ਅਕਾਲੀ ਦਲ (ਬਾਦਲ) ਦੇ ਦੋ ਆਗੂ ਹੱਥੋਪਾਈ : ਸੁਖਬੀਰ ਬਾਦਲ ਦੀ ਵਰਕਰ ਮੀਟਿੰਗ ਕਰਾਈ ਰੱਦ

1593

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਆਗੂਆਂ ਵਿਚਕਾਰ ਹੱਥੋਪਾਈ ਹੋਣ ਮਗਰੋਂ ਜਲੰਧਰ ਛਾਉਣੀ ਹਲਕੇ ਦੀ 16 ਮਾਰਚ ਨੂੰ ਹੋਣ ਵਾਲੀ ਵਰਕਰਾਂ ਦੀ ਮੀਟਿੰਗ ਨੂੰ ਪਾਰਟੀ ਨੇ ਰੱਦ ਕਰ ਦਿੱਤਾ ਹੈ। ਇਸ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਸੀਨੀਅਰ ਆਗੂਆਂ ਨੇ ਹਿੱਸਾ ਲੈਣਾ ਸੀ।
ਖ਼ਬਰਾਂ ਅਨੁਸਾਰ ਜਲੰਧਰ ਛਾਉਣੀ ਹਲਕੇ ਦੇ ਇੰਚਰਾਜ ਸਰਬਜੀਤ ਸਿੰਘ ਮੱਕੜ ਅਤੇ ‘ਆਪ’ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਐਚ ਐਸ ਵਾਲੀਆ ਵਿੱਚ ਤਿੱਖੀਆਂ ਝੜਪਾਂ ਹੋਈਆਂ ਅਤੇ ਦੋਵੇਂ ਆਗੂਆਂ ਵਿਚਕਾਰ ਇਕ-ਦੂਜੇ ਦੇ ਕਾਲਰ ਫੜਨ ਤੱਕ ਨੌਬਤ ਆ ਗਈ। ਦੋਹਾਂ ਆਗੂਆਂ ਵਿੱਚ ਤਲਖਕਲਾਮੀ ਦਾ ਮੁੱਢ ਉਦੋਂ ਬੱਝਾ ਜਦੋਂ ਬਾਠ ਕੈਸਲ ਵਿੱਚ ਵਾਲੀਆ 16 ਮਾਰਚ ਨੂੰ ਹੋਣ ਵਾਲੀ ਮੀਟਿੰਗ ਦੇ ਪ੍ਰਬੰਧ ਦੇਖ ਰਹੇ ਸਨ। ਇਸ ਦੌਰਾਨ ਉਥੇ ਜਦੋਂ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਪਹੁੰਚੇ ਤਾਂ ਉਹ ਵਾਲੀਆ ਨੂੰ ਦੇਖ ਕੇ ਲੋਹੇ-ਲਾਖੇ ਹੋ ਗਏ। ਅੱਖੀਂ ਦੇਖਣ ਵਾਲਿਆਂ ਮੁਤਾਬਕ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਪਾਰਾ ਹੇਠਾਂ ਨਹੀਂ ਆਇਆ। ਮੱਕੜ ਵਾਰ-ਵਾਰ ਵਾਲੀਆ ਨੂੰ ਕਹਿ ਰਹੇ ਸਨ ਕਿ ਉਹ ਜਲੰਧਰ ਛਾਉਣੀ ਵਿੱਚ ਦਾਖ਼ਲ ਨਾ ਹੋਏ। ਇਸ ਮੌਕੇ ਬਲਜੀਤ ਸਿੰਘ ਨੀਲਾ ਮਹਿਲ, ਕਮਲਜੀਤ ਸਿੰਘ ਭਾਟੀਆ ਅਤੇ ਹੰਸ ਰਾਜ ਰਾਣਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਗੁੱਸੇ ਵਿੱਚ ਆਏ ਆਗੂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੂੰ ਨਾਲ ਲੈ ਕੇ ਸੁਖਬੀਰ ਬਾਦਲ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਮੱਕੜ ਵੱਲੋਂ ਕੀਤੀ ਗਈ ਹੱਡ-ਬੀਤੀ ਸੁਣਾਈ। ਜਾਣਕਾਰੀ ਅਨੁਸਾਰ ਵਾਲੀਆ ਨੇ ਸੁਖਬੀਰ ਬਾਦਲ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

Real Estate