ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨਗੀ ਵਿਵਾਦ ਮਗਰੋਂ ਖਹਿਰਾ ਦਾ ਸਪੱਸ਼ਟੀਕਰਨ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਖ਼ੁਦ ਨੂੰ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਦੱਸ ਕੇ ਸੂਬੇ ਦੇ ਲੋਕਾਂ ਤੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਵੱਡੀ ਰਾਜਨੀਤਕ ਠੱਗੀ ਮਾਰੀ ਹੈ ਜਿਸ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸੁਖਪਾਲ ਖਹਿਰਾ ਖ਼ਿਲਾਫ਼ ਤੁਰੰਤ ਪ੍ਰਭਾਵ ਤੋਂ ਫ਼ੌਜਦਾਰੀ ਕੇਸ ਦਰਜ ਕੀਤਾ ਜਾਵੇ।
ਕਾਗਜ਼ਾਂ ਵਿੱਚ ਪਾਰਟੀ ਦੀ ਕਮਾਨ ਸਨਕਦੀਪ ਸਿੰਘ ਸੰਧੂ ਦੇ ਹੱਥ ਹੈ। ਵਿਰੋਧੀ ਪਾਰਟੀਆਂ ਇਸ ਨੂੰ ਜਨਤਾ ਨਾਲ ਧੋਖਾ ਕਰਾਰ ਦੇ ਰਹੀਆਂ ਹਨ। ਜਦੋਂਕਿ ਦੂਜੇ ਪਾਸੇ ਖਹਿਰਾ ਦਾ ਕਹਿਣਾ ਹੈ ਕਿ ਸਿਰਫ ਪਾਰਟੀ ਰਜਿਸਟਰਡ ਕਰਵਾਉਣ ਲਈ ਹੀ ਅਜਿਹਾ ਕੀਤਾ ਗਿਆ ਹੈ। ਇਸ ਲਈ ਪਾਰਟੀ ਰਜਿਸਟਰਡ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਭੇਜੇ ਗਏ ਦਸਤਾਵੇਜ਼ਾਂ ਵਿੱਚ ਪ੍ਰਧਾਨ ਸਨਕਦੀਪ ਸੰਧੂ ਨੂੰ ਦਿਖਾਇਆ ਗਿਆ ਹੈ। ਖਹਿਰਾ ਦਾ ਕਹਿਣਾ ਹੈ ਕਿ ਜਿਸ ਦਿਨ ਪਾਰਟੀ ਦਾ ਐਲਾਨ ਕੀਤਾ ਸੀ ਉਸ ਦਿਨ ਮੈਨੂੰ ਐਡਹਾਕ ਪ੍ਰਧਾਨ ਬਣਾਇਆ ਗਿਆ ਸੀ ।
ਸਨਕਦੀਪ ਸੰਧੂ ‘ਆਪ’ ਦਾ ਜ਼ਿਲ੍ਹਾ ਫਰੀਦਕੋਟ ਦਾ ਪ੍ਰਧਾਨ ਸੀ। ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਬਣਾਉਣ ਮਗਰੋਂ ਸੰਧੂ ਵੀ ਉਨ੍ਹਾਂ ਨਾਲ ਆ ਗਏ ਸੀ। ਖਹਿਰਾ ਨੇ ਸੰਧੂ ਨੂੰ ਆਪਣਾ ਸਿਆਸੀ ਸਕੱਤਰ ਬਣਾਇਆ ਸੀ।
ਦਰਅਸਲ ਚੋਣ ਕਮਿਸ਼ਨ ਨੇ ਕਿਸੇ ਵੀ ਪਾਰਟੀ ਨੂੰ ਰਜਿਸਟਰਡ ਕਰਨ ਤੋਂ ਪਹਿਲਾਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣਾ ਹੁੰਦਾ ਹੈ। ਇਸ ਸਬੰਧੀ ਜਦੋਂ ਚੋਣ ਕਮਿਸ਼ਨ ਨੇ ਇਸ ਪਾਰਟੀ ਬਾਰੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਤਾਂ ਖੁਲਾਸਾ ਹੋਇਆ ਕਿ ਪਾਰਟੀ ਦੇ ਪ੍ਰਧਾਨ ਖਹਿਰਾ ਨਹੀਂ ਸਗੋਂ ਸਨਕਦੀਪ ਸੰਧੂ ਹਨ। ਕਾਗਜ਼ਾਂ ਵਿੱਚ ਜਸਵੰਤ ਸਿੰਘ ਨੂੰ ਜਨਰਲ ਸਕੱਤਰ ਤੇ ਕੁਲਦੀਪ ਸਿੰਘ ਨੂੰ ਖ਼ਜ਼ਾਨਚੀ ਦਿਖਾਇਆ ਗਿਆ ਹੈ।

Real Estate