ਮੁੱਖ ਮੰਤਰੀ ਦੀ ਮੌਤ ਤੋਂ ਬਾਅਦ ਗੋਆ ਦੀ ਸਿਆਸਤ ‘ਚ ਹਲਚਲ ਸੁ਼ਰੂ

1286

ਗੋਆ ਦੇ ਸਾਰੇ 14 ਕਾਂਗਰਸੀ ਵਿਧਾਇਕ ਅੱਜ ਸੋਮਵਾਰ ਦੁਪਹਿਰ ਨੂੰ ਰਾਜ ਭਵਨ ਜਾ ਕੇ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਮਿਲੇ ਹਨ ਤੇ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕਰ ਦਿੱਤਾ ਹੈ।
ਭਾਜਪਾ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦਾ ਕੱਲ੍ਹ ਦੇਹਾਂਤ ਹੋ ਗਿਆ ਸੀ।ਕਾਂਗਰਸ ਵਿਧਾਇਕ ਪਾਰਟੀ ਦੀ ਅੱਜ ਸਵੇਰੇ ਪਣਜੀ ਵਿਖੇ ਮੀਟਿੰਗ ਹੋਈ। ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਨੇ ਬਿਨਾ ਸੱਦਿਆਂ ਹੀ ਰਾਜ ਭਵਨ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਰਾਜਪਾਲ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਰੋਧੀ ਕਾਂਗਰਸ ਪਾਰਟੀ ਨੇ ਰਾਜਪਾਲ ਨੂੰ ਸ਼ੁੱਕਰਵਾਰ ਨੂੰ ਹੀ ਸਰਕਾਰ ਬਣਾਉਣ ਦੇ ਦਾਅਵੇ ਦੀ ਚਿੱਠੀ ਪੇਸ਼ ਕਰ ਦਿੱਤੀ ਸੀ ਤੇ ਐਤਵਾਰ ਨੂੰ ਦੋਬਾਰਾ ਇਹ ਦਾਅਵਾ ਪੇਸ਼ ਕੀਤਾ ਗਿਆ।
ਕਾਵਲੇਕਰ ਨੇ ਕਿਹਾ ਕਿ ਸਦਨ ਵਿੱਚ ਇਸ ਵੇਲੇ ਕਾਂਗਰਸ ਦਾ ਬਹੁਮੱਤ ਹੈ, ਫਿਰ ਵੀ ਰਾਜਪਾਲ ਤੋਂ ਸਮਾਂ ਲੈਣਾ ਔਖਾ ਹੋ ਰਿਹਾ ਹੈ। ਸਾਡੀ ਮੰਗ ਹੈ ਕਿ ਸਾਨੂੰ ਹੁਣ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਵੇ ਕਿਉਂਕਿ ਸ੍ਰੀ ਪਰਿਕਰ ਦੇ ਦੇਹਾਂਤ ਤੋਂ ਬਾਅਦ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀ ਹੋਂਦ ਹੀ ਖ਼ਤਮ ਹੋ ਗਈ ਹੈ।ਕਾਵਲੇਕਰ ਨੇ ਦਾਅਵਾ ਕੀਤਾ ਕਿ ਇਸ ਵੇਲੇ ਕਾਂਗਰਸ ਹੀ ਗੋਆ ਦੀ ਸਭ ਤੋਂ ਵੱਡੀ ਪਾਰਟੀ ਹੈ ਕਿਉਂਕਿ ਉਸ ਕੋਲ 14 ਤੇ ਭਾਜਪਾ ਕੋਲ 12 ਵਿਧਾਇਕ ਹਨ। ਗੋਆ ਵਿਧਾਨ ਸਭਾ ਦੇ ਕੁੱਲ 40 ਮੈਂਬਰ ਹਨ।

Real Estate