ਦਿੱਲੀ ਵਿੱਚ ਕਾਂਗਰਸੀਆਂ ਦਾ ‘ਆਪ’ ਨਾਲ ਗੱਠਜੋੜ ਸਿਰੇ ਨਹੀਂ ਚੜ੍ਹਿਆ !

946

ਕਾਂਗਰਸ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ ਅਤੇ ਲੋਕ ਸਭਾ ਚੋਣਾਂ ਆਪਣੇ ਦਮ ’ਤੇ ਲੜੇਗੀ। ਇਹ ਗੱਲ ਕਾਂਗਰਸ ਦੀ ਪ੍ਰਦੇਸ਼ ਇਕਾਈ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਆਖੀ ਹੈ। ਉਨ੍ਹਾਂ ਦਿੱਲੀ ਦੇ ਕਾਂਗਰਸ ਆਗੂਆਂ ਸਹਿਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ‘‘ ਅਸੀਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗੇ ਅਤੇ ਇਕੱਲੇ ਚੋਣਾਂ ਲੜ ਕੇ ਮਜ਼ਬੂਤ ਹੋ ਕੇ ਨਿੱਤਰਾਂਗੇ।’’ ਪਾਰਟੀ ਸੂਤਰਾਂ ਨੇ ਦੱਸਿਆ ਕਿ ਦੋ ਘੰਟੇ ਚੱਲੀ ਮੀਟਿੰਗ ਵਿਚ ਸ੍ਰੀ ਗਾਂਧੀ ਨੇ ਕਾਂਗਰਸ ਆਗੂਆਂ ਨੂੰ ਦੱਸਿਆ ਕਿ ਉਹ ਬਹੁਸੰਮਤੀ ਦੇ ਫ਼ੈਸਲੇ ਨਾਲ ਜਾਣਗੇ ਅਤੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਇਕੱਲੇ ਲੜਦੀ ਹੈ ਤਾਂ ਉਹ ਤਿਆਰ ਹਨ ਅਤੇ ਕਿਸੇ ਵੀ ਦਬਾਅ ਹੇਠ ਨਹੀਂ ਆਉਣਗੇ। ਇਸ ਤੋਂ ਬਾਅਦ ਉਨ੍ਹਾਂ ਹਰੇਕ ਆਗੂ ਦੀ ਰਾਏ ਜਾਣੀ ਅਤੇ ਬਹੁਗਿਣਤੀ ਨੇ ‘ਆਪ’ ਨਾਲ ਗੱਠਜੋੜ ਨਾ ਕਰਨ ਦੀ ਪੈਰਵੀ ਕੀਤੀ।
ਇਸ ਦੌਰਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਕਾਂਗਰਸ ਦੀ ਭਾਜਪਾ ਨਾਲ ਗੰਢਤੁਪ ਹੋ ਗਈ ਹੈ ਕਿ ਅਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ‘‘ਨਾਪਾਕ ਗੱਠਜੋੜ’’ ਦਾ ਮੁਕਾਬਲਾ ਕਰਨ ਲਈ ਤਿਆਰ ਹੈ। ਕੇਜਰੀਵਾਲ ਨੇ ਇਕ ਟਵੀਟ ਵਿਚ ਕਿਹਾ ‘‘ ਅਜਿਹੇ ਵਕਤ ਜਦੋਂ ਸਮੁੱਚਾ ਦੇਸ਼ ਮੋਦੀ-ਸ਼ਾਹ ਜੋੜੀ ਨੂੰ ਹਰਾਉਣਾ ਚਾਹੁੰਦਾ ਹੈ ਤਾਂ ਕਾਂਗਰਸ ਭਾਜਪਾ ਵਿਰੋਧੀ ਵੋਟਾਂ ਨੂੰ ਵੰਡ ਕੇ ਭਾਜਪਾ ਦੀ ਮਦਦ ਕਰ ਰਹੀ ਹੈ। ਅਫ਼ਵਾਹਾਂ ਤਾਂ ਇਹ ਵੀ ਹਨ ਕਿ ਕਾਂਗਰਸ ਦੀ ਭਾਜਪਾ ਨਾਲ ਕੋਈ ਅੰਦਰਖਾਤੇ ਗੰਢ ਤੁਪ ਹੋ ਗਈ ਹੈ।’’

Real Estate