ਲੋਕ ਸਭਾ ਹਲਕਾ ਬਠਿੰਡਾ ਨੂੰ ਤਿਆਗਣ ਦੇ ਯਤਨਾਂ ‘ਚ ਵੱਡੇ-ਵੱਡੇ ਆਗੂ

2285

ਇਸ ਵਾਰ ਉਮੀਦਵਾਰ ਦੀ ਸਖ਼ਸੀਅਤ ਤੇ ਕਾਬਲੀਅਤ ਨੂੰ ਪਵੇਗੀ ਵੋਟ

ਬਲਵਿੰਦਰ ਸਿੰਘ ਭੁੱਲਰ – ਬਠਿੰਡਾ ਲੋਕ ਸਭਾ ਹਲਕਾ 19 ਮਈ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ, ਜਿੱਥੋਂ ਪੰਜਾਬ ਦੇ ਦੋਵੇ ਵੱਡੇ ਸਿਆਸੀ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਚੋਣ ਲੜਣ ਦੀਆਂ ਸੰਭਾਵਨਾਵਾਂ ਸਨ। ਇਹ ਸੰਭਾਵਨਾਵਾਂ ਨੂੰ ਦੇਖਦਿਆਂ ਦੂਜੀਆਂ ਸਿਆਸੀ ਪਾਰਟੀਆਂ ਨੇ ਵੀ ਆਪਣਾ ਧਿਆਨ ਇਸ ਹਲਕੇ ਤੇ ਕੇਂਦਰਤ ਕਰ ਲਿਆ ਸੀ, ਨਵੀਂ ਬਣੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਨੇ ਤਾਂ ਇਸ ਹਲਕੇ ਤੋਂ ਚੋਣ ਲੜਣ ਦਾ ਐਲਾਨ ਵੀ ਕਰ ਦਿੱਤਾ ਸੀ। ਜਿਸ ਕਰਕੇ ਤਿੰਨ ਵੱਡੇ ਸਿਆਸੀ ਨੇਤਾਵਾਂ ਦਾ ਇੱਥੋਂ ਮੁਕਾਬਲਾ ਹੋਣਾ ਲੱਗਭੱਗ ਤਹਿ ਸੀ, ਪਰ ਹੁਣ ਉਹ ਤਿੰਨੇ ਹੀ ਬਹਾਨੇ ਬਣਾ ਬਣਾ ਕੇ ਇਹ ਹਲਕਾ ਛੱਡ ਕੇ ਭੱਜਣ ਦੇ ਯਤਨ ਕਰ ਰਹੇ ਹਨ। ਇਸਦਾ ਕਾਰਨ ਕੀ ਹੈ? ਇਹ ਸੁਆਲ ਅੱਜ ਜੇ ਹਲਕੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਪੰਜਾਬ ਭਰ ਦੇ ਸਿਆਸੀ ਮਾਹਰ ਵੀ ਇਹਨਾਂ ਹਾਲਾਤਾਂ ਨੂੰ ਤਿਰਛੀ ਨਜ਼ਰ ਨਾਲ ਦੇਖ ਪਰਖ ਰਹੇ ਹਨ।
ਲੋਕ ਸਭਾ ਹਲਕਾ ਬਠਿੰਡਾ ਤੋਂ 1967 ਵਿੱਚ ਕਿੱਕਰ ਸਿੰਘ ਅਕਾਲੀ ਦਲ, 1972 ’ਚ ਕਾ: ਭਾਨ ਸਿੰਘ ਭੌਰਾ ਸੀ ਪੀ ਆਈ, 1977 ਵਿੱਚ ਧੰਨਾ ਸਿੰਘ ਗੁਲਸ਼ਨ ਅਕਾਲੀ ਦਲ, 1980 ’ਚ ਹਾਕਮ ਸਿੰਘ ਕਾਂਗਰਸ, 1984 ’ਚ ਤੇਜਾ ਸਿੰਘ ਦਰਦੀ ਅਕਾਲੀ ਦਲ, 1989 ’ਚ ਬਾਬਾ ਸੁੱਚਾ ਸਿੰਘ ਮਾਨ ਦਲ, 1991 ’ਚ ਕੇਵਲ ਸਿੰਘ ਕਾਂਗਰਸ, 1996 ’ਚ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ, 1998 ’ਚ ਚਤਿੰਨ ਸਿੰਘ ਸਮਾਓ ਅਕਾਲੀ ਦਲ, 1999 ’ਚ ਕਾ: ਭਾਨ ਸਿੰਘ ਭੌਰਾ ਸੀ ਪੀ ਆਈ, 2004 ’ਚ ਪਰਮਜੀਤ ਕੌਰ ਗੁਲਸ਼ਨ ਅਕਾਲੀ ਦਲ, 2009 ’ਚ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਤੇ 2014 ਵਿੱਚ ਹਰਸਿਮਰਤ ਕੌਰ ਬਾਅਦ ਅਕਾਲੀ ਦਲ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਰਹੇ ਹਨ। ਲੋਕ ਸਭਾ ਹਲਕਾ ਬਠਿੰਡਾ 9 ਵਿਧਾਨ ਸਭਾ ਹਲਕਿਆਂ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਰਾਮਪੁਰਾ, ਭੁੱਚੋ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ, ਬੁਢਲਾਡਾ ਤੇ ਮੌੜ ਤੇ ਅਧਾਰਤ ਹੈ। ਇਸ ਸਮੇਂ 3 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ, 2 ਹਲਕਿਆਂ ਵਿੱਚ ਆਮ ਆਦਮੀ ਪਾਰਟੀ, 3 ਹਲਕਿਆਂ ਵਿੱਚ ਬਾਗੀ ਵਿਧਾਇਕ ਆਮ ਆਦਮੀ ਪਾਰਟੀ ਅਤੇ 1 ਹਲਕੇ ਵਿੱਚ ਅਕਾਲੀ ਦਲ ਕਾਬਜ ਹੈ।
ਸ੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਬਾਦਲ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਦੋ ਵਾਰ ਲੋਕ ਸਭਾ ਦੀ ਮੈਂਬਰ ਰਹੀ ਅਤੇ ਪਿਛਲੀ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਸੀ। ਉਹ ਤੀਜੀ ਵਾਰ ਵੀ ਇਸੇ ਹਲਕੇ ਤੋਂ ਚੋਣ ਲੜਣ ਲਈ ¦ਬੇ ਸਮੇਂ ਤੋਂ ਤਿਆਰੀ ਕਰਦੀ ਰਹੀ ਹੈ, ਉਸਨੇ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਹਰ ਪਿੰਡ ਵਿੱਚ ਗਰਾਂਟਾਂ ਵੀ ਦਿੱਤੀਆਂ। ਹਲਕੇ ਭਰ ਵਿੱਚ ਵੱਡੇ ਵੱਡੇ ਪ੍ਰੋਜੈਕਟ ਸਥਾਪਤ ਹੋਣ ਨੂੰ ਉਹ ਅਤੇ ਉਸਦੀ ਪਾਰਟੀ ਆਪਣੇ ਖਾਤੇ ਵਿੱਚ ਪਾ ਕੇ ਭਾਵੇਂ ਲਾਹਾ ਲੈਣ ਦੇ ਯਤਨ ਕਰਦੇ ਰਹੇ ਹਨ, ਪਰ ਇੱਥੇ ਸਥਾਪਤ ਹੋਣ ਵਾਲਾ ਏਮਜ ਹਸਪਤਾਲ ਉਸਦੀ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਭਾਵੇਂ ਹੋਰ ਵੀ ਕਾਫ਼ੀ ਕੰਮ ਉਹਨਾਂ
ਹਲਕੇ ਵਿੱਚ ਕਰਵਾਏ ਹਨ, ਪਰ ਬਠਿੰਡਾ ਸ਼ਹਿਰ ਦੀ ਅਬਾਦੀ ਵਿੱਚ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਕਚਰਾ ਪਲਾਂਟ ਲਾਉਣ ਦਾ ਸਿਹਰਾ ਵੀ ਉਹਨਾਂ ਦੇ ਸਿਰ ਹੈ, ਜਿਸਨੂੰ ਉਹਨਾਂ ਨੇ ਅਬਾਦੀ ਨੂੰ ਨਜਰ ਅੰਦਾਜ਼ ਕਰਦਿਆਂ ਤੇ ਅਸੂਲਾਂ ਫ਼ਰਜਾਂ ਨੂੰ ਛਿੱਕੇ ਤੇ ਟੰਗ ਕੇ ਨਿੱਜੀ ਦਿਲਚਸਪੀ ਨਾਲ ਐਨ ਅਬਾਦੀ ਦੇ ਵਿਚਕਾਰ ਸਥਾਪਤ ਕਰਵਾਇਆ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਕਾਰਨ ਘਰਾਂ ਵਿੱਚ ਵਿਛੇ ਸੱਥਰਾਂ ਲਈ ਵੀ ਆਮ ਲੋਕ ਬਾਦਲ ਪਰਿਵਾਰ ਨੂੰ ਜੁਮਾਵਾਰ ਠਹਿਰਾ ਰਹੇ ਹਨ, ਜਿਸਦਾ ਬੀਬੀ ਬਾਦਲ ਨੂੰ ਵਿਰੋਧ ਝੱਲਣਾ ਅਵੱਸ ਹੈ।
ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਵੱਲੋਂ ਇਸ ਹਲਕੇ ਤੋਂ ਚੋਣ ਲੜਣ ਦੇ ਸਮੇਂ ਤੋਂ ਚਰਚੇ ਚਲੇ ਆ ਰਹੇ ਸਨ। ਉਹ ਪਹਿਲਾਂ ਵੀ ਇਸ ਹਲਕੇ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ, ਪਰ ਉਸ ਸਮੇਂ ਪੰਜਾਬ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਹੋਣ ਦਾ ਉਹਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਉਹ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦਾ ਪੁਰਖਿਆਂ ਦਾ ਪਿੰਡ ਵੀ ਇਸ ਹਲਕੇ ਵਿੱਚ ਪੈਂਦਾ ਹੈ, ਜਿਸ ਕਰਕੇ ਸਿੱਧੂਆਂ ਦੇ ਬਾਹੀਆ ਇਲਾਕੇ ਵਿੱਚ ਇਸ ਪਰਿਵਾਰ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਪਰ ਯੁਵਰਾਜ ਰਣਇੰਦਰ ਸਿੰਘ ਵੱਲੋਂ ਹਲਕੇ ਦੇ ਲੋਕਾਂ ਨਾਲ ਬਹੁਤਾ ਰਾਬਤਾ ਨਾ ਰੱਖਣ ਕਾਰਨ ਵੋਟਰ ਨਰਾਜ਼ ਜਰੂਰ ਦਿਖਾਈ ਦਿੰਦੇ ਹਨ।ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਵੀ ਜਦ ਇਹ ਦੇਖਿਆ ਕਿ ਇਸ ਹਲਕੇ ਤੋਂ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਚੋਣ ਮੈਦਾਨ ਵਿੱਚ ਨਿੱਤਰੇਗਾ ਤਾਂ ਆਪਣਾ ਕੱਦ ਉਹਨਾਂ ਦੇ ਬਰਾਬਰ ਕਰਨ ਦੀ ਇੱਛਾ ਸਦਕਾ ਉਹਨਾਂ ਵੀ ਇਸ ਹਲਕੇ ਤੋਂ ਚੋਣ ਲੜਣ ਦਾ ਐਲਾਨ ਕਰ ਦਿੱਤਾ ਸੀ। ਬਾਅਦ ਵਿੱਚ ਬਣੇ ਪੰਜਾਬ ਡੈਮੋਕਰੈਟਿਕ ਗੱਠਜੋੜ ਨੇ ਵੀ ਉਹਨਾਂ ਵੱਲੋਂ ਇਸ ਹਲਕੇ ਤੋਂ ਚੋਣ ਲੜਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਸ੍ਰੀ ਖਹਿਰਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ ਅਤੇ ਸੱਤ ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਉਹਨਾਂ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਨਵੀਂ ਪੰਜਾਬ ਏਕਤਾ ਪਾਰਟੀ ਬਣਾ ਲਈ ਸੀ। ਸ੍ਰੀ ਖਹਿਰਾ ਪੁਰਾਣੇ ਸਿਆਸੀ ਪਰਿਵਾਰ ਨਾਲ ਸਬੰਧਤ ਰਹੇ ਹਨ,ਉਹਨਾਂ ਦੇ ਪਿਤਾ ਸ੍ਰ†: ਸੁਖਜਿੰਦਰ ਸਿੰਘ ਵੀ ਪੰਜਾਬ ਵਿੱਚ ਮੰਤਰੀ ਰਹੇ ਹਨ। ਉਹ ਚੰਗੀ ਸਿਆਸੀ ਜਾਣਕਾਰੀ ਰਖਦੇ ਹਨ ਅਤੇ ਬੋਲਣ ਦੀ ਜੁਅੱਰਤ ਰਖਦੇ ਹਨ। ਪਰ ਆਪਣੇ ਆਪ ਨੂੰ ਸੁਪਰ ਮੰਨਣਾ ਉਹਨਾਂ ਦੀ ਕਮਜੋਰੀ ਹੈ, ਉਹ ਕਿਸੇ ਦੀ ਰਾਇ ਸਲਾਹ ਮੰਨਣ ਦੇ ਉਲਟ ਆਪਣੀ ਰਾਇ ਜਬਰੀ ਠੋਸਣ ਦੀ ਸੋਚ ਦੇ ਧਾਰਨੀ ਹਨ। ਹਰ ਇੱਕ ਗੱਲ ਦਾ ਵਿਰੋਧ ਕਰਨਾ ਉਹਨਾਂ ਦੀ ਕਾਰਜਸ਼ੈਲੀ ਹੈ, ਜਿਸਨੂੰ ਸੂਝਵਾਨ ਲੋਕ ਬਹੁਤਾ ਚੰਗਾ ਨਹੀਂ ਸਮਝਦੇ। ਚੋਣਾਂ ਦਾ ਸਮਾਂ ਨੇੜੇ ਆਇਆ ਤਾਂ ਜਿੱਥੇ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਦਾ ਨਾਂ ਸਾਹਮਣੇ ਆਇਆ, ਕਾਂਗਰਸ ਵੱਲੋਂ ਯੁਵਰਾਜ ਰਣਇੰਦਰ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਟਹਿਲ ਸਿੰਘ ਸੰਧੂ ਤੇ ਮੋਹਿਤ ਮਹਿੰਦਰਾ ਦਾ ਨਾਂ ਉਮੀਦਵਾਰ ਵਜੋਂ ਉ¤ਭਰੇ, ਪੰਜਾਬ ਡੈਮੋਕਰੈਟਿਕ ਗੱਠਜੋੜ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਬਰਗਾੜੀ ਮੋਰਚੇ ਦੀਆਂ ਧਿਰਾਂ ਵੱਲੋਂ ਭਾਈ ਗੁਰਦੀਪ ਸਿੰਘ ਦਾ ਨਾਂ ਸਾਹਮਣੇ ਆਇਆ। ਪਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਹਲਕਾ ਛੱਡ ਕੇ ਫਿਰੋਜਪੁਰ ਤੋਂ ਚੋਣ ਲੜਣ ਦੇ ਚਰਚੇ ਵੀ ਚਲਦੇ ਰਹੇ,
ਸੁਖਬੀਰ ਸਿੰਘ ਬਾਦਲ ਨੇ ਫਿਰੋਜਪੁਰ ਵਿੱਚ ਮੀਟਿੰਗਾਂ ਕਰਕੇ ਜਾਇਜ਼ਾ ਲਿਆ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਬਠਿੰਡਾ ਛੱਡਣਾ ਲੱਗਭੱਗ ਤਹਿ ਹੈ, ਬੀਬੀ ਬਾਦਲ ਵੱਲੋਂ ਬਠਿੰਡਾ ਹਲਕੇ ਤੋਂ ਭੱਜਣ ਦਾ ਬਹਾਨਾ ਅਕਾਲੀ ਦਲ ਦੀ ਕੋਰ ਕਮੇਟੀ ਦਾ ਹੁਕਮ ਬਣਾਇਆ ਜਾਣਾ ਹੈ, ਜਦੋਂ ਕਿ ਪਾਰਟੀ ਲਈ ਹਾਈ ਕਮਾਂਡ, ਕੋਰ ਕਮੇਟੀ ਆਦਿ ਸਭ ਕੁਝ ਬਾਦਲ ਪਰਿਵਾਰ ਖੁਦ ਬ ਖੁਦ ਹੀ ਹੈ। ਕਾਂਗਰਸ ਵੱਲੋਂ ਵੀ ਰਣਇੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਬਹੁਤੀ ਦਿਲਚਸਪੀ ਦਿਖਾਈ ਨਹੀਂ ਦਿੱਤੀ ਜਾ ਰਹੀ, ਪਾਰਟੀ ਦੇ ਇੱਕ ਪਰਿਵਾਰ ਦੇ ਇੱਕ ਮੈਂਬਰ ਦੇ ਚੋਣ ਲੜਣ ਦਾ ਬਹਾਨਾ ਵੀ ਬਣਾਇਆ ਜਾ ਰਿਹਾ ਹੈ ਕਿਉਂਕਿ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਦਾ ਚੋਣ ਲੜਣਾ ਕਰੀਬ ਤਹਿ ਹੈ। ਪੰਜਾਬ ਡੈਮਕਰੈਟਿਕ ਗੱਠਜੋੜ ਵੱਲੋਂ ਐਲਾਨੇ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਬਹਾਨਾ ਬਣਾ ਕੇ ਬਠਿੰਡਾ ਤੋਂ ਭੱਜਣਾ ਤਹਿ ਕਰ ਲਿਆ ਹੈ ਕਿ ਜੇਕਰ ਹਰਸਿਮਰਤ ਕੌਰ
ਬਾਦਲ ਬਠਿੰਡਾ ਤੋਂ ਚੋਣ ਨਹੀਂ ਲੜਦੀ ਤਾਂ ਉਹ ਵੀ ਨਹੀਂ ਲੜੇਗਾ। ਆਮ ਆਦਮੀ ਪਾਰਟੀ ਅਤੇ ਟਕਸਾਲੀ ਅਕਾਲੀ ਦਲ ਨੇ ਅਜੇ ਆਪਣੇ ਪੱਤੇ ਨਹੀਂ ਖੋਹਲੇ। ਜੇਕਰ ਉਪਰੋਕਤ ਤਿੰਨੇ ਆਗੂ ਬਠਿੰਡਾ ਹਲਕਾ ਛੱਡ
ਦਿੰਦੇ ਹਨ ਤਾਂ ਇੱਥੋਂ ਸ੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ, ਕਾਂਗਰਸ ਦੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਸਖ਼ਤ ਮੁਕਾਬਲਾ ਹੋਣ ਦੇ ਆਸਾਰ ਦਿਖਾਈ ਦਿੰਦੇ ਹਨ। ਖੱਬੀਆਂ ਪਾਰਟੀਆਂ ਦੀ ਵੀ ਇਸ ਹਲਕੇ ਵਿੱਚ ਕਾਫ਼ੀ ਵੋਟ ਹੈ, ਇਸ ਹਲਕੇ ਤੋਂ ਕਾ: ਭਾਨ ਸਿੰਘ ਭੌਰਾ ਮੈਂਬਰ ਪਾਰਲੀਮੈਂਟ ਵੀ ਰਹੇ ਹਨ। ਇਹਨਾਂ ਨੇਤਾਵਾਂ ਵੱਲੋਂ ਬਠਿੰਡਾ ਛੱਡਣ ਦੇ ਅਸਲ ਕਾਰਨ ਕੀ ਹਨ? ਇਹ ਚਰਚਾ ਹਰ ਹੱਟੀ ਭੱਠੀ ਗਲੀ ਮੁਹੱਲੇ ਵਿੱਚ ਛਿੜੀ
ਹੋਈ ਹੈ, ਪਰ ਅਸਲ ਗੱਲ ਇਹ ਹੈ ਕਿ ਬਠਿੰਡਾ ਹਲਕੇ ਦੇ ਲੋਕ ਹੁਣ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਉਮੀਦਵਾਰਾਂ ਦੇ ਅਸਲ ਚਿਹਰੇ ਲੋਕਾਂ ਦੀ ਕਚਿਹਰੀ ਵਿੱਚ ਨੰਗੇ ਕਰਨ ਲਈ ਮੁੱਠੀਆਂ ਵਿੱਚ ਥੁੱਕੀ ਬੈਠੇ
ਹਨ। ਇਸ ਵਾਰ ਵੋਟਰ ਸਮਝ ਸੋਚ ਕੇ ਨਾਪ ਤੋਲ ਕੇ ਅਤੇ ਉਮੀਦਵਾਰ ਦੀ ਸਖ਼ਸੀਅਤ ਤੇ ਕਾਬਲੀਅਤ ਦੇਖ ਕੇ ਵੋਟ ਦੀ ਵਰਤੋਂ ਕਰਨਗੇ।

ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ ਮੋਬਾ: 098882-75913

Real Estate