ਅੱਧੀ ਰਾਤ ਨੂੰ ਬਣਾ ਦਿੱਤਾ ਗਿਆ ਗੋਆ ਦਾ ਨਵਾਂ ਮੁੱਖ ਮੰਤਰੀ

1526

ਗੋਆ ਵਿਧਾਨ ਸਭਾ ਦੇ ਸਪੀਕਰ ਪ੍ਰਮੋਦ ਸਾਵੰਤ ਨੇ ਸੋਮਵਾਰ–ਮੰਗਲਵਾਰ ਦੀ ਅੱਧੀ ਰਾਤ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਗੋਆ ਦੇ 11ਵੇਂ ਮੁੱਖ ਮੰਤਰੀ ਹਨ। ਭਾਜਪਾ ਦੇ ਇੱਕ ਆਗੂ ਨੇ ਪਹਿਲਾਂ ਸੋਮਵਾਰ ਸ਼ਾਮੀਂ ਦੱਸਿਆ ਸੀ ਕਿ ਉਨ੍ਹਾਂ ਦੇ ਭਾਈਵਾਲ, 45 ਸਾਲਾ ਸਾਵੰਤ ਦੇ ਨਾਂਅ ਉੱਤੇ ਪੂਰੀ ਤਰ੍ਹਾਂ ਸਹਿਮਤ ਹਨ। ਇਸ ਤੋਂ ਪਹਿਲਾਂ ਭਾਜਪਾ ਦੇ ਕੁੱਲ–ਹਿੰਦ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਸਾਵੰਤ ਨੂੰ ਭਾਜਪਾ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ।
63 ਸਾਲਾ ਮਨੋਹਰ ਪਰਿਕਰ ਦੇ ਦੇਹਾਂਤ ਤੋਂ ਬਾਅਦ ਗੋਆ ਦੀ ਸੱਤਾਧਾਰੀ ਭਾਜਪਾ ਵਿੱਚ ਕਿਸੇ ਵੀ ਆਗੂ ਦੇ ਨਾਂਅ ਉੱਤੇ ਸਹਿਮਤੀ ਹੀ ਨਹੀਂ ਬਣ ਰਹੀ ਸੀ, ਜਿਸ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਜਾਂਦਾ। ਉਂਝ ਅਰੰਭ ਤੋਂ ਪ੍ਰਮੋਦ ਸਾਵੰਤ ਦਾ ਨਾਂਅ ਹੀ ਸਭ ਤੋਂ ਅੱਗੇ ਆ ਰਿਹਾ ਸੀ। ਦਰਅਸਲ, ਭਾਜਪਾ ਵਿਧਾਇਕਾਂ ਦੀ ਮੰਗ ਸੀ ਕਿ ਅਗਲਾ ਮੁੱਖ ਮੰਤਰੀ ਉਨ੍ਹਾਂ ਵਿੱਚੋਂ ਹੀ ਕੋਈ ਹੋਣਾ ਚਾਹੀਦਾ ਹੈ, ਭਾਈਵਾਲਾਂ ’ਚੋਂ ਨਹੀਂ।

ਇਸ ਤੋਂ ਪਹਿਲਾਂ ਗੋਆ ਦੇ ਸਾਰੇ 14 ਕਾਂਗਰਸੀ ਵਿਧਾਇਕ ਸੋਮਵਾਰ ਦੁਪਹਿਰ ਨੂੰ ਰਾਜ ਭਵਨ ਜਾ ਕੇ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਮਿਲੇ ਤੇ ਸਰਕਾਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ। ਵਿਰੋਧੀ ਧਿਰ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਕਿਹਾ ਸੀ ਕਿ ਸਦਨ ਵਿੱਚ ਇਸ ਵੇਲੇ ਕਾਂਗਰਸ ਦਾ ਬਹੁਮੱਤ ਹੈ, ਫਿਰ ਵੀ ਰਾਜਪਾਲ ਤੋਂ ਸਮਾਂ ਲੈਣਾ ਔਖਾ ਹੋ ਰਿਹਾ ਹੈ। ਕਾਵਲੇਕਰ ਨੇ ਦਾਅਵਾ ਕੀਤਾ ਕਿ ਇਸ ਵੇਲੇ ਕਾਂਗਰਸ ਹੀ ਗੋਆ ਦੀ ਸਭ ਤੋਂ ਵੱਡੀ ਪਾਰਟੀ ਹੈ ਕਿਉਂਕਿ ਉਸ ਕੋਲ 14 ਤੇ ਭਾਜਪਾ ਕੋਲ 12 ਵਿਧਾਇਕ ਹਨ। ਗੋਆ ਵਿਧਾਨ ਸਭਾ ਦੇ ਕੁੱਲ 40 ਮੈਂਬਰ ਹਨ।

Real Estate