ਪੰਜਾਬੀ ਵੋਟਰ ਦੁਚਿੱਤੀ ‘ਚ ਕਿਉਂ ?

1854

ਹਰਮੀਤ ਕੌਰ ਬਰਾੜ

ਕ੍ਰਾਂਤੀ ਦੀ ਚਿਣਗ ਜਿੱਥੇ ਵੀ ਚਮਕੀ, ਪੰਜਾਬ ਨੇ ਖਿੜੇ ਮੱਥੇ ਕਬੂਲੀ

ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਉਤਰ ਕਾਟੋ ਮੈਂ ਚੜਾਂ ਦੀ ਰਾਜਨੀਤੀ ਕੀਤੀ ਹੈ। ਇਹ ਸਭ ਐਨਾ ਕੁ ਗਿਣਿਆ ਮਿਥਿਆ ਰਿਹਾ ਹੈ ਕਿ ਲੋਕ ਵੀ ਬਹੁਤ ਹੱਦ ਤੱਕ ਇਸ ਸਭ ਦੇ ਆਦੀ ਹੋ ਗਏ। ਉਨ੍ਹਾਂ ਨੂੰ ਲੱਗਣ ਲੱਗਿਆ ਕਿ ਇੱਕ ਵਾਰ ਬਾਦਲ ਤੇ ਦੂਜੀ ਵਾਰੀ ਕਾਂਗਰਸ ਦੀ ਹੈ, ਕੁਝ ਇਸੇ ਤਰ੍ਹਾਂ ਦੇ ਹਾਲਾਤ ਕੇਂਦਰ ਵਿਚ ਵੀ ਰਹੇ।ਪਰ ਆਮ ਵੋਟਰ ਇਸ ਸਭ ਤੋਂ ਅੰਦਰੋਂ ਬਹੁਤ ਪ੍ਰੇਸ਼ਾਨ ਹੁੰਦਾ ਰਿਹਾ।ਕਦੇ ਲੋਕ ਭਲਾਈ ਪਾਰਟੀ, ਕਦੇ ਪੀ ਪੀ ਪੀ ਨੇ ਲੋਕਾਂ ਦੇ ਦਿਲ ਵਿਚ ਆਸ ਦੀ ਕਿਰਨ ਜਗਾਈ। ਲੋਕ ਓਦੋਂ ਵੀ ਤੁਰੇ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ ਵਿਚ ਸਨ। ਲੋਕ ਓਦੋਂ ਵੀ ਬਿਨਾਂ ਬੁਲਾਏ ਪਹੁੰਚੇ ਜਦੋਂ ਬਰਗਾੜੀ ਕਾਂਡ ਹੋਇਆ, ਜਾਂ ਚੱਬੇ ਸਾਬਤ ਖਾਲਸਾ ਬੁਲਾਇਆ ਗਿਆ।ਪਰ ਹਰ ਵਾਰ ਲੀਡਰਾਂ ਵਲੋਂ ਮਾਯੂਸੀ ਹੀ ਹੱਥ ਲੱਗੀ। ਕ੍ਰਾਂਤੀ ਦੀ ਚਿਣਗ ਜਿੱਥੇ ਵੀ ਚਮਕੀ, ਪੰਜਾਬ ਨੇ ਖਿੜੇ ਮੱਥੇ ਕਬੂਲੀ , 2014 ਵਿੱਚ ਇੱਕ ਸੰਘਰਸ਼ ‘ਚੋਂ ਉਪਜੀ ਆਮ ਆਦਮੀ ਪਾਰਟੀ ਨੂੰ ਸਿਰਫ ਲੀਡਰਾਂ ਨੇ ਨਹੀਂ ਆਮ ਲੋਕਾਂ ਨੇ ਵੀ ਕਬੂਲਿਆ। ਪਟਿਆਲਾ ਦੀ ਤਕਰੀਬਨ ਰਾਜਘਰਾਣੇ ਦੀ ਪੱਕੀ ਸੀਟ ਨੂੰ ਮੂਧੇ ਮੂੰਹ ਸੁੱਟਿਆ ਅਤੇ ਡਾਕਟਰ ਧਰਮਵੀਰ ਗਾਂਧੀ ਵਰਗੇ ਆਮ ਡਾਕਟਰ ਨੂੰ ਜਿਤਾਇਆ। ਜਦੋਂ ਭਾਰਤ ਵਿਚ ਇਹ ਤਜਰਬਾ ਕਬੂਲਣ ਨੂੰ ਕੋਈ ਤਿਆਰ ਨਹੀਂ ਸੀ ਪੰਜਾਬ ਨੇ ਇਨਕਲਾਬ ਦੇ ਇਸ ਨਾਮ ਨੂੰ ਸਿਰ ਮੱਥੇ ਬਿਠਾਇਆ ਅਤੇ 4 ਅਹਿਮ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ।ਫੇਰ 2017 ਵਿਚ ਜਦੋਂ ਆਮ ਆਦਮੀ ਪਾਰਟੀ ਸਿਖਰਾਂ ਤੇ ਸੀ ਅਤੇ ਸਰਕਾਰ ਬਨਾਉਣ ਦੇ ਬਹੁਤ ਨੇੜੇ ਸੀ ਤਾਂ ਦਿੱਲੀ ਬੈਠੇ ਲੀਡਰ ਨੇ ਪੰਜਾਬੀਆਂ ਦੀ ਅਣਖ ਨੂੰ ਅੱਖੋਂ ਪਰੋਖੇ ਕਰਦਿਆਂ ਮਨਮਰਜ਼ੀਆਂ ਕੀਤੀਆਂ। ਕਦੇ ਪੰਜਾਬੀ ਲੀਡਰ ਅਣਗੌਲੇ ਕਰਨੇ, ਧੀਆਂ ਨੂੰ ਬੇਇੱਜ਼ਤ ਕਰਨਾ, ਟਿਕਟਾਂ ਵੇਚਣਾਂ ਆਦਿ ਨੇ ਇਸ ਪਾਰਟੀ ਨੂੰ ਗਿਣਤੀ ਦੀਆਂ ਸੀਟਾਂ ਉੱਤੇ ਸੀਮਤ ਕਰਕੇ ਰੱਖ ਦਿੱਤਾ।ਇਸ ਸਭ ਮਗਰੋਂ ਲੀਡਰਾਂ ਦਾ ਖਿੰਡਣਾਂ ਲਗਾਤਾਰ ਜਾਰੀ ਰਿਹਾ।ਜਿਸ ਪਾਰਟੀ ਨੂੰ ਲੋਕਾਂ ਨੇ ਮਨ ਵਿਚ ਆਜ਼ਾਦੀ ਦੀ ਦੂਜੀ ਲੜਾਈ ਦਾ ਨਾਮ ਦਿੱਤਾ ਉਸ ਸਭ ਨੇ ਓਹੀ ਰਵਾਇਤੀ ਤਰੀਕੇ ਅਪਣਾਉਂਦਿਆਂ ਲੋਕਾਂ ਦਾ ਭਰੋਸਾ ਤੋੜ ਕੇ ਰੱਖ ਦਿੱਤਾ।ਅੱਜ ਹਾਲਾਤ ਇਹ ਹਨ ਕਿ ਲੋਕਾਂ ਦਾ ਲੀਡਰ ਸ਼ਬਦ ਤੋਂ ਭਰੋਸਾ ਹੀ ਚੁੱਕਿਆ ਗਿਆ ਹੈ। ਵੋਟਤੰਤਰ ਦੀ ਇਸ ਰਾਜਨੀਤੀ ਵਿੱਚ ਲੋਕ ਆਪਣੇ ਆਪ ਨੂੰ ਉਲਝਿਆ ਮਹਿਸੂਸ ਕਰ ਰਹੇ ਨੇ। ਇਸ ਸਭ ਦੇ ਚਲਦਿਆਂ ਉਹ ਲੀਡਰਾਂ ਨੂੰ ਪਰਖਣ ਤੋਂ ਡਰਨ ਲੱਗੇ ਹਨ।ਹੁਣ ਸਵਾਲ ਇਹ ਹੈ ਕਿ ਹੱਲ ਕੀ ਹੋਵੇ? ਮੈਨੂੰ ਇਸ ਸਭ ਦਾ ਬਦਲ ਸਿਰਫ ਇੱਕ ਹੀ ਨਜ਼ਰ ਆਉੰਦਾ ਹੈ ਕਿ ਪੁਰਾਣੇ ਲੀਡਰਾਂ ਨੂੰ ਪਿੱਛੇ ਧੱਕ ਕੇ ਆਮ ਅਤੇ ਪੜੇ ਲਿਖੇ ਲੋਕ ਸਿਆਸਤ ਪ੍ਰਤੀ ਨਫਰਤ ਛੱਡ ਕੇ ਆਪਣੇ ਹੱਥਾਂ ਵਿੱਚ ਕਮਾਂਡ ਲੈਣ। ਇਹੀ ਹੱਲ ਹੈ ਕਿ ਏਕਤਾ ਬਣਾਈ ਜਾਵੇ ਅਤੇ ਪੰਜਾਬ ਨੂੰ ਖਾਤਮੇ ਤੋਂ ਬਚਾਇਆ ਜਾਵੇ।

Real Estate