ਨਿਊਜ਼ੀਲੈਂਡ ਦੇ ਬੀਚਾਂ ਉਤੇ ਹਿੰਦੂ ਭਗਵਾਨਾਂ ਦੀਆਂ ਮੂਰਤੀਆਂ ਦੇ ਜਲਪ੍ਰਵਾਹ ਤੋਂ ਲੋਕ ਦੁਖੀ – ਸਮੁੰਦਰੀ ਜੀਵਾਂ ਲਈ ਵੀ ਪੈਦਾ ਹੋ ਰਿਹਾ ਹੈ ਖ਼ਤਰਾ

3269

ਔਕਲੈਂਡ 11 ਮਾਰਚ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਕਈ ਬੀਚ (ਸਮੁੰਦਰੀ ਕਿਨਾਰੇ) ਵਿਸ਼ਵ ਭਰ ਦੇ ਉਪਰਲੇ 25 ਬੀਚਾਂ ਦੇ ਵਿਚ ਆਉਂਦੇ ਹਨ, ਜਿੱਥੇ ਸਥਾਨਕ ਅਤੇ ਸੈਲਾਨੀ ਲੋਕ ਸਮੁੰਦਰ ਦੀਆਂ ਉਠਦੀਆਂ ਲਹਿਰਾਂ ਦੇ ਨਾਲ ਆਪਣੇ ਮਨ ਦੇ ਵਿਚ ਚਹਿਲ-ਪਹਿਲ ਪੈਦਾ ਕਰਦੇ ਹਨ। ਨਿਊਜ਼ੀਲੈਂਡ ਸਰਕਾਰ ਵੀ ਇਨ੍ਹਾਂ ਬੀਚਾਂ ਦੀ ਸਫਾਈ ਲਈ ਅੰਤਾ ਦਾ ਖਰਚਾ ਕਰਦੀ ਹੈ ਅਤੇ ਲੋਕ ਵੀ ਨਾਲੋ-ਨਾਲ ਸਫਾਈ ਦਾ ਧਿਆਨ ਰੱਖਦੇ ਹਨ। ਨਿਊਜ਼ੀਲੈਂਡ ਇਕ ਬਹੁਕੌਮੀ ਮੁਲਕ ਹੈ ਅਤੇ ਧਾਰਮਿਕ ਅਜ਼ਾਦੀ ਵੀ ਬਰਕਰਾਰ ਰਹਿੰਦੀ ਹੈ, ਪਰ ਲਗਦਾ ਹੈ ਕਿ ਕੁਝ ਭਾਰਤੀ ਲੋਕ ਧਾਰਮਿਕਤਾ ਦੀ ਆੜ ਵਿਚ ਇਸਦਾ ਨਜ਼ਾਇਜ ਫਾਇਦਾ ਚੁੱਕਣ ਲੱਗੇ ਹਨ। ਸਥਾਨਕ ਮੀਡੀਆ ਦੇ ਵਿਚ ਨਸ਼ਰ ਹੋਈਆਂ ਖਬਰਾਂ ਹਨ ਕਿ ਇਥੇ ਦੇ ਕੁਝ ਬੀਚਾਂ ਉਤੇ ਹਿੰਦੂ ਧਰਮ ਦੇ ਲੋਕ ਧਾਰਮਿਕ ਰਸਮਾਂ ਦੇ ਨਾਂਅ ਉਤੇ ਭਗਵਾਨ ਦੇ ਵੱਖ-ਵੱਖ ਰੂਪਾਂ ਵਾਲੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਜਲ ਪ੍ਰਵਾਹ ਕਰਨ ਲੱਗੇ ਹਨ। ਸਥਾਨਕ ਲੋਕਾਂ ਦੇ ਇਹ ਗੱਲ ਧਿਆਨ ਵਿਚ ਆਈ ਹੋਈ ਹੈ ਅਤੇ ਉਨ੍ਹਾਂ ਨੇ ਇਸ ਨੂੰ ਖਤਰੇ ਦੀ ਘੰਟੀ ਵਾਂਗ ਲਿਆ ਹੈ। ਇਨ੍ਹਾਂ ਰਸਮਾਂ ਦੇ ਨਤੀਜੇ ਨਾਲ ਸਮੁੰਦਰ ਨਾਲ ਅੰਤਾਂ ਦਾ ਪਿਆਰ ਕਰਨ ਵਾਲੇ ਲੋਕਾਂ ਨੂੰ ਸਮੁੰਦਰ ਕੰਢੇ ਘੁੰਮਣ ਵਾਲੇ ਸੈਲਾਨੀਆਂ, ਬੱਚਿਆਂ ਅਤੇ ਸਮੁੰਦਰੀ ਜਾਨਵਰਾਂ ਲਈ ਖਤਰਾ ਦਿਸਣਾ ਸ਼ੁਰੂ ਹੋ ਗਿਆ ਹੈ। ਔਕਲੈਂਡ ਦੇ ਲਾਗੇ ਇਕ ਬੀਚ ਦੀ ਸਫਾਈ ਕਰਦੀ ਔਰਤ ਨੇ ਕਈ ਸਾਲਾਂ ਤੋਂ ਭਗਵਾਨ ਦੀਆਂ ਮੂਰਤੀਆਂ ਇਕੱਠੀਆਂ ਕੀਤੀਆਂ ਹਨ। ਜਿਨ੍ਹਾਂ ਵਿਚ ਟੁੱਟੀਆਂ ਹੋਈਆਂ ਮੂਰਤੀਆਂ, ਬਹੁਤ ਤਿਖੇ ਖੂੰਜੇ ਵਾਲੀਆਂ ਮੂਰਤੀਆਂ ਵੀ ਹਨ, ਜਿਵੇਂ ਹਨੂਮਾਨ, ਗਣੇਸ਼, ਸ੍ਰੀ ਰਾਮ, ਸ੍ਰੀ ਲਕਸ਼ਣ, ਸੀਤਾ ਤੇ ਮਾਤਾ ਸ਼ੇਰਾਵਾਲੀ ਆਦਿ। ਈਸਟ ਟਮਾਕੀ ਬਿਦਕਸ ਬੇਅ ਅਤੇ ਮਿਸ਼ਨ ਬੇਅ ਉਤੇ ਅਜਿਹੀ ਪੂਜਾ ਅਤੇ ਮੂਰਤੀ ਜਲਪ੍ਰਵਾਹ ਰਸਮ ਹੋਣੀ ਸ਼ੁਰੂ ਹੋ ਗਈ ਹੈ ਅਤੇ ਵੱਖ-ਵੱਖ ਤਿਉਹਾਰਾਂ ਉਤੇ ਮੂਰਤੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਹਨ। ਔਕਲੈਂਡ ਦੇ ਕਈ ਬੀਚਾਂ ਵਿਚ ਪਹਿਲਾਂ ਹੀ ਪਲਾਸਟਿਕ ਦੇ ਖਾਲੀ ਗਲਾਸਾਂ, ਸਰਿੰਜਾਂ ਅਤੇ ਹੋਰ ਕੂੜੇ ਨੂੰ ਲੈ ਕੇ ਸਫਾਈ ਅਭਿਆਨ ਚਲਦੇ ਰਹਿੰਦੇ ਹਨ ਉਥੇ ਇਹ ਨਵੀਂ ਮੁਸ਼ਕਿਲ ਪੈਦਾ ਕੀਤੀ ਜਾ ਰਹੀ ਹੈ। ਵਿਨਾਇਕਾ ਚਤੁਰਥੀ ਅਤੇ ਗਣੇਸ਼ ਪੂਜਾ ਦੌਰਾਨ ਅਜਿਹੀ ਧਾਰਮਿਕ ਰਸਮ ਬਹੁਤ ਹੁੰਦੀ ਹੈ। ਸਥਾਨਕ ਲੋਕਾਂ ਲਈ ਇਹ ਰਸਮ ਜਾਂ ਧਾਰਮਿਕ ਰੀਤੀ-ਰਿਵਾਜ ਬਹੁਤ ਵੱਡੀ ਚੁਣੌਤੀ ਸਾਬਿਤ ਹੋ ਸਕਦਾ ਹੈ। ਅੱਜਕੱਲ੍ਹ ਇਨ੍ਹਾਂ ਮੂਰਤੀਆਂ ਨੂੰ ਪਲਾਸਟਰ ਆਫ ਪੈਰਿਸ ਅਤੇ ਕਰੜੀ ਕਲੇਅ ਮਿੱਟੀ ਦੇ ਨਾਲ ਬਣਾਇਆ ਜਾਣ ਲੱਗਾ ਹੈ ਜੋ ਕਿ ਪਾਣੀ ਦੇ ਵਿਚ ਨਹੀਂ ਖੁਰਦੀ। ਕਈ ਲੋਕ ਉਸ ਥਾਂ ਉਤੇ ਵੀ ਅਜਿਹੀ ਰਸਮ ਕਰਦੇ ਹਨ ਜਿਥੇ ਉਨ੍ਹਾਂ ਨੂੰ ਕੋਈ ਵੇਖ ਨਾ ਸਕੇ ਜਾਂ ਵੇਲੇ-ਕੁਵੇਲੇ ਅਜਿਹਾ ਕਰਦੇ ਹਨ।
ਰੈਬਿਕਾ ਨਾਂਅ ਦੀ ਇਕ ਔਰਤ ਨੇ ਹੁਣ ਤੱਕ 30 ਦੇ ਕਰੀਬ ਅਜਿਹੀਆਂ ਮੂਰਤੀਆਂ ਦੇ ਅੰਸ਼ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਗਮਲੇ, ਧਾਰਮਿਕ ਸੀ।ਡੀਆਂ ਵੀ ਸੁੱਟੀਆਂ ਜਾ ਰਹੀਆਂ ਹਨ। ਔਕਲੈਂਡ ਕੌਂਸਿਲ ਹਿੰਦੂ ਕੌਂਸਿਲ ਦੇ ਨਾਲ ਇਸ ਸਬੰਧੀ ਗੱਲਬਾਤ ਵੀ ਕਰ ਰਹੀ ਹੈ ਤਾਂ ਕਿ ਇਸ ਰਸਮ ਨੂੰ ਕਿਸੇ ਹੋਰ ਤਰੀਕੇ ਨਾਲ ਕਰਨ ਦਾ ਸੋਚਿਆ ਜਾ ਸਕੇ। ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਹਿੰਦੂਆਂ ਦੀ ਜਨ ਸੰਖਿਆ ਇਕ ਲੱਖ ਤੋਂ ਉਪਰ ਹੈ। ਸੋ ਨਿਊਜ਼ੀਲੈਂਡ ਰਹਿੰਦੇ ਹਿੰਦੂ ਧਰਮ ਦੇ ਅਨੁਆਈਆਂ ਨੂੰ ਇਸ ਸਬੰਧੀ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਪੂਰੇ ਭਾਰਤੀ ਭਾਈਚਾਰੇ ਨੂੰ ਸ਼ੋਸ਼ਲ ਸਾਈਟਾਂ ਉਤੇ ਨਿੰਦਨ ਤੋਂ ਬਚਾਇਆ ਜਾ ਸਕੇ।

Real Estate