬਣਗੇ। ਗਊ ਦੇ ਦਿਲ ਤੇ ਲੱਗੀ ਸੱਟ ਦਾ ਤਾਂ ਪਿਉ ਤੇ ਭਰਾ ਨੂੰ ਝੋਰਾ ਨਹੀਂ, ਲੋਕਾਂ ਭਾਅਦਾ ਤਾਂ ਆਪੇ ਜਗਤ ਤਮਾਸ਼ਾ ਹੋਊ। ਸੋਚਦੀ ਅਮਰਜੀਤ ਦੇ ਖਾਨਿਓ ਹੋਸ਼ ੳੱਡ ਜਾਂਦੇ। ਪਰ ਵਾਅ ਲੱਗਦੀ ਮਾਂਵਾਂ ਧੀਆ ਆਪਦੇ ਦਰਦ ਨੂੰ ਇਕ ਦੂਜੇ ਤੋਂ ਲੁਕੋ ਕੇ ਰੱਖਦੀਆਂ।
ਬੀਜੀ ਦੀ ਸਿਹਤ ਵੱਲ ਦੇਖਦੀ ਰੋਜ਼ੀ ਅਕਸਰ ਝੂਠਾ ਜਿਹਾ ਧਰਵਾਸ ਦਿੰਦੀ ਕਹਿੰਦੀ,” ਛੱਡ ਪਰ੍ਹੇ ਨੀਂ ਬੀਜੀ, ਚੰਗਾ ਹੋਇਆ ਪਹਿਲਾਂ ਹੀ ਭਾਂਡਾ ਫੁੱਟ ਗਿਆ, ਕੱਲ ਕਲਾਂ ਨੂੰ ਘਰ ਲੁਟਾ ਕੇ ਮੈਂ ਵੀ ਕਾਸੇ ਜੋਗੀ ਨਾਂ ਰਹਿੰਦੀ।
“ਪਰ ਧੀਏ ਤੇਰੇ ਵਰਗੀ ਕੂੰਨੀ ਕੁੜੀ ਦਾ ਦਿਲ ਦੁਖਾਂਉਦਿਆਂ ਉਹ ਰੱਬ ਤੋਂ ਨਹੀਂ ਡਰਿਆ? ਤੇਰੇ ਭਾਗਾਂ ਵਿੱਚ ਹੀ ਇਹ ਸੱਭ ਕਿਉਂ ਲਿਖਿਆ ਸੀ?
” ਲੈ ਹੁਣ ਤੂੰ ਉੱਪਰ ਆਲੇ ਦੀ ਕੀਤੀ ਤੇ ਵੀ ਪਾਣੀ ਫੇਰੀ ਜਾਨੀਂ ਐਂ ? ਇੱਕ ਤਾਂ ਉਹਨੇ ਟਾਈਮ ਤੇ ਅੱਖਾਂ ਖੋਹਲਤੀਆਂ। ਤੂੰ ਸਗੋਂ ਤੇ ਖੁਸ਼ ਹੋ। ਹੋਰ ਕੀ ਦੁਨੀਆਂ ਮੁੱਕ ਗਈ? ਜਿੱਥੇ ਸੰਜੋਗ ਲਿਖੇ ਨੇ, ਆਪੇ ਹੋ ਜੂ। ਸਾਥੋਂ ਨੀਂ ਨਮੋਹਰੇ ਲੋਕਾਂ ਲਈ ਦੀਦੇ ਗਾਲੇ ਜਾਂਦੇ। ਉਹਨੂੰ ਤਾਂ ਵੱਡੇ ਨੱਭੀਖਾਨ ਨੂੰ ਲੱਗਦਾ ਹੋਊ ਵਈ ਰੋਜ਼ੀ ਤਾਂ ਅੱਖਾਂ ਚ ਘਸੁੰਨ ਦੇ ਕੇ ਰੋਂਦੀ ਹੋਊ,,ਹੂੰਅ।”
” ਨੀਂ ਧੀਏ ਰਾਣੀਏ, ਬੁੱਕਲ ਵਿੱਚ ਗ਼ਮ ਲੁਕੋਇਆ ਨਹੀਂ ਲੁਕਦੇ। ਕੀਹਦੇ ਕੋਲੋਂ ਪਰਦੇ ਪਾਉਨੀਏ ? ਮਾਂ ਹਾਂ ਤੇਰੀ, ਤੇਰੇ ਦਿਲ ਦੀਆਂ ਮੇਰੇ ਨਹੁੰਆਂ ਵਿੱਚ ਨੇ। ਪੀਲੀ ਜਰਦ ਤਾਂ ਹੋਈ ਪਈ ਏ ਜਿੱਦੇ ਦਾ ਆਹ ਪੱਥਰ ਮਾਰਿਆ ਨੰਗਲਾਂ ਵਾਲਿਆਂ ਨੇ।” ਉਮਰੋਂ ਲੰਬਾ ਹਉਕਾ ਭਰਦੀ ਅਮਰਜੀਤ ਮੱਥੇ ਤੇ ਆਈ ਤੌਣੀ ਮਲਮਲ ਦੀ ਚੁੰਨੀ ਨਾਲ ਪੂੰਝਦੀ ਬੋਲੀ।
ਤੂੰ ਆਪੇ ਗੱਲਾਂ ਬਣਾਈ ਜਾਵੇਂ ਤਾਂ ਹੋਰ ਗੱਲ ਐ, ਮੇਰੀ ਤਾਂ ਜੁੱਤੀ ਦੇ ਨੀਂ ਯਾਦ। ਚੱਲ ਛੱਡ ਮੇਰੀ ਗੱਲ ਤੂੰ ਆਪਦੀ ਗੌਰ ਕਰ। ਲੋਕਾਂ ਪਿੱਛੇ ਐਵੇਂ ਜਿੰਦ ਸੂਲੀ ਟੰਗੀ ਆ।” ਗਲਵੱਕੜੀ ਵਿੱਚ ਭਰ ਕੇ ਪਿਆਰ ਕਰਦੀ ਰੋਜ਼ੀ ਬੋਲੀ।
ਪੂਰੇ ਤੇਈ ਦਿਨਾਂ ਤੋਂ ਤਾਪ ਨਹੀਂ ਟੁੱਟਿਆ ਸੀ ਅੱਜ ਫੇਰ ਭੱਠੀ ਵਾਂਗੂੰ ਤਪਦੀ ਅਮਰਜੀਤ ਨੂੰ ਰੋਜ਼ੀ ਨੇ ਮਸਾਂ ਦੋ ਚਮਚੇ ਖਿਚੜੀ ਦੇ ਖੁਆ ਕੇ ਦੁਆਈ ਦਿੱਤੀ। ਘੰਟੇ ਕੁ ਬਾਅਦ ਪਸੀਨਾ ਆ ਕੇ ਤਾਪ ੳੱਤਰਿਆ ਤੇ ਨਿਹਾਤ ਹੋਈ ਅਮਰਜੀਤ ਨੀਂਦ ਵਿੱਚ ਘੁਰਾੜੇ ਮਾਰਨ ਲੱਗੀ।
ੳੱਤਰਦੇ ਸਿਆਲ ਦੀ ਸੁੱਕੀ ਜਿਹੀ ਠੰਡੀ ਰਾਤ ਨੂੰ ਰੋਜ਼ੀ ਬਥੇਰਾ ਸਿਮਟ-੨ ਕੇ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨੀਂਦ ਦਾ ਨਾਮੋਂ ਨਿਸ਼ਾਨ ਨਹੀਂ ਸੀ ।ਮਨ ਵਿੱਚ ਖੌਰੂ ਪਾੳਂਦੇ ਵਲਵਲਿਆਂ ਨੂੰ ਸ਼ਬਦੀ ਜਾਮਾ ਪਾ ਕੇ ਟਿਕਾੳਣ ਲੲੀ ੳੁਸਨੇ ੳੱਠ ਕੇ ਸਿਰਹਾਣੇ ਪਏ ਕਾਲੇ ਸ਼ਾਲ ਦੀ ਬੁੱਕਲ ਮਾਰੀ ਤੇ ਦੱਬੇ ਪੈਰੀਂ ਕਮਰੇ ਵਿੱਚੋਂ ਨਿਕਲ ਕੇ ਲਾਗਲੇ ਕਮਰੇ ਵਿੱਚ ਆ ਗੲੀ । ਹਨ੍ਹੇਰੇ ਵਿੱਚ ਟੋਹ ਕੇ ਕਮਰੇ ਦੀ ਬੱਤੀ ਦੀ ਸਵਿੱਚ ਦੱਬੀ। ਫਿੱਕਾ ਪੀਲਾ ਚਾਨਣ ਵੀ ਰੌਸ਼ਨੀ ਵੰਡਣ ਤੋਂ ਮੁਨਕਰ ਹੋ ਰਿਹਾ ਜਾਪਦਾ ਸੀ। ਬਾਪੂ ਸੁਰਜੀਤ ਤੇ ਭਰਾ ਦੀਪਾ ਨਸ਼ੇ ਦੀ ਲੋਰ ਵਿੱਚ ਧੁੱਤ ਹੋਏ ਸਰਾਲ ਵਾਂਗ ਪਸਰੇ ਘੁਰਾੜਿਆਂ ਦਾ ਰਾਗ ਅਲਾਪ ਰਹੇ ਸਨ।ਇੱਕੋ ਛੱਤ ਥੱਲੇ ਖੂਨ ਦੇ ਰਿਸ਼ਤੇ ਵੀ ਅੱਡੋ ਅੱਡ ਜਿੰਦਗੀਆਂ ਬਸਰ ਕਰ ਰਹੇ ਅਜਨਬੀ ਜਿਹੇ ਹੋਏ ਪਏ ਸਨ।
ਕਮਰੇ ਦੀ ਬੱਤੀ ਛੱਡੋ ੳੱਥੇ ਢੋਲ ਵੀ ਵੱਜਦੇ ਤਾਂ ਉਨ੍ਹਾਂ ਦੋਹਾਂ ਨੇ ਅੱਖ ਨਹੀਂ ਪੁੱਟਣੀ ਸੀ। ਪਿਉ ਪੁੱਤਾਂ ਦੀ ਇਹ ਹਾਲਤ ਹੋਣ ਕਰਕੇ ਕਈ ਸਾਲਾਂ ਤੋਂ ਮਾਵਾਂ ਧੀਆਂ ਅਲੱਗ ਕਮਰੇ ਵਿੱਚ ਹੀ ਸੌਂਦੀਅਆਂ।
ਸੈਲਫ ਤੋਂ ਚਾਰ ਪੰਜ ਕੋਰੇ ਕਾਗਜ਼ ਤੇ ਪੈੱਨ ਚੱਕ ਕੇ ਰੋਜ਼ੀ ਖੂੰਜੇ ਵਿੱਚ ਪਈ ਕੁਰਸੀ ਤੇ ਬੈਠ ਕੇ ਆਪਾ ਉਧੇੜਨ ਲੱਗੀ
” ਹੈਂਅ ਬਾਪੂ, ਤੂੰ ਤਾਂ ਆਂਹਦਾ ਹੁੰਦਾ ਸੀ ਕਿ ਜਦ ਤੂੰ ਜੰਮੀ ਸੀ ਰੋਜ਼ੀ, ਜਮਾਂ ਗੁਲਾਬ ਦੇ ਫੁੱਲ ਦੀਆਂ ਪੱਤੀਆਂ ਵਰਗਾ ਰੰਗ ਸੀ, ਮੈਂ ਤਾਂ ਦੇਖਣ ਸਾਰ ਤਾਂਹੀ ਤੇਰਾ ਨਾਂਮ ਰੋਜ਼ੀ ਰੱਖ ਦਿੱਤਾ ਸੀ। ਸਹੁੰ ਗੁਰੂ ਦੀ ਰੱਬ ਨੇ ਵਿਹਲੇ ਬਹਿ ਕੇ ਘੜੀ ਮੂਰਤ ਵਰਗੀ ਗੁੱਡੀ ਸੀ ਬੱਲਿਆਂ! ਅਸੀ ਤਾਂ ਤੈਨੂੰ ਨਜ਼ਰਾਂ ਤੋਂ ਬਚਾੳਣ ਲਈ ਕਾਲਾ ਟਿੱਕਾ ਲਾਕੇ ਰੱਖਦੇ ਸੀ। ਤੇਰੀ ਬੀਜੀ ਤਾਂ ਡਰਦੀ ਤੇਰੇ ਗੁਲਾਬੀ ਫਰਾਕ ਵੀ ਨਾਂ ਪਾੳਂਦੀ। ਕਿੰਨਾਂ ਮਾਣਮੱਤਾ ਹੋਇਆ ਤੂੰ ਹੁੱਬ ਹੁੱਬ ਕੇ ਸੋਹਣੀ ਸੁਨੱਖੀ ਧੀ ਦੀ ਗੱਲ ਕਰਦਾ। ਹੁਣ ਕੀ ਹੋ ਗਿਆ ? ਸੋਹਣੀ ਤਾਂ ਬਾਪੂ ਹੁਣ ਵੀ ਮੈਂ ਬਥੇਰੀ ਹਾਂ ਬੱਸ ਤੇਰੇ ਝੋਰਿਆਂ ਨੇ ਗੁਲਾਬੀ ਰੰਗਤ ਨੂੰ ਪੀਲਕ ਬਖਸ਼ ਦਿੱਤੀ।
ਸੁੱਕੀ ਜੁਬਾਨ ਨੂੰ ਥਥਲਾੳਂਦੇ ਊਲ-ਜਲੂਲ ਬੋਲਦੇ ਸੁਰਜੀਤ ਨੇ ਪਾਸਾ ਮਾਰ ਕੇ ਪਿੱਠ ਕਰ ਲਈ, ਜਿਵੇਂ ਉਹ ਸੁੱਤਾ ਪਿਆ ਵੀ ਸ਼ਬਦਾਂ ਤੋਂ ਮੂੰਹ ਮੋੜ ਰਿਹਾ ਹੋਵੇ।
” ਉਹ ਯੱਬਲ ਜਿਹਾ ਚੰਨਾ ਵੀ ਬਾਪੂ ਪਹਿਲੀ ਵਾਰ ਦੇਖ ਕੇ ਹੀ ਸੁਰਤ ਖੋਹ ਬੈਠਿਆ ਸੀ। ਅਖੇ ਤੇਰੇ ਤੋਂ ਦੇਖਣ ਵਾਲੇ ਦੀ ਨਜ਼ਰ ਨਹੀਂ ਉੱਠਦੀ।ਮੇਰੀ ਤਾਂ ਸਹੁੰ ਗੁਰੂ ਦੀ ਨਜ਼ਰ ਹੀ ਜੰਮ ਗਈ, ਤੇਰਾ ਹੁਸਨ ਤਾਂ ਕਲੇਜੇ ਧੂਹ ਪਾੳਂਦਾ ਚੰਨੇ ਦੀਏ ਚੰਨੀਏ! ਤੇ ਮੈਂ ਕਮਲੀ ਵੀ ਸੱਚ ਮੰਨ ਗਈ ਸੀ।
ਅਸਲ ਵਿੱਚ ਕਰਮਾਂ ਵਾਲੀ ਪੱਤਰੀ ਚੰਦਰਾ ਰੱਬ ਲਿਖਣਾ ਹੀ ਭੁੱਲ ਗਿਆ ਸੌ ਬਿਗਾਨੇ ਤੇ ਕਾਹਦਾ ਗਿਲਾ? ਹੁਣ ਤਾਂ ਮੇਰੇ ਧਰਤੀ ਤੇ ਵੱਸਦੇ ਰੱਬ ਜਾਣਿ ਕਿ ਤੂੰ ਵੀ ਅੱਖਾਂ ਫੇਰ ਗਿਐਂ। ਤੇਰੀ ਮੋਹ ਪਿਆਰ ਤੇ ਲਾਡ ਲਡਾਉਣ ਵਾਲੀ ਸੁੱਧ-ਬੁੱਧ ਹੀ ਖੋ ਗਈ। ਤੈਨੂੰ ਤਾਂ ਆਹ ਗੰਦ ਸੁਆਹ ਤੋਂ ਹੀ ਵਿਹਲ ਨਹੀਂ ਮਿਲਦੀ। ਧੀ ਦੇ ਟੁੱਟੇ ਰਿਸ਼ਤੇ ਦੀ ਪੀੜ ਨੂੰ ਤੂੰ ਕੀ ਜਾਣੇ?
ਉਹ ਨਮੋਹਰਾ ਚੰਨਾਂ ਤੇਰੀ ਧੀ ਨੂੰ ਲੱਖਾਂ ਸੁਪਨੇ ਦਿਖਾ ਕੇ ਅੱਧਵਾਟੇ ਛੱਡ ਗਿਆ, ਤੇਰਾ ਡਰ ਨਹੀਂ ਸੀ ਨਾਂ ਉਸ ਨੂੰ?
ਲਿਖਦੀ ਰੋਜ਼ੀ ਦੇ ਹੰਝੂਆਂ ਨੇ ਅੱਖਰ ਵੀ ਨਮ ਕਰਕੇ ਖਿੰਡਾ ਦਿੱਤੇ। ਸਿਸਕੀਆਂ ਭਰਦੀ ਰੋਜ਼ੀ ਨੇ ਬਾਪੂ ਸਿਰਹਾਣੇ ਰੱਖੇ ਪਾਣੀ ਦੇ ਜੱਗ ਨੂੰ ਮੂੰਹ ਲਾ ਕੇ ਦੋ ਘੁੱਟਾਂ ਭਰੀਆਂ ਤੇ ਲਾਲ ਸੁਰਖ਼ ਅੱਖਾਂ ਸ਼ਾਲ ਨਾਲ ਪੂੰਝ ਕੇ ਫਿਰ ਹਰਫ਼ਾਂ ਦੀ ਲੜੀ ਪਰੋਣ ਲੱਗੀ।
ਅਚਾਨਕ ਵਿਹੜੇ ਵਿੱਚੋਂ ਖੜਾਕ ਹੋਇਆ।ਡਰਦੀ ਸਹਿੰਮੀ ਰੋਜ਼ੀ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਬਿੱਲੀ ਹਾਰੇ ਵਾਲੀ ਕਾੜ੍ਹਨੀ ਤੇ ਪਰਚਾਂਟੇ ਮਾਰ ਰਹੀ ਸੀ। ਰੋਜੀ ਦਾ ਧੱਕ-ਧੱਕ ਕਰਦਾ ਸੀਨਾ ਮਸਾਂ ਤਾਬ ਆਇਆ।
ਪਰ ਚੰਨੀਂ ਤੇ ਆਏ ਗ਼ੁੱਸੇ ਨੂੰ ਉਹ ਕਾਬੂ ਨਾਂ ਕਰਦੀ ਲਿਖਣ ਲੱਗੀ,” ਹੈਂ ਬਾਪੂ , ਉਹ ਰਾਤ ਤਾਂ ਮੈਨੂੰ ਅਜੇ ਵੀ ਨਹੀਂ ਭੁੱਲਦੀ ਜਦ ਮੈਂ ਆਪਦੀ ਸਹੇਲੀ ਕਰਮੋਂ ਦੇ ਭਰਾ ਦੇ ਵਿਆਹ ਤੇ ਲਾਗਲੇ ਪਿੰਡ ਬੁਟਾਹਰੀ ਗਈ ਸੀ। ਚੰਨ ਚਾਨਣੀ ਰਾਤ ਨੂੰ ਕੋਠੇ ਤੇ ਗਿੱਧੇ ਵਿੱਚ ਨੱਚਦੀ ਨੂੰ ਦੇਖ ਕੇ ਉਹ ਅਗਲੇ ਦਿਨ ਬਿਮਾਰੀ ਦਾ ਪੱਜ ਲਾ ਕੇ ਜੰਨ ਨਹੀ ਚੜ੍ਹਿਆ ਸੀ। ਆਨੀਂ ਬਹਾਨੀਂ ਉਸਨੇ ਮੈਨੂੰ ਬਾਹਰਲੇ ਘਰ ਸੱਦ ਕੇ ਦਿਲ ਦੀ ਗੱਲ ਕਹੀ ਤਾਂ ਮੈਂ ਸਾਫ਼ ਨਾਂਹ ਕਰਤੀ ਸੀ। ਤੇਰਾ ਮੇਰਾ ਮੇਲ ਨਹੀਂ ਬਣਦਾ ਕਹਿ ਕੇ ਮੈਂ ਮੁੜ ਆਈ ਸੀ। ਪਰ ਉਦੋਂ ਤਾਂ ਮੇਰੇ ਹੁਸਨ ਦਾ ਸ਼ੁਦਾਈ ਹੋਇਆ ਲੇਲੜ੍ਹੀਆਂ ਕੱਢਦਾ ਦੇਖਣ ਵਾਲਾ ਸੀ, ਅਖੇ, ਜਿੰਦ ਵੇਚ ਕੇ ਵੀ ਤੂੰ ਮਿਲ ਜੇਂ ਤਾਂ ਸੌਦਾ ਮਨਜ਼ੂਰ ਹੈ। ਤੈਨੂੰ ਦੇਖਣ ਤੋਂ ਬਾਦ ਤਾਂ ਰੋਜੀ ਅੱਖਾਂ ਨੂੰ ਜਹਾਨ ਫਿੱਕਾ-ਫਿੱਕਾ ਲੱਗਦਾ। ਹੋਰ ਪਤਾ ਨਹੀਂ ਕੀ ਕੀ ਅਵਾ-ਤਵਾ ਬੋਲਿਆ। ਮੇਰਾ ਤੱਤੜੀ ਦਾ ਜੀਅ ਪਿਘਲ ਗਿਆ ਸੀ। ਜਦੋਂ ਕਈ ਮਹੀਨੇ ਪਿੱਛਾ ਕਰਦਾ ਆਪਣੇ ਪਿੰਡ ਵੀ ਆ ਵੜਿਆ ਸੀ। ਤੁਹਾਡੇ ਦੋਹਾਂ ਦੀ ਹਾਲਤ ਹਾਲੋਂ ਬੇਹਾਲ ਹੋਣ ਕਰਕੇ ਮੇਰੇ ਮਨ ਦਾ ਭਾਂਡਾ ਵੀ ਮੋਹ ਵਲੀਉਂ ਸੱਖਣਾ ਸੀ ਤੇ ਡਰ ਵੀ ਭਾਰੂ ਸੀ। ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਲੀ ਗੱਲ ਹੋ ਗਈ ਤੇ ਮੈਂ ਉਹਦੇ ਮੋਹ ਦੇ ਸਾਗਰ ਵਿੱਚ ਟੁੱਬੀ ਲਾਉਂਦੀ-੨ ਡੁੱਬਣ ਦਾ ਡਰ ਹੀ ਭੁੱਲ ਗਈ ਸੀ। ਤੇ ਰੋਜ਼ ਉਸਦੇ ਫ਼ੋਨ ਦਾ ਇੰਤਜਾਰ ਕਰਦੀ।
ਉਹ ਆਪਦੇ ਮੋਹ ਦੀ ਗਾਚੀ ਨਾਲ ਮੇਰੇ ਮਨ ਦੀ ਫੱਟੀ ਨੂੰ ਲਿੱਪ ਕੇ, ਸਾਰੇ ਸੰਸੇ ਝੋਰੇ ਹੂੰਝ ਕੇ ਸਕੂਨ ਦੀਆਂ ਚਾਰ ਸਤਰਾਂ ਲਿਖੂ, ਮੇਰਾ ਮੰਨਣਾ ਸੀ, ਪਰ ਲਿਖੀਆਂ ਦੇ ਤਖਤ ਕਿੱਥੋਂ ਪਲਟਾ ਖਾਂਦੇ ਨੇ?
ਬਥੇਰੇ ਵਾਅਦੇ ਕਰਦਾ ਸੀ ਕਿ ਤੇਰੇ ਸਾਰੇ ਦੁੱਖ-ਸੁੱਖ ਮੇਰੇ, ਆਪਾਂ ਰਲ ਕੇ ਤੇਰੇ ਟੱਬਰ ਨੂੰ ਵੀ ਸਾਂਭਾਂਗੇ। ਮੋਹ ਮੁਹੱਬਤ, ਪਿਆਰ ਪਿਊਰ ਤਾਂ ਦੁਨਿਆਵੀ ਗੱਲਾਂ ਸੀ। ਰੂਹ ਦੀ ਸਕੀਰੀ ਨਾਂ ਪਾਈ ਉਸਨੇ। ਜਦੋਂ ਸਾਂਝ ਗੂੜ੍ਹੀ ਹੋਣ ਲੱਗਦਿਆਂ ਹੀ ਮੈਂ ਆਪਦੇ ਦੁੱਖ-ਸੁੱਖ ਫਰੋਲਣੇ ਸ਼ੁਰੂ ਕੀਤੇ। ਬੱਸ ਫੇਰ ਕੀ ਸੀæææ ਉਸ ਨੂੰ ਤਾਂ ਮੇਰੀ ਬੇਬਸੀ ਹੀ ਮੇਰੀ ਕੰਮਜ਼ੋਰੀ ਲੱਗਣ ਲੱਗੀ। ਉਹੀ ਹੂਰ-ਪਰੀ ਉਸ ਨੂੰ ਲਾਚਾਰ ਤੇ ਗਰੀਬ ਘਰ ਦੀ ਕੁੜੀ ਲੱਗਣ ਲੱਗੀ।
ਰੁਤਬੇ ਤੇ ਮਾਣ ਮਰਿਆਦਾ ਨੇ ਉਸਦੇ ਪੈਰ ਧਰਤੀ ਤੇ ਲੱਗਣੋਂ ਹਟਾ ਦਿੱਤੇ—–ਅਕਾਲੀਆਂ ਦੀ ਪਾਰਟੀ ਨੇ ਉਸ ਨੂੰ ਜਰਨਲ ਸਕੱਤਰ ਜੁ ਬਣਾ ਦਿੱਤਾ ਸੀ। ਰੱਬ ਉਸਨੂੰ ਹੋਰ ਵੀ ਤਰੱਕੀਆਂ ਬਖਸ਼ੇ, ਮੇਰੀ ਦੁਆ ਹੈ। ਮੇਰੀ ਸੱਚੀ-ਸੁੱਚੀ ਮੁਹੱਬਤ ਭੁੱਲਾ ਕੇ ਉਹ ਹੀਣਤਾ-ਭਾਵ ਤੋਂ ਡਰ ਗਿਆ।
ਆਪਦੇ ਅਸਰ ਰਸੂਖ਼ ਤੇ ਦੁੰਮ-ਛੱਲਿਆਂ ਦੇ ਗੋਗੇ ਗਾਉਂਦਾ ਉਹ ਮੈਨੂੰ ਮੇਰੀ ਗਰੀਬੀ ਚਿਤਾਰਦਾ।ਇੱਕ ਦਿਨ ਤਾਂ ਉਹ ਕਹਿ ਹੀ ਬੈਠਾ ਸੀ ਕਿ ਥੋਡੇ ਅਮਲੀਆਂ ਦੇ ਘਰ ਜਾ ਕੇ ਕਿੱਥੇ ਉੱਠਿਆ ਬੈਠਿਆ ਕਰੂੰ? ਸੌ ਯਾਰ ਬੇਲੀ ਹੁੰਦੇ ਨੇ ਨਾਲ਼—–
ਚੁੱਪ-ਚਾਪ ਕਿਨਾਰਾ ਕਰ ਲੈਂਦਾ, ਟੁੱਟਣ ਲਈ ਤੋਹਮਤਾਂ ਤੇ ਨਿਕਾਰਨਾਂ ਜ਼ਰੂਰੀ ਤਾਂ ਨਹੀਂ ਸੀ ਬਾਪੂ?
ਕੀ ਸਾਰੇ ਮਰਦ ਹੀ ਇਹੋ ਜਿਹੇ ਹੁੰਦੇ? ਮੋਹ ਤੋਂ ਸੱਖਣੇ?
ਬਥੇਰਾ ਜ਼ਲੀਲ ਹੋਈ ਹਾਂ ਪਰ ਤੇਰੇ ਤੇ ਵੀਰੇ ਬਾਰੇ ਮੈਥੋਂ ਸੁਣਿਆ ਨਾਂ ਗਿਆ। ਅਮਲੀਆਂ ਦੀ ਔਕਾਤ ਜਾਣਦਾ ਹਾਂ, ਜਾਤ ਦੀ ਕੋਹੜਕਿਰਲੀ ਤੇ ਸ਼ਤੀਰੀਆਂ ਨੂੰ ਜੱਫੇ——
ਬੱਸ ਫੇਰ ਕੀ ਸੀ— ਮੈਂ ਰੋਸਾ ਜਾਹਿਰ ਕਰਨ ਲਈ ਦੋ ਦਿਨ ਫ਼ੋਨ ਨਾਂ ਚੱਕਿਆ, ਪਰ ਜਿਵੇਂ ਉਹ ਤਾਂ ਟੁੱਟਣ ਲਈ ਤਿਆਰ ਹੀ ਬੈਠਾ ਸੀ। ਮੈਂ ਤਾਂ ਫੇਰ ਵੀ ਕਿੰਨੇ ਦਿਨ ਉਸ ਦੀ ਉਡੀਕ ਕਰਦੀ ਰਹੀ।
ਦੀਪਾ ਪੈਰਾਂ ਨਾਲ ਰਜਾਈ ਲਿਤਾੜਦੇ ਨੇ ਭੁੰਜੇ ਸੁੱਟ ਦਿੱਤੀ ਸੀ ਤੇ ਹੁਣ ਕੁੰਗੜ ਕੇ ਪੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੋਜ਼ੀ ਨੇ ਰਜਾਈ ਨਾਲ ਉਸ ਦਾ ਬਦਨ ਢਕਿਆ ਤੇ ਪੰਨਿਆਂ ਨੂੰ ਸੰਵਾਰਦੀ ਅੱਖਰ ਝਰੀਟਣ ਲੱਗੀ।
” ਦਿਲ ਦੇ ਸੌਦੇ ਵਿੱਚ ਬੜਾ ਘਾਟਾ ਖਾਧਾ ਬਾਪੂ, ਤੇਰੇ ਤੋਂ ਕਾਹਦਾ ਪਰਦਾ? ਉਹ ਤਾਂ ਫੇਰ ਸੱਤ ਬਿਗਾਨਾ ਸੀ, ਤੂੰ ਤਾਂ ਮੇਰਾ ਆਪਦਾ ਬਾਪ ਹੈ ਨਾਂ, ਮੇਰਾ ਜਨਮਦਾਤਾ? ਤੈਨੂੰ ਮੇਰੇ ਤੇ ਭੋਰਾ ਰਹਿਮ ਨਹੀਂ ਆਉਂਦਾ। ਤੇ ਆਹ ਵੀਰ, ਜਿਸ ਦੇ ਜਿੱਦਣ ਦੀ ਸੁਰਤ ਸੰਭਲ਼ੀ ਹੈ, ਹਰ ਸਾਲ ਗੁੱਟ ਤੇ ਆਸ ਨਾਲ ਰੱਖੜੀ ਬੰਨ੍ਹਦੀ ਹਾਂ ਕਿ ਜ਼ਿੰਦਗੀ ਭਰ ਸਾਥ ਦੇਕੇ ਰੱਖਿਆ ਕਰੇਗਾ। ਇਸ ਦੀ ਤਾਂ ਹੁਣ ਆਪਦੀ ਕਲਾਈ ਮਣ ਮਣ ਕੰਬਦੀ ਹੈ। ਕੱਲ੍ਹ ਡਿੱਗਦੇ ਨੂੰ ਬੋਚਦੀ ਦੀ ਮੇਰੀ ਗਰਦਨ ਦੀ ਨਾੜ ਚੜ੍ਹ ਗਈ। ਥੱਬਾ ਗੋਲੀਆਂ ਤੇ ਕੈਪਸੂਲਾਂ ਤੋਂ ਇਲਾਵਾ ਟੀਕਿਆਂ ਨਾਲ ਿੲਸ ਦੀਆਂ ਬਾਹਾਂ ਦੀਆਂ ਨਸਾਂ ਵਿੰਨ੍ਹੀਆਂ ਪਈਆਂ। ਇਸ ਦਾ ਰੱਤ ਚੂਸਿਆ ਪੀਲ਼ਾ ਭੂਕ ਸ਼ਰੀਰ ਦੇਖ ਕੇ ਮੇਰੀ ਹੂਕ ਨਿੱਕਲ ਜਾਂਦੀ ਹੈ। ਘਰ ਵਿੱਚ ਜੁਆਨ ਪੁੱਤ ਕਿਹੜੇ ਪਾਸੇ ਲੱਗ ਕੇ ਨਿੱਘਰ ਰਿਹੈ, ਤੈਨੂੰ ਭੋਰਾ ਫਿਕਰ ਨਹੀਂ?
ਸਿਆਣੇ ਸੱਚ ਹੀ ਕਹਿੰਦੇ ਨੇ,
ਮਾਂ ਪਰ ਧੀ , ਪਿਤਾ ਪਰ ਘੋੜਾ
ਬਹੁਤਾ ਨਹੀਂ ਤਾਂ ਥੋੜਾ ਥੋੜਾ—–
ਇਸ ਨੇ ਤਾਂ ਹੱਦ ਬੰਨੇ ਹੀ ਟਪਾ ਦਿੱਤੇ। ਮੈਨੂੰ ਨਹੀਂ ਲੱਗਦਾ ਕਿ ਤੇਰੇ ਘਰ ਦੀ ਦਹਿਲੀਜ਼ ਨੂੰ ਵਾਰਸ ਦੀ ਆਮਦ ਨਸੀਬ ਹੋਊ—–ਵੇਖ ਬਾਪੂ ਤੂੰ ਥੋੜ੍ਹੀ ਸਿਆਣਪ ਵਰਤਦਾ ਤਾਂ ਕਿੱਥੇ ਅੱਜ ਤੇਰੀ ਸਰਦਲ ਤੇ ਭਾਬੋ ਦਾ ਡੋਲਾ ਉੱਤਰਦਾ, ਸ਼ਹਿਨਾਈਆਂ ਗੂੰਜਦੀਆਂ—- ਪੋਤੇ ਪੋਤੀਆਂ ਤੇਰੇ ਘਨੇੜੇ ਚੜ੍ਹ-੨ ਖੇਡਦੇ—– ਵਿਹੜੇ ਵਿੱਚ ਕਿਲਕਾਰੀਆਂ ਗੂੰਜਦੀਆਂ—- ਬੀਜੀ ਸਰਦਾਰਨੀ ਬਣੀ ਮੰਜੇ ਤੇ ਬੈਠੀ ਰਾਜ ਕਰਦੀ ਤੇ ਮੈਂ——?
ਮੈਂ ਤੇਰੀ ਲਾਡਲੀ ਚਾਵਾਂ ਲੱਧੀ ਧੀ ਮਾਣ ਨਾਲ ਜ਼ਿੰਦਗੀ ਨੂੰ ਮੌਲਦੀ—- ਤੂੰ ਆਪ ਮੈਨੂੰ ਸਜੀ ਧੱਜੀ ਨੂੰ ਕਲਾਵੇ ਭਰ ਕੇ ਡੋਲੇ ਵਿੱਚ ਬਿਠਾ ਕੇ ਵਿਦਾ ਕਰਦਾ—- ਸਖੀਆਂ ਸੁਹਾਗ ਗਾਉਂਦੀਆਂ— ਕੋਈ ਕਲੀਰੇ ਬੰਨ੍ਹਦਾ—ਮਾਮਾ ਨਹਾਈ ਧੋਈ ਵੇਲੇ ਠੂਠੀਆਂ ਭੋਰਦਾ।
ਹੁਣ ਤੇਰੀ ਧੀ ਦੀ ਕੁੰਦਨ ਕਾਇਆ ਝੋਰਿਆਂ ਨੇ ਖਾ ਲਈ। ਹਰ ਰਾਤ ਡਰਦੀ ਹਾਂ ਕਿ ਪਤਾ ਨਹੀ ਕੱਲ ਦਾ ਸੂਰਜ ਕਿਹੋ ਜਿਹਾ ਚੜੂ?
ਘਰ ਦਾ ਹਰ ਜੀਅ ਗ਼ਮ ਜਾਂ ਨਸ਼ੇ ਦੀ ਮਾਰ ਲਾਸ਼ ਬਣ ਕੇ ਅੰਦਰ ਡਿੱਗਦਾ। ਅੱਧੀ ਰਾਤ ਅੱਭੜਵਾਹੇ ਉੱਠ-੨ ਕੇ ਤੁਹਾਨੂੰ ਦੋਹਾਂ ਨੂੰ ਟੋਹ-ਟੋਹ ਕੇ ਵੇਖਦੀ ਰਹਿੰਦੀ ਹਾਂ, ਹਲੂਣਦੀ ਹਾਂ, ਪਾਣੀ ਪਿਆਉਂਦੀ ਹਾਂ। ਤੁਹਾਡੇ ਸਾਹਾਂ ਦੀ ਸਰਗਮ ਚੱਲਦੀ ਵੇਖ ਕੇ ਮੈਨੂੰ ਚੈਨ ਪੈਂਦੀ ਹੈ। ਰੋਜ਼ ਮਰ੍ਹਾ ਅਖਬਾਰ ਵਿੱਚ ਮਾੜੀਆਂ ਖ਼ਬਰਾਂ ਪੜ੍ਹ ਕੇ ਮੇਰੇ ਸਾਹ ਸੂਤੇ ਰਹਿੰਦੇ ਨੇ। ਚੰਨੇ ਦੇ ਛੱਡ ਜਾਣ ਦਾ ਦੁੱਖ ਤਾਂ ਉਨ੍ਹਾਂ ਵੱਡਾ ਨਹੀ ਜਿੰਨਾਂ ਤੁਹਾਡੀ ਸਲਾਮਤੀ ਦਾ ਝੋਰਾ ਹੈ।ਮੈਂ ਤਾਂ ਸਾਰੀ ਉਮਰ ਤੇਰਾ ਪੁੱਤ ਬਣ ਕੇ ਤੇਰੇ ਵਿਹੜੇ ਦੀਆਂ ਛਾਵੇਂ ਕੱਟ ਲੈਂਦੀ, ਪਰ ਕੋਈ ਠੰਡੇ ਬੁੱਲ਼੍ਹੇ ਦੀ ਆਸ ਤਾਂ ਦੇਹ ਬਾਬਲਾਂ——–
ਵੇਖ ਕਿਵੇਂ ਬੇਸੁਰਤ ਪਏ ਹੋ ਦੋਵੇਂ ?
ਜੇ ਕੋਈ ਚੋਰ ਉਚੱਕਾ ਹੀ ਆ ਜਾਵੇ ਤਾਂ ਕੋਈ ਮਰਦ ਬਚਾੳੁਣ ਦੇ ਹਾਲ ਵਿੱਚ ਨਹੀਂ। ਮੈਂ ਤਾਂ ਸੁਣਿਆਂ ਜੁਆਨ ਧੀਆਂ ਦੇ ਮਾਪਿਆਂ ਦੀ ਤਾਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਪਤਾ ਨਹੀ ਤੂੰ ਕਿਹੜੇ ਘੋੜੇ ਵੇਚ ਕੇ ਸੁੱਤਾ ਏਂ? ਮੇਰੇ ਲਈ ਰਿਸ਼ਤਿਆਂ ਦੇ ਸਾਰੇ ਰੁੱਖ ਹੀ ਛਾਂ ਵਿਹੂਣੇ ਕਿਉਂ ਹੋ ਗਏ ਬਾਪੂ?——–
ਪੰਦਰਾਂ ਕੀਲੇ ਪੈਲੀ ਦਾ ਮਾਲਕ ਸੀ ਤੂੰæææ ਹੁਣ ਡੂਢ ਕੀਲਾ ਤੇ ਆਹ ਘਰ ਬਚਿਆ।——– ਸੁਣਿਆ ਿੲਹ ਵੀ ਗਹਿਣੇ ਧਰਿਆ ਤੈਂ——– ਜੇ ਨਾਂ ਛਡਾਇਆ ਤਾਂ ਨੀਲੇ ਅੰਬਰ ਥੱਲੇ ਪਤਾ ਨਹੀਂ ਕਿੱਥੇ-੨ ਰੁਲਣਾ ਪਊ——–ਕਿਸੇ ਭੈਣ ਭਾਈ ਨੇ ਛੱਤ ਸਾਂਝੀ ਨਹੀ ਕਰਨੀ, ਬੁਝੇ ਚੁੱਲਿਆਂ ਦਾ ਵੀ ਕੋਈ ਸ਼ਰੀਕ ਹੁੰਦਾ ਭਲਾਂ?——–
ਸੋਚ ਕੇ ਮੇਰੀ ਦੇਹ ਕੰਬਣ ਲੱਗਦੀ ਹੈ।
ਚੱਲ ਇਹ ਝੋਰਾ ਛੱਡ, ਸਿਆਣੇ ਕਹਿੰਦੇ ਹੁੰਦੇ ਕਿ ਦੌਲਤ ਤਾਂ ਕਾਂਗ ਬਨੇਰੇ ਵਰਗੀ ਹੁੰਦੀ ਹੈ, ਹੱਥਾਂ ਦੀ ਮੈਲ ਹੁੰਦੀ ਹੈ, ਫੇਰ ਬਣ ਜੂæææ ਪਰ ਜੇ ਕੱਲ ਕਲਾਂ ਨੂੰ ਤੈਨੂੰ ਕੁਝ ਹੋ ਗਿਆ ਤਾਂ ਅਸੀ ਮਾਂਵਾਂ ਧੀਆਂ ਦਾ ਕੀ ਬਣੂ? ਸੋਚਿਆ ਕਦੇ?
ਬਹੁਤਾ ਕਹਿੰਦੀ ਹਾਂ ਤਾਂ ਤੇਰੇ ਤੋਂ ਝੱਲਿਆ ਨਹੀ ਜਾਂਦਾ, ਰੋਣ ਲੱਗ ਪੈਂਦਾ ਹੈਂ——– ਤੇਰੀ ਬੇਬਸੀ ਮੇਰੇ ਤੋਂ ਜਰੀ ਨਹੀ ਜਾਂਦੀ। ਹੁਣ ਤਾਂ ਨਸ਼ਾ ਛਡਾਊ ਕੇਂਦਰ ਵਾਲੇ ਵੀ ਤੁਹਾਡੇ ਦੋਹਾਂ ਤੋਂ ਤੋਬਾ ਕਰ ਗਏ।ਆਸ ਦੀ ਕੋਈ ਵੀ ਕਿਰਨ ਦਿਖਾਈ ਨਹੀਂ ਦਿੰਦੀ। ਬੱਸ ਰੋਣਾ ਤੇ ਝੁਰਨਾਂ ਪੱਲੇ ਰਹਿ ਗਿਆ। ਰੋਜ਼ ਤਰ੍ਹਾਂ-੨ ਦੇ ਮੁਸ਼ਟੰਡੇ ਤੁਹਾਨੂੰ ਦੋਹਾਂ ਨੂੰ ਮਾਲ ਪੱਤਾ ਦੇਣ ਲੈਣ ਆਉਂਦੇ ਮੇਰੇ ਵੱਲ ਅੱਖਾਂ ਪਾੜ-੨ ਤੱਕਦੇ ਨੇ। ਜਿਵੇਂ ਕਿਸੇ ਸ਼ਿਕਾਰੀ ਨੂੰ ਸ਼ਿਕਾਰ ਮਿਲ ਗਿਆ ਹੋਵੇ। ਨਸ਼ੇ ਦੀ ਇਸ ਹਨ੍ਹੇਰੀ ਵਿੱਚ ਕਹਿੰਦੇ ਕਹਾਉਂਦੇ ਸਰਦਾਰ ਦਾ ਘਰ ਤੂੰਬਾ-੨ ਹੋ ਉੱਡਿਆ। ਹੁਣ ਹਾੜ੍ਹਾ ਤੇਰੀ ਿੲਹ ਨਾਮੁਰਾਦ ਕਮਜ਼ੋਰੀ ਮੇਰੀ ਬਲੀ ਨਾਂ ਦੇ ਦੇਵੇ। ਸੋਚ ਕੇ ਰੂਹ ਸੁੱਕੇ ਪੱਤੇ ਵਾਂਗ ਕੰਬਦੀ ਹੈ। ਦੇਖੀਂ ਗਊ ਮਾਰ ਨਾਂ ਕਰ ਦੇਵੀਂ——–
ਬੇਗੁਨਾਹ ਹੁੰਦਿਆਂ ਵੀ ਦੇਖ ਮੈਂ ਕਿੰਨਾ ਹਨ੍ਹੇਰ ਢੋਹਦੀ ਹਾਂ——–ਲੋਕਾਂ ਦੇ ਕੱਪੜੇ ਸਿਉਂ ਕੇ ਘਰ ਦਾ ਤੋਰੀ ਫੁਲਕਾ ਤੋਰਦੀ ਹਾਂ। ਜੇ ਚਾਰ ਛਿੱਲੜ ਜੋੜਦੀ ਹਾਂ ਤਾਂ ਤੁਹਾਡੀ ਬੇਬਸੀ ਮੂਹਰੇ ਚੜ੍ਹਾ ਦਿੰਦੀ ਸਾਰੇ ਖੱਲ ਖੂੰਜੇ ਹੂੰਝ ਮਾਰਦੀ ਹਾਂ।
ਹਾੜ੍ਹਾ ਸੱਚ ਦੱਸ ਮੇਰੇ ਬਾਪੂ, ਤੇਰੀ ਸ਼ਰੀਰਕ ਪੀੜ ਸੱਚਮੁੱਚ ਮੇਰੀ ਮਾਨਸਿਕ ਪੀੜ ਤੋਂ ਵੱਡੀ ਹੈ?
ਉੱਠ ਮੇਰੇ ਬਾਬਲ ਰਾਜਿਆ , ਇੰਝ ਨਾਂ ਕਰ ਜਿਉਣ ਜੋਗਿਆ——– ਤੇਰੀ ਪੱਗ ਦਾ ਸ਼ਮਲਾ ਸਦਾ ਉੱਚਾ ਰਹੇ——–ਕੋਈ ਅਸੀਸ ਦੇਹ——– ਸਿਰ ਪਲੋਸ ਕੇ ਕਹਿ, ਿੲਹ ਬੁਰਾ ਸੁਪਨਾ ਸੀ ਮੇਰੀਏ ਲਾਡਲੀਏ ਧੀਏ ਰਾਣੀਏ——–
ਸ਼ਬਦ ਅਜੇ ਕਾਗ਼ਜ਼ ਤੇ ਉੱਕਰੇ ਹੀ ਸਨ ਕਿ ਸੁਰਜੀਤ ਨੇ ਦਰਦ ਨਾਲ ਕਰਾਹੁੰਦਿਆਂ ਪਾਸਾ ਲਿਆ ਤੇ ਗੁਣਗੁਣੀ ਅਵਾਜ਼ ਵਿੱਚ ਬੋਲਿਆ,” ਹਾਏ ਉਏ ਰੱਬਾ ਚੱਕਲਾ ਉਏ——–
ਅੰਗ ਅੰਗ ਦੁਖਦਾ, ਜਾਨ ਨਿਕਲੀ ਜਾਂਦੀ ਐ——–
ਇਹ ਤੋੜ ਤਾਂ ਹੁਣ ਰੋਜ਼ ਹੀ ਸੁਰਜੀਤ ਨੂੰ ਲੱਗਦੀ ਸੀ।
ਖਿੜਕੀ ਤੋਂ ਬਾਹਰ ਰੋਜੀ ਨੇ ਦੇਖਿਆ ਤਾਂ ਪਹੁ-ਫੁਟਾਲਾ ਹੋ ਚੁੱਕਿਆਂ ਸੀ। ਪੰਖੇਰੂ ਖੰਭ ਖਿਲਾਰ ਲੰਮੀਆਂ ਪਰਵਾਜ਼ਾਂ ਭਰਨ ਲਈ ਬੇਤਾਬ ਸਨ।ਚਾਨਣ ਬਨੇਰਿਆਂ ਤੇ ਢੁੱਕ ਚੁੱਕਿਆ ਸੀ। ਦੂਰੋਂ ਕਿਤੋਂ ਕੁੱਕੜ ਦੀ ਬਾਂਗ ਵਾਰ ਵਾਰ ਕੰਨੀਂ ਪੈ ਰਹੀ ਸੀ। ਰੋਜ਼ੀ ਨੇ ਥੱਕਿਆ ਟੁੱਟਿਆ ਅਨੀਂਦਰਾ ਬਦਨ ਸਮੇਟਿਆ, ਅੱਖਾਂ ਚ ਆਏ ਗਲੇਡੂ ਪੂੰਝੇ ਤੇ ਫੱਟਾ ਫਟ ਲਿਖੇ ਕਾਗ਼ਜ਼ ਗੁੱਥਾ ਮੁੱਥਾ ਕੀਤੇ ਅਤੇ ਰਸੋਈ ਵਿੱਚ ਜਾ ਕੇ ਚੁੱਲ੍ਹੇ ਅੱਗ ਬਾਲਣ ਲਈ ਝੋਕ ਦਿੱਤੇ। ਚਾਹ ਦੀ ਪਤੀਲੀ ਰਿੰਨ੍ਹਣ ਲਈ ਧਰ ਦਿੱਤੀ।
ਲਟ-ਲਟ ਬਲਦੀ ਅੱਗ ਵਿੱਚ ਪਿਉ ਨਾਲ ਕੀਤਾ ਸਾਰੀ ਰਾਤ ਦਾ ਸੰਵਾਦ ਮਿੰਟਾਂ ਵਿੱਚ ਸੜ੍ਹ ਕੇ ਸੁਆਹ ਹੋ ਗਿਆ।
ੲਿਹ ਨਵੀਂ ਗੱਲ ਨਹੀਂ ਸੀ——– ਅਕਸਰ ਹੀ ਕਦੇ ਚੁੱਲ੍ਹੇ ਵਿੱਚ ਕਦੇ ਕੂੜੇਦਾਨ ਤੇ ਕਦੇ ਹਿੱਕ ਵਿੱਚ ਹੀ ਦਫ਼ਨ ਹੋ ਜਾਇਆ ਕਰਦੇ ਸਨ ਉਸਦੇ ਅਧੂਰੇ ਖਤ——–
ਕੰਗਣੀ ਵਾਲਾ ਚਾਹ ਦਾ ਗਲਾਸ ਨੱਕੋ ਨੱਕ ਭਰੀ ਪੁੜੀ ਫਰੋਲਦੇ ਪਿਉ ਦੇ ਸਿਰਹਾਣੇ ਖੜ੍ਹੀ ਰੋਜੀ ਦੇ ਨੈਣ ਛਮ-ਛਮ ਬਰਸ ਰਹੇ ਸਨ। ਬੁੱਲ੍ਹਾ ਤੋਂ ਚੁੱਪ ਦੀ ਚੀਕ ਕਹਿੰਦੀ ਸੁਣ ਰਹੀ ਸੀ,
ਮੈਂ ਦਰਦ ਕਹਾਣੀ ਰਾਤਾਂ ਦੀ,
ਕੋਈ ਨਵਾਂ ਸਵੇਰਾ ਕੀ ਜਾਣੇ——-

 

 

Real Estate