ਮਿਸ਼ੇਲ ਵੱਲੋਂ CBI ਦੇ ਸਾਬਕਾ ਡਾਇਰੈਕਟਰ ਤੇ ਵੱਡਾ ਇਲਜਾਮ

1173

ਅਗਸਤਾਵੈਸਟਲੈਂਡ ਮਾਮਲੇ ਵਿੱਚ ਕਥਿਤ ਦਲਾਲ ਕ੍ਰਿਸਟੀਅਨ ਮਿਸ਼ੇਲ ਨੇ ਦਿੱਲੀ ਦੀ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਸੀਬੀਆਈ ਦਾ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਉਸ ਨੂੰ ਦੁਬਈ ਵਿੱਚ ਮਿਲਿਆ ਸੀ ਤੇ ਸੀਬੀਆਈ ਅਧਿਕਾਰੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਏਜੰਸੀ ਦੇ ਕਹੇ ਮੁਤਾਬਕ ਨਾ ਚੱਲਿਆ ਤਾਂ ਉਹ(ਅਸਥਾਨਾ) ਜੇਲ੍ਹ ਵਿੱਚ ਉਹਦੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ। ਮਿਸ਼ੇਲ ਨੇ ਇਹ ਇੰਕਸਾਫ਼ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਅੱਗੇ ਕੀਤਾ ਹੈ। ਮਿਸ਼ੇਲ ਨੇ ਜੱਜ ਨੂੰ ਦੱਸਿਆ ਕਿ ਉਸਨੂੰ ਜੇਲ੍ਹ ਵਿੱਚ 16-17 ਕਸ਼ਮੀਰੀ ਵੱਖਵਾਦੀ ਆਗੂਆਂ ਦੇ ਨਾਲ ਰੱਖਿਆ ਗਿਆ ਹੈ। ਅਦਾਲਤ ਨੇ ਕਥਿਤ ਮਾਨਸਿਕ ਤਸ਼ੱਦਦ ਢਾਹੇ ਜਾਣ ਬਾਬਤ ਮਿਸ਼ੇਲ ਦੇ ਦੋਸ਼ਾਂ ਬਾਰੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗ ਲਈ ਹੈ। ਇਸ ਦੌਰਾਨ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਮਿਸ਼ੇਲ ਤੋਂ ਭਲਕੇ ਤਿਹਾੜ ਜੇਲ੍ਹ ਅੰਦਰ ਪੁੱਛਗਿੱਛ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਈਡੀ ਵੱਲੋਂ ਹੁਣ ਮਿਸ਼ੇਲ ਤੋਂ ਬੁੱਧਵਾਰ ਤੇ ਵੀਰਵਾਰ ਨੂੰ ਪੁੱਛ-ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਜੇਲ੍ਹ ਅਧਿਕਾਰੀ ਦੀ ਮੌਜੂਦ ਰਹਿਣਗੇ ਜਦੋਂ ਮਿਸ਼ੇਲ ਦੇ ਵਕੀਲ ਨੂੰ ਸੀਮਤ ਸਮੇਂ ਦੀ ਰਸਾਈ ਦਿੱਤੀ ਗਈ ਹੈ।
ਅਦਾਲਤ ਨੇ ਮਿਸ਼ੇਲ ਵੱਲੋਂ ਜੇਲ੍ਹ ਅੰਦਰ ਕਥਿਤ ਮਾਨਸਿਕ ਤਸ਼ੱਦਦ ਢਾਹੇ ਜਾਣ ਦੇ ਬਿਆਨ ਦਾ ਨੋਟਿਸ ਲੈਂਦਿਆਂ ਜੇਲ੍ਹ ਅਧਿਕਾਰੀਆਂ ਨੂੰ ਵੀਰਵਾਰ ਤਕ ਸੀਸੀਟੀਵੀ ਫੁਟੇਜ ਤੇ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਇਸ ਰਿਪੋਰਟ ਦੇ ਅਧਾਰ ’ਤੇ ਮਿਸ਼ੇਲ ਨੂੰ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਤਬਦੀਲ ਕਰਨ ’ਤੇ ਗੌਰ ਕੀਤੀ ਜਾਵੇਗੀ।
ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਉਣ ਮਗਰੋਂ ਪਿਛਲੇ ਸਾਲ 22 ਦਸੰਬਰ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ। ਯਾਦ ਰਹੇ ਕਿ ਮਿਸ਼ੇਲ ਉਨ੍ਹਾਂ ਤਿੰਨ ਕਥਿਤ ਦਲਾਲਾਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਤੋਂ ਵੀਵੀਆਈਪੀ ਹੈਲੀਕਾਪਟਰ ਖਰੀਦ ਮਾਮਲੇ ਵਿੱਚ ਈਡੀ ਤੇ ਸੀਬੀਆਈ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰਨਾਂ ਦੋ ਦਲਾਲਾਂ ਵਿੱਚ ਗੁਇਡੋ ਹਸ਼ਕੇ ਤੇ ਕਾਰਲੋ ਗੇਰੋਸਾ ਸ਼ਾਮਲ ਹਨ।

Real Estate