ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਅਤੇ ਜਾਂਚ ਟੀਮ ਕਿਸੇ ਤੋਂ ਡਰਨ ਵਾਲੀ ਨਹੀਂ – ਕੁੰਵਰ ਵਿਜੇ ਪ੍ਰਤਾਪ

1170

ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਪ੍ਰਤਾਪ ਨੇ ਇਲਜ਼ਾਮ ਲਾਇਆ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਲਹਿਜਾ ਉਨ੍ਹਾਂ ਨੂੰ ਧਮਕਾਉਣ ਵਾਲਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ, “ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਅਤੇ ਜਾਂਚ ਟੀਮ ਕਿਸੇ ਤੋਂ ਡਰਨ ਵਾਲੀ ਨਹੀਂ ਹੈ।”ਕੁੰਵਰ ਵਿਜੇ ਪ੍ਰਤਾਪ ਅਕਾਲੀ ਦਲ ਵੱਲੋਂ ਜਾਂਚ ਟੀਮ ਦਾ ਬਾਈਕਾਟ ਕਰਨ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮਾਂ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ।ਭਾਵੇਂ ਅਕਾਲੀ ਆਗੂ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਪਰ ਤਤਕਾਲੀ ਅਕਾਲੀ ਵਿਧਾਇਕ ਦੀ ਪੁੱਛਗਿੱਛ ਤੋਂ ਬਾਅਦ ਜਾਂਚ ਨੂੰ ਇੱਕ ਪਾਸ ਤੇ ਸਿਆਸੀ ਬਦਲਾਖੋਰੀ ਵਾਲੀ ਦੱਸ ਕੇ ਵਿਸ਼ੇਸ਼ ਜਾਂਚ ਟੀਮ ਦੇ ਬਾਈਕਾਟ ਦਾ ਐਲਾਨ ਕੀਤਾ ਸੀ।
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ, “ਜਿਹੜੇ ਲੋਕ ਵਿਸ਼ੇਸ਼ ਜਾਂਚ ਟੀਮ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਸਮਝ ਲੈਣ ਕਿ ਅਸੀਂ ਜਾਂਚ ਨੂੰ ਜਲਦੀ ਪੂਰੀ ਕਰਾਂਗੇ।”ਕੁੰਵਰ ਵਿਜੇ ਪ੍ਰਤਾਪ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਲਾਏ ਗਏ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮਾਂ ਬਾਰੇ ਕਿਹਾ, ‘ਮੈਂ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਨਹੀਂ ਦੇਵਾਗਾ, ਕਿਉਂਕਿ ਇਸ ਲਈ ਮੈਨੂੰ ਮਜੀਠੀਆ ਦੇ ਪੱਧਰ ਉੱਤੇ ਆਉਣਾ ਪਵੇਗਾ।
ਜੇਕਰ ਕਿਸੇ ਨੂੰ ਸ਼ੱਕ ਹੈ ਤਾਂ ਜਾਂਚ ਲਾਈਵ ਹੋ ਸਕਦੀ ਹੈ। ਪਰ ਅਜੇ ਕੁਝ ਲੋਕਾਂ ਤੋਂ ਪੁੱਛਗਿੱਛ ਬਾਕੀ ਹੈ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਪਰ ਜਾਂਚ ਹੁਣ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ ਅਤੇ ਕੋਸ਼ਿਸ਼ ਹੈ ਕਿ ਇਸ ਮਾਮਲੇ ਦੀ ਚਾਰਜਸ਼ੀਟ ਅਗਲੇ ਮਹੀਨੇ ਵਿੱਚ ਪੇਸ਼ ਹੋ ਜਾਵੇਗੀ।
ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ।ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਦਲਜੀਤ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਵਿਸ਼ੇਸ਼ ਜਾਂਚ ਟੀਮ ਦੇ ਬਾਈਕਾਟ ਦਾ ਐਲਾਨ ਕੀਤਾ ਸੀ।ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਸੀ ਕਿ ਜਾਂਚ ਟੀਮ ਦੇ ਅਧਿਕਾਰੀ, ਕੁੰਵਰ ਵਿਜੇ ਪ੍ਰਤਾਪ ਸਿੰਘ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ।

Real Estate