ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ‘ਤੇ ਕੈਪਟਨ ਨੂੰ ਵਿਸ਼ਵਾਸ ਨਹੀਂ

1107

ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹੇ ਜਾਣ ਸਬੰਧੀ ਪਾਕਿਸਤਾਨ ਦੇ ਇਰਾਦੇ ‘ਤੇ ਵਿਸ਼ਵਾਸ ਨਾ ਹੋਣ ਦੀ ਗੱਲ ਨੂੰ ਸਪਸ਼ਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਏਜੰਡਾ ਸਿਆਸੀ ਅਤੇ ਬਦਨੀਤੀ ਵਾਲਾ ਹੈ ਤੇ ਉਨ੍ਹਾਂ ਦਾ ਉਦੇਸ਼ ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨਾ ਹੈ । ਲਾਘੇ ‘ਤੇ ਨੇੜਿਉਂ ਨਿਗ੍ਹਾ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਇਸ ਲਾਂਘੇ ਦੇ ਹੱਕ ਵਿੱਚ ਹਨ ਪਰ ਇਸ ਸਬੰਧ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਰੱਖੇ ਜਾਣ ਦੀ ਜ਼ਰੂਰਤ ਹੈ । ਆਪਣੀ ਸਰਕਾਰ ਦੇ ਦੋ ਸਾਲ ਮੁਕੰਮਲ ਹੋਣ ‘ਤੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਹੋਰਨਾਂ ਮਨਸੂਬਿਆਂ ਨੂੰ ਸਾਹਮਣੇ ਰੱਖ ਕੇ ਇਹ ਕਰ ਰਿਹਾ ਹੈ ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦਾ ਏਜੰਡਾ ਧਾਰਮਿਕ ਹੈ ਪਰ ਉਨ੍ਹਾਂ ਦਾ ਏਜੰਡਾ ਪੂਰੀ ਤਰ੍ਹਾਂ ਫੁੱਟ ਪਾਊ ਹੈ । ਮੁੱਖ ਮੰਤਰੀ ਨੇ ਰਾਇਸ਼ੁਮਾਰੀ 2020 ਨੂੰ ਮਿਸਾਲ ਵਜੋਂ ਪੇਸ਼ ਕੀਤਾ ਜਿਸ ਦੇ ਰਾਹੀਂ ਆਈ।ਐਸ।ਆਈ। ਸਿੱਖਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਵਿੱਚ ਲੱਗੀ ਹੋਈ ਹੈ । ਇਸ ਦੇ ਰਾਹੀਂ ਉਹ ਨਾ ਕੇਵਲ ਪੰਜਾਬ ਨੂੰ ਵੰਡਣ ਅਤੇ ਅਸਥਿਰ ਕਰਨ ਵਿੱਚ ਸਰਗਰਮ ਹੈ ਸਗੋਂ ਉਹ ਸਮੁੱਚੇ ਦੇਸ਼ ਵਿੱਚ ਹੀ ਇਹ ਰਾਹ ਅਖ਼ਤਿਆਰ ਕਰ ਰਹੀ ਹੈ । ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਪਰ ਉੱਥੋਂ ਦੀ ਫੋਜ ਦਾ ਮੁਖੀ ਜਨਰਲ ਬਾਜਵਾ ਲਗਾਤਾਰ ਆਪਣੇ ਘਿਨਾਉਣੇ ਇਰਾਦਿਆਂ ਨੂੰ ਬੜ੍ਹਾਵਾ ਦੇ ਰਿਹਾ ਹੈ । ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਪੰਜਾਬ ‘ਚ ਆਈ।ਐਸ।ਆਈ। ਦਾ ਸਮਰਥਨ ਪ੍ਰਾਪਤ ਬਹੁਤ ਸਾਰੇ ਗਿਰੋਹ ਨੁੱਕਰੇ ਲਾਏ ਜਾਣ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨ ਦੇ ਸਹੀ ਮਨਸੂਬੇ ਤੋਂ ਸਾਵਧਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਮਕਸੂਦਾਂ ਅਤੇ ਪਠਾਨਕੋਟ ਵਿਖੇ ਕੀਤੇ ਗਏ ਹਮਲਿਆਂ ਦੌਰਾਨ ਵਰਤੇ ਗਏ ਗ੍ਰਨੇਡ ਪਾਕਿਸਤਾਨ ਦੇ ਬਣੇ ਹੋਏ ਸਨ । ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਾਂਘੇ ਰਾਹੀਂ ਲੰਘਣ ਵਾਲੇ ਸ਼ਰਧਾਲੂਆਂ ਦੀ ਪ੍ਰਸਤਾਵਿਤ ਕੀਤੀ ਗਿਣਤੀ ਬਹੁਤ ਘੱਟ ਹੈ ਅਤੇ ਉਹ ਚਾਹੁੰਦੇ ਹਨ ਕਿ ਰੋਜ਼ਾਨਾ ਲਾਂਘੇ ਰਾਹੀਂ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟੋ-ਘੱਟ 15000 ਕੀਤੀ ਜਾਵੇ । ਉਨ੍ਹਾਂ ਨੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀ ਮੰਗ ਮੁੜ ਦੁਹਰਾਈ । ਉਨ੍ਹਾਂ ਕਿਹਾ ਕਿ ਲਾਂਘੇ ਦੇ ਬਾਵਜੂਦ ਪਾਸਪੋਰਟ ਅਤੇ ਵੀਜ਼ੇ ਨੂੰ ਜ਼ਰੂਰੀ ਰੱਖਿਆ ਗਿਆ ਹੈ ਜਿਸ ਦੀ ਜ਼ਰੂਰਤ ਨਹੀਂ ਹੈ । ਉਨ੍ਹਾਂ ਕਿਹਾ ਕਿ ਲਾਜ਼ਮੀ ਤੌਰ ‘ਤੇ ਕਿਸੇ ਸ਼ਨਾਖ਼ਤੀ ਚੀਜ ਦੀ ਜ਼ਰੂਰਤ ਹੈ ਪਰ ਇਸ ਸਬੰਧ ਵਿੱਚ ਪਾਸਪੋਰਟ ਆਦਿ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ । ਉਨ੍ਹਾਂ ਕਿਹਾ ਕਿ ਇਹ ਗਰੀਬ ਲੋਕਾਂ ਨੂੰ ਦਰਸ਼ਨ ਕਰਨ ਤੋਂ ਵਾਂਝੇ ਕਰ ਦੇਵੇਗਾ ।

Real Estate