ਪੂਰਨ ਭਗਤ ਦਾ ਖੂਹ

2342

Puran da khoohਬਲਵਿੰਦਰ ਸਿੰਘ ਭੁੱਲਰ

ਪੰਜਾਹ ਤੋਂ ਉਪਰ ਕਵੀਆਂ, ਕਿੱਸਾਕਾਰਾਂ ਨੇ ਭਗਤ ਪੂਰਨ ਬਾਰੇ ਕਿੱਸੇ ਲਿਖੇ ਹਨ, ਕਾਦਰਯਾਰ ਦਾ ਕਿੱਸਾ ਇਹਨਾਂ ਚੋਂ ਵੱਖਰੀ ਪਹਿਚਾਣ ਰਖਦਾ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਨਵੀਂ ਪੀਹੜੀ ਸਾਹਿਤ ਪੜਣ ਤੋਂ ਦੂਰ ਜਾ ਰਹੀ ਦਿਖਾਈ ਦਿੰਦੀ ਹੈ, ਦਹਾਕਿਆਂ ਪਹਿਲਾਂ ਆਮ ਲੋਕਾਂ ਦਾ ਮਨੋਰੰਜਨ ਦਾ ਸਾਧਨ ਕਿੱਸੇ ਪੜਨੇ ਸਨ, ਜਿਹਨਾਂ ਚੋਂ ਇਤਿਹਾਸ ਬਾਰੇ ਵੱਡਮੁੱਲੀ ਜਾਣਕਾਰੀ ਮਿਲਦੀ ਸੀ ਅਤੇ ਸਾਫ਼ ਸੁਥਰਾ ਤੇ ਵਧੀਆ ਜੀਵਨ ਬਤੀਤ ਕਰਨ ਲਈ ਚੰਗੀ ਪ੍ਰੇਰਨਾ ਮਿਲਦੀ ਸੀ। ਪੂਰਨ ਭਗਤ ਦਾ ਕਿੱਸਾ ਵੀ ਸਦੀਆਂ ਤੱਕ ਜਿੱਥੇ ਗਵੱਈਆਂ, ਢਾਡੀਆਂ, ਕਵੀਸ਼ਰਾਂ ਵੱਲੋਂ ਵੱਡੇ ਇਕੱਠਾ ਵਿੱਚ ਪੇਸ ਕੀਤਾ ਜਾਂਦਾ ਰਿਹਾ ਹੈ, ਉਥੇ ਪਿੰਡਾਂ ਦੀ ਸੱਥਾਂ ਵਿੱਚ ਵੀ ਉਸਨੂੰ ਪੜ ਕੇ ਵਿਚਾਰ ਚਰਚਾ ਹੁੰਦੀ ਰਹੀ ਹੈ।
ਇਤਿਹਾਸ ਅਨੁਸਾਰ ਸਿਆਲਕੋਟ ਜਿਸਦਾ ਪੁਰਾਣਾ ਨਾਂ ਸ਼ਾਲਿਵਾਹਨ ਕੋਟ ਸੀ, ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦੀ ਪਤਨੀ ਇੱਛਰਾਂ ਦੀ ਕੁੱਖੋ ਜਨਮੇ ਪੂਰਨ ਮੱਲ ਨੂੰ ਰਿਸ਼ੀਆਂ ਦੇ ਕਹਿਣ ਤੇ ਬਾਲ ਅਵਸਥਾ ਵਿੱਚ ਪਿਤਾ ਦੇ ਮਹਿਲਾਂ ਤੋ ਦੂਰ 12 ਵਰੇ ਤੱਕ ਇੱਕ ਭੋਰੇ ਵਿੱਚ ਰੱਖਿਆ ਗਿਆ। ਰਾਜਾ ਸ਼ਾਲਿਵਾਹਨ ਦੇ ਪੂਰਨ, ਰਸਾਲੂ, ਬੁਲੰਦ, ਸੁੰਦਰ ਆਦਿ 16 ਪੁੱਤਰ ਸਨ, ਪਰੰਤੂ ਪੂਰਨ ਤੇ ਰਸਾਲੂ ਦਾ ਨਾਂ ਹੀ ਕਿੱਸਿਆ ਵਿੱਚ ਮਿਲਦਾ ਹੈ। ਇਤਿਹਾਸ ਅਨੁਸਾਰ ਪੂਰਨ ਦੇ ਭੋਰੇ ਵਿੱਚ ਰਹਿਣ ਦੌਰਾਨ ਰਾਜਾ ਸ਼ਾਲਿਵਾਹਨ ਨੇ ਇੱਕ ਛੋਟੀ ਉਮਰ ਦੀ ਖੂਬਸੂਰਤ ਔਰਤ ਲੂਣਾ ਨੂੰ ਆਪਣੀ ਰਾਣੀ ਬਣਾ ਲਿਆ ਸੀ, ਉਸਦੀ ਸੁੰਦਰਤਾ ਦਾ ਹੀ ਅਸਰ ਸੀ ਕਿ ਮਹਿਲਾਂ ਵਿੱਚ ਉਸਦਾ ਹੁਕਮ ਹੀ ਚਲਦਾ ਸੀ ਅਤੇ ਰਾਜਾ ਪੂਰੀ ਤਰਾਂ ਉਸਦੇ ਪ੍ਰਭਾਵ ਅਧੀਨ ਸੀ। 12 ਵਰੇ ਤੱਕ ਭੋਰੇ ਵਿੱਚ ਰਹਿਣ ਤੋਂ ਬਾਅਦ ਜਦੋਂ ਬਾਹਰ ਆ ਕੇ ਪੂਰਨ ਪਹਿਲੀ ਵਾਰ ਮਹਿਲਾਂ ਵਿੱਚ ਲੂਣਾਂ ਨੂੰ ਨਮਸਕਾਰ ਕਰਨ ਗਿਆ ਤਾਂ ਆਪਣੇ ਹਮਉਮਰ ਮਤਰੇਏ ਪੁੱਤ ਨੂੰ ਵੇਖ ਕੇ ਉਹ ਉਸਦੇ ਰੂਪ ਤੇ ਮੋਹਿਤ ਹੋ ਗਈ। ਮਾਂ ਪੁੱਤਰ ਦੇ ਪਵਿੱਤਰ ਰਿਸਤੇ ਨੂੰ ਭੁਲਾ ਕੇ ਲੂਣਾ ਨੇ ਪੂਰਨ ਪ੍ਰਤੀ ਆਪਣੀ ਇੱਛਾ ਭਾਵਨਾ ਗਲਤ ਪੇਸ਼ ਕੀਤੀ ਤਾਂ ਪੂਰਨ ਨੇ ਇਸਦਾ ਬਹੁਤ ਬੁਰਾ ਮਨਾਇਆ। ਆਪਣੇ ਰੂਪ ਦੇ ਹੰਕਾਰ ਵਿੱਚ ਲੂਣਾ ਨੇ ਇਸ ਨੂੰ ਆਪਣੇ ਹੁਸਨ ਦੀ ਤੌਹੀਨ ਸਮਝਿਆ ਅਤੇ ਬਹੁਤ ਗੁੱਸੇ ਹੋਈ। ਉਸਨੇ ਗੁੱਸੇ ਵਿੱਚ ਪੂਰਨ ਤੋਂ ਬਦਲਾ ਲੈਣ ਲਈ ਰਾਜਾ ਸ਼ਾਲਿਵਾਹਨ ਅੱਗੇ ਝੂਠੀ ਸਿਕਾਇਤ ਕੀਤੀ ਕਿ ਉਸ ਦੇ ਮਤਰੇਏ ਪੁੱਤ ਪੂਰਨ ਨੇ ਉਸ ਪ੍ਰਤੀ ਗਲਤ ਭਾਵਨਾ ਪ੍ਰਗਟ ਕੀਤੀ ਹੈ।
ਰਾਜਾ ਸ਼ਲਿਵਾਹਨ ਨੇ ਪੂਰਨ ਨੂੰ ਕਤਲ ਕਰਨ ਦਾ ਹੁਕਮ ਦਿੱਤਾ, ਜਲਾਦਾਂ ਨੇ ਉਸਨੂੰ ਵੱਢ ਕੇ ਖੂਹ ਵਿੱਚ ਸੁੱਟ ਦਿੱਤਾ। ਗੁਰੂ ਗੋਰਖ ਨਾਥ ਨੇ ਪੂਰਨ ਨੂੰ ਖੂਹ ਚੋਂ ਜਿਉਂਦਾ ਕੱਢ ਕੇ ਆਪਣਾ ਚੇਲਾ ਬਣਾਇਆ, ਜਿਸਨੇ ਜਤ ਸਤ ਕਾਇਮ ਰਖਦਿਆਂ ਦੁਨੀਆਂ ਨੂੰ ਸੱਚ ਦਾ ਰਸਤਾ ਦਿਖਾਇਆ। ਆਖ਼ਰ ਆਮ ਜਨਤਾ ਨੂੰ ਸੱਚ ਦਾ ਪਤਾ ਲੱਗਾ ਤਾਂ ਉਹਨਾਂ ਪੂਰਨ ਨੂੰ ਭਗਤ ਦੇ ਰੂਪ ਵਿੱਚ ਪ੍ਰਵਾਨ ਕੀਤਾ। ਲੂਣਾਂ ਸਦੀਆਂ ਤੋਂ ਨਫ਼ਰਤ ਦੀ ਪਾਤਰ ਵਜੋਂ ਜਾਣੀ ਜਾਂਦੀ ਹੈ।
ਉਹ ਖੂਹ ਜਿਸ ਵਿੱਚ ਪੂਰਨ ਭਗਤ ਨੂੰ ਕਤਲ ਕਰਕੇ ਸੁੱਟ ਦਿੱਤਾ ਗਿਆ ਸੀ, ਅਜੇ ਵੀ ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਸਿਆਲਕੋਟ ਦੇ ਨਜਦੀਕ ਪੂਰਨ ਨਗਰ ਵਿੱਚ ਸਥਿਤ ਹੈ। ਜਿਸ ਪ੍ਰਤੀ ਲੋਕਾਂ ਦੀ ਬਹੁਤ ਸਰਧਾ ਹੈ।

#ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 09888275913

Real Estate