ਆਨੰਦਪੁਰ ਸਾਹਿਬ ਤੋਂ ਬੀਰਦਵਿੰਦਰ ਸਿੰਘ ਹੀ ਚੋਣ ਲੜਨਗੇ : ਬ੍ਰਹਮਪੁਰਾ

1006

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਬਾਰੇ ਸਾਰੀਆਂ ਕਿਆਸ-ਅਰਾਈਆਂ ’ਤੇ ਵਿਰਾਮ ਲਗਾਉਂਦਿਆਂ ਸਪੱਸ਼ਟ ਆਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਸਿਆਸੀ ਗੱਠਜੋੜ ਹੋਵੇ ਜਾਂ ਨਾ ਹੋਵੇ ਪਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਬੀਰਦਵਿੰਦਰ ਸਿੰਘ ਹੀ ਚੋਣ ਲੜਨਗੇ। ਐਸਜੀਪੀਸੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ, ਅਕਾਲੀ ਦਲ (ਬਾਦਲ) ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਲੰਮਾ ਸਮਾਂ ਜੁੜੇ ਰਹੇ ਪੰਥਕ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਥੇਦਾਰ ਬ੍ਰਹਮਪੁਰਾ ਅਤੇ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਜਥੇਦਾਰ ਹਰਪਾਲਪੁਰ ਤੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਆਪ ਨਾਲ ਸਮਝੌਤੇ ਬਾਰੇ ਪੁੱਛੇ ਜਾਣ ’ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਹਾਲੇ ਝਾੜੂ ਵਾਲਿਆਂ ਨਾਲ ਗੱਲ ਕਿਸੇ ਕੰਢੇ ਨਹੀਂ ਲੱਗੀ ਪ੍ਰੰਤੂ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਯੂਥ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਹਮਲਾ ਕਰਦਿਆਂ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਜੀਜਾ ਸਾਲੇ ਦੀ ਨਿਕੰਮੀ ਲੀਡਰਸ਼ਿਪ ਕਾਰਨ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਜਿਸ ਦੀ ਭਰਪਾਈ ਹੁਣ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾ ਸਕਦੀ।

Real Estate